CM ਨੇ ਪੁੱਛਿਆ ਕਦੋਂ ਹੁੰਦਾ ਹੈ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ? ਰਾਜਾ ਵੜਿੰਗ ਨੂੰ ਨਹੀਂ ਆਇਆ ਜਵਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੜਿੰਗ ਚੁੱਪ ਰਹੇ ਤਾਂ CM ਮਾਨ ਨੇ ਕਿਹਾ ਕਿ ਕਮਾਲ ਹੈ? 28 ਸਤੰਬਰ ਨੂੰ ਹੁੰਦਾ ਹੈ।

File Photo

 

 ਚੰਡੀਗੜ੍ਹ - ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ 'ਚ ਮਸ਼ਹੂਰ ਟਰਾਂਸਪੋਰਟ ਮੰਤਰੀ ਰਹੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਨ ਸਭਾ 'ਚ ਉਸ ਸਮੇਂ ਪਾਣੀ ਪਾਣੀ ਹੋ ਗਏ ਜਦੋਂ ਉਹਨਾਂ ਨੂੰ ਸ਼ਹੀਦੇ-ਆਜ਼ਮ ਭਗਤ ਸਿੰਘ ਦੀ ਜਨਮ ਤਾਰੀਕ ਪੁੱਛੇ ਜਾਣ ਤੋਂ ਬਾਅਦ ਉਹਨਾਂ ਕੋਈ ਜਵਾਬ ਨਹੀਂ ਆਇਆ। ਉਹ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਤਰੀਕ ਨਹੀਂ ਦੱਸ ਸਕੇ।

ਹੋਇਆ ਇਹ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਬਰਸੀ ਮੌਕੇ 23 ਮਾਰਚ ਨੂੰ ਪੂਰੇ ਸੂਬੇ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਜਿਸ ਤੋਂ ਬਬਾਅਦ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਛੁੱਟੀ ਨਹੀਂ ਹੋਣੀ ਚਾਹੀਦੀ। ਇਸ ਦੀ ਬਜਾਏ ਬੱਚਿਆਂ ਨੂੰ ਸਕੂਲਾਂ ਵਿਚ ਬੁਲਾ ਕੇ ਉਹਨਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਸੀਐਮ ਮਾਨ ਨੇ ਉਨ੍ਹਾਂ ਤੋਂ ਭਗਤ ਸਿੰਘ ਦੇ ਜਨਮ ਦਿਨ ਬਾਰੇ ਪੁੱਛਿਆ।

ਰਾਜਾ ਵੜਿੰਗ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਜਾਗਰੂਕਤਾ ਫੈਲਾਉਣ ਦੇ ਸਵਾਲ 'ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਗੱਲ ਮੇਰੇ ਵੀ ਧਿਆਨ ਵਿਚ ਹੈ। ਇਸ ਤੋਂ ਬਾਅਦ ਅਚਾਨਕ ਭਗਵੰਤ ਮਾਨ ਨੇ ਰਾਜਾ ਵੜਿੰਗ ਨੂੰ ਪੁੱਛਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੈ? ਵੜਿੰਗ ਚੁੱਪ ਰਹੇ ਤਾਂ CM ਮਾਨ ਨੇ ਕਿਹਾ ਕਿ ਕਮਾਲ ਹੈ? 28 ਸਤੰਬਰ ਨੂੰ ਹੁੰਦਾ ਹੈ। ਉਸ ਦਿਨ ਉਸ ਦੇ ਜੀਵਨ ਬਾਰੇ ਨਾਟਕ ਅਤੇ ਕੋਰੀਓਗ੍ਰਾਫ਼ੀ ਹੁੰਦੀ ਹੈ। ਮਾਨ ਨੇ ਕਿਹਾ ਕਿ ਹੁਣ ਅੱਗੇ ਲਈ ਨੋਟ ਕਰੋ, ਉਹਨਾਂ ਦਾ ਜਨਮ 28 ਸਤੰਬਰ ਨੂੰ ਹੋਇਆ ਸੀ। 

ਮਾਨ ਨੇ ਇਹ ਵੀ ਕਿਹਾ ਕਿ ਇਹ ਛੁੱਟੀ ਇਸ ਲਈ ਹੈ ਕਿ ਲੋਕ ਖ਼ਾਸ ਕਰਕੇ ਨੌਜਵਾਨ ਸ਼ਹੀਦ ਭਗਤ ਸਿੰਘ ਨੂੰ ਹੁਸੈਨੀਵਾਲਾ ਜਾਂ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਜਾ ਕੇ ਸ਼ਰਧਾਂਜਲੀ ਭੇਟ ਕਰ ਸਕਣ। ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੀ.ਐਮ ਮਾਨ ਨੇ ਕਿਹਾ ਕਿ ਪਿਛਲੀ ਵਾਰ ਕਾਂਗਰਸ ਸਰਕਾਰ ਨੇ ਛੁੱਟੀ ਬਦਲ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਾਰੀਆਂ ਸਰਕਾਰਾਂ ਦੇ ਸਿਰ ਸ਼ਹੀਦ ਭਗਤ ਸਿੰਘ ਅੱਗੇ ਝੁਕਦੇ ਹਨ। ਮੈਂ ਛੁੱਟੀ ਕਰਨਾ ਉਚਿਤ ਨਹੀਂ ਸਮਝਦਾ।

ਉਨ੍ਹਾਂ ਕਿਹਾ ਕਿ ਇਸ ਨਾਲ ਭਗਤ ਸਿੰਘ ਨੂੰ ਸ਼ਰਧਾਂਜਲੀ ਨਹੀਂ ਮਿਲੇਗੀ। ਚੰਗਾ ਹੋਵੇਗਾ ਜੇਕਰ ਛੁੱਟੀ ਦੀ ਬਜਾਏ ਸਕੂਲ-ਕਾਲਜ ਅਤੇ ਦਫ਼ਤਰ ਵਿੱਚ ਸ਼ਹੀਦ ਭਗਤ ਸਿੰਘ ਬਾਰੇ ਦੱਸਿਆ ਜਾਵੇ। ਉਹਨਾਂ ਨੇ ਕੁਰਬਾਨੀ ਕਿਵੇਂ ਦਿੱਤੀ ਅਤੇ ਉਹ ਜੇਲ੍ਹ ਵਿਚ ਕਿੱਥੇ ਰਹੇ? ਸਾਡੇ ਲੋਕਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੋਵੇਗਾ।