‘ਆਪ’ ਨੇ ਰਾਘਵ ਚੱਢਾ, ਪ੍ਰੋ. ਸੰਦੀਪ, ਹਰਭਜਨ ਸਿੰਘ, ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਇਆ

ਏਜੰਸੀ

ਖ਼ਬਰਾਂ, ਪੰਜਾਬ

‘ਆਪ’ ਨੇ ਰਾਘਵ ਚੱਢਾ, ਪ੍ਰੋ. ਸੰਦੀਪ, ਹਰਭਜਨ ਸਿੰਘ, ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਇਆ

image

3 ਉਮੀਦਵਾਰ ਪੰਜਾਬ ਤੋਂ ਬਾਹਰ ਦੇ, 2 ਜਲੰਧਰ ਅਤੇ 1 ਹਰਿਆਣਾ ਨਾਲ ਸਬੰਧਤ
 

ਚੰਡੀਗੜ੍ਹ, 21 ਮਾਰਚ (ਗੁਰਉਪਦੇਸ਼ ਭੁੱਲਰ): ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਖ਼ਾਲੀ ਹੋਈਆਂ 5 ਰਾਜ ਸਭਾ ਸੀਟਾਂ ਲਈ ਅੱਜ ਉਮੀਦਵਾਰ ਐਲਾਨ ਦਿਤੇ ਹਨ। ਦਿੱਲੀ ਦੇ ਵਿਧਾਇਕ ਤੇ ਪੰਜਾਬ ‘ਆਪ’ ਦੇ ਸਹਿ ਇੰਚਾਰਜ ਰਾਘਵ ਚੱਢਾ, ਜਲੰਧਰ ਦੇ ਰਹਿਣ ਵਾਲੇ ਪ੍ਰਸਿੱਧ ਕ੍ਰਿਕਟਰ ਹਰਭਜਨ ਸਿੰਘ ਭੱਜੀ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਜਲੰਧਰ ਦੇ ਹੀ ਵੀ.ਸੀ. ਅਸ਼ੋਕ ਮਿੱਤਲ, ਹਰਿਆਣਾ ਦੇ ਉਦਯੋਗਪਤੀ ਸੰਜੀਵ ਅਰੋੜਾ ਅਤੇ ਆਈ.ਆਈ. ਟੀ ਦਿੱਲੀ ਦੇ ਪ੍ਰੋ. ਸੰਦੀਪ ਪਾਠਕ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਨ੍ਹਾਂ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਚੋਣ ਅਧਿਕਾਰੀ ਕੋਲ ਮੁੱਖ ਮੰਤਰੀ ਭਗਵੰਤ ਮਾਨ, ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ‘ਆਪ’ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਮੌਜੂਦਗੀ ਵਿਚ ਕਾਗ਼ਜ਼ ਭਰੇ। 31 ਮਾਰਚ ਨੂੰ ਵੋਟਾਂ ਪੈਣੀਆਂ ਹਨ ਪਰ ਇਨ੍ਹਾਂ ਦਾ ਬਿਨਾਂ ਮੁਕਾਬਲਾ ਚੁਣੇ ਜਾਣਾ ਤੈਅ ਹੈ ਕਿਉਂਕਿ ਮੁਕਾਬਲੇ ਵਿਚ ਹੋਰ ਕੋਈ ਉਮੀਦਵਾਰ ਨਹੀਂ। ਅੱਜ ਕਾਗ਼ਜ਼ ਭਰਨ ਦਾ ਅੰਤਮ ਦਿਨ ਸੀ। ਹੁਣ ਸਿਰਫ਼ ਇਨ੍ਹਾਂ ਨੂੰ ਰਸਮੀ ਤੌਰ ’ਤੇ ਜੇਤੂ ਐਲਾਨੇ ਜਾਣਾ ਬਾਕੀ ਹੈ। ਰਾਘਵ ਚੱਢਾ ਜਿਨ੍ਹਾਂ ਦੀ ਪੰਜਾਬ ਚੋਣਾਂ ਵਿਚ ਅਹਿਮ ਭੂਮਿਕਾ ਰਹੀ ਅਤੇ ਉਨ੍ਹਾਂ ਦਾ ਪਿਛੋਕੜ ਵੀ ਪੰਜਾਬ ਦਾ ਹੈ, 33 ਸਾਲ ਦੀ ਉਮਰ ਦੇ ਹੋਣ ਕਾਰਨ ਦੇਸ਼ ਦੇ ਸੱਭ ਤੋਂ ਛੋਟੀ ਉਮਰ ਦੇ ਰਾਜ ਸਭਾ ਮੈਂਬਰ ਹੋਣਗੇ। ਪ੍ਰੋ. ਸੰਦੀਪ ਪਾਠਕ ਵੀ ਪੰਜਾਬ ਦੀਆਂ ਚੋਣਾਂ ਵਿਚ ‘ਆਪ’ ਦੀ ਪਿੱਛੇ ਰਹਿ ਕੇ ਰਣਨੀਤੀ ਬਣਾਉਣ ਵਿਚ ਅਹਿਮ ਯੋਗਦਾਨ ਰਿਹਾ ਹੈ ਜਿਸ ਕਰ ਕੇ ਉਨ੍ਹਾਂ ਨੂੰ ਰਾਜ ਸਭਾ ਦੀ ਟਿਕਟ ਦਿਤੀ ਗਈ ਹੈ। 
ਕ੍ਰਿਕਟਰ ਹਰਭਜਨ ਸਿੰਘ ਨੇ ਦੁਨੀਆਂ ਭਰ ਵਿਚ ਕ੍ਰਿਕਟ ਰਾਹੀਂ ਪੰਜਾਬ ਦਾ ਨਾਂ ਚਮਕਾਇਆ ਹੈ। ਭਗਵੰਤ ਮਾਨ ਨਾਲ ਨੇੜਲੇ ਸਬੰਧ ਹੋਣ ਦਾ ਉਨ੍ਹਾਂ ਨੂੰ ਫ਼ਾਇਦਾ ਮਿਲਿਆ ਹੈ। ਲਵਲੀ ਯੂਨੀਵਰਸਿਟੀ ਦੇ ਵੀ.ਸੀ. ਤੇ ਮਾਲਕ ਅਸ਼ੋਕ ਮਿੱਤਲ ਲਾਅ ਗਰੈਜੂਏਟ ਹਨ ਅਤੇ ਉਨ੍ਹਾਂ ਦੇ ਪਿਤਾ ਦਾ ਮਿਠਾਈ ਦਾ ਵੱਡਾ ਕਾਰੋਬਾਰ ਸੀ ਜਿਸ ਨੂੰ ਉਨ੍ਹਾਂ ਆਟੋ ਡੀਲਰਸ਼ਿਪ ਅਤੇ ਸਿਖਿਆ ਖੇਤਰ ਤਕ ਵਧਾਇਆ। ਰਾਜ ਸਭਾ ਲਈ ‘ਆਪ’ ਦੇ ਇਕ ਹੋਰ ਉਮੀਦਵਾਰ ਸੰਜੀਵ ਅਰੋੜਾ ਜੋ ਲੁਧਿਆਣਾ ਦੇ ਉਦਯੋਗਪਤੀ ਹਨ, ਮਾਤਾ ਪਿਤਾ ਦੀ ਕੈਂਸਰ ਨਾਲ ਮੌਤ ਬਾਅਦ ਬਰੈਸਟ ਕੈਂਸਰ ਚੈਰੀਟੇਬਲ ਟਰੱਸਟ ਚਲਾਉਂਦੇ ਹਨ।