‘ਆਪ’ ਨੇ ਪੰਜਾਬੀਆਂ ਦੀ ਕਾਬਲੀਅਤ ’ਤੇ ਲਗਾਇਆ ਸਵਾਲੀਆ ਨਿਸ਼ਾਨ : ਸੁਖਜਿੰਦਰ ਸਿੰਘ ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

‘ਆਪ’ ਨੇ ਪੰਜਾਬੀਆਂ ਦੀ ਕਾਬਲੀਅਤ ’ਤੇ ਲਗਾਇਆ ਸਵਾਲੀਆ ਨਿਸ਼ਾਨ : ਸੁਖਜਿੰਦਰ ਸਿੰਘ ਰੰਧਾਵਾ

image

ਚੰਡੀਗੜ੍ਹ, 21 ਮਾਰਚ (ਪਪ) : ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਚੋਣਾਂ ਲਈ ਐਲਾਨੇ ਗਏ ਉਮੀਦਵਾਰਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ। ਇਸ ਦੌਰਾਨ ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਅਤੇ ਪੰਜਾਬੀਆਂ ਦੀ ਕਾਬਲੀਅਤ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। 
  ਉਹਨਾਂ ਟਵੀਟ ਕਰਦਿਆਂ ਲਿਖਿਆ, “ਰਾਜ ਸਭਾ ਲਈ ਬਾਹਰੀ ਲੋਕਾਂ ਨੂੰ ਲਿਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਦੀ ਕਾਬਲੀਅਤ ‘ਤੇ ਸਵਾਲੀਆ ਨਿਸਾਨ ਲਗਾ ਦਿੱਤਾ ਹੈ। ਪੰਜਾਬ ਦਾ ਦਰਦ ਸਿਰਫ ਪੰਜਾਬੀ ਹੀ ਸਮਝ ਸਕਦੇ ਹਨ, ਕੋਈ ਬਾਹਰੀ ਨਹੀਂ”। ਉਹਨਾਂ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ। ਇਹ ਪੰਜਾਬ ਦੀ ਬਦਕਿਸਮਤੀ ਹੈ ਕਿ ਜਿਹਾਂ ਲੋਕਾਂ ਨੇ ਵਿਸ਼ਵਾਸ ਕਰਕ ਸਰਕਾਰ ਬਣਾਈ, ਉਹਨਾਂ ਨੂੰ ਛੱਡ ਕੇ ਬਾਹਰੀ ਲੋਕਾਂ ਨੂੰ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਬੀਤੇ ਦਿਨ ਅਰਵਿੰਦ ਕੇਜਰੀਵਾਲ ਵਲੋਂ ਵਿਧਾਇਕਾਂ ਨੂੰ ਦਿੱਤੀ ਨਸੀਹਤ ’ਤੇ ਪ੍ਰਤੀਕਿਰਿਆ ਦਿੱਤੀ ਹੈ। ਮੀਡੀਆ ਨਾਲ ਗੱਲ ਕਰਦਿਆਂ ਰੰਧਾਵਾ ਨੇ ਕਿਹਾ ਕਿ ਡਰਾ ਕੇ ਕਦੇ ਵੀ ਸਿਆਸਤ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਡਰਾ ਕੇ ਸਰਕਾਰਾਂ ਚੱਲਦੀਆਂ ਹਨ।  ਬਿਕਰਮ ਮਜੀਠੀਆ ਡਰੱਗ ਮਾਮਲੇ ਵਿਚ ਬਣਾਈ ਗਈ ਨਵੀਂ ਸਿੱਟ ਸਬੰਧੀ ਰੰਧਾਵਾ ਨੇ ਕਿਹਾ ਕਿ ਜਿਸ ਦਿਨ ਬਿਕਰਮ ਮਜੀਠੀਆ ਖਿਲਾਫ਼ ਐਫਆਈਆਰ ਦਰਜ ਹੋਈ ਸੀ, ਉਸੇ ਦਿਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਕਮਜ਼ੋਰ ਐਫਆਈਆਰ ਹੈ ਪਰ ਅੱਜ ਦੀ ਉਹ ਐਫਆਈਆਰ ਸਟੈਂਡ ਕਰ ਰਹੀ ਹੈ। ਇਸ ਸਬੰਧੀ ਅਰਵਿੰਦ ਕੇਜਰੀਵਾਲ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਨਵੀਂ ਸਿੱਟ ਵਲੋਂ ਮਜੀਠੀਆ ਕੋਲੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ।