ਸਿਹਤ ਵਿਭਾਗ ਪੰਜਾਬ ਵੱਲੋਂ ਵਿਸ਼ਵ ਟੀ.ਬੀ. ਦਿਵਸ ਸਬੰਧੀ ਕਰਵਾਇਆ ਗਿਆ ਸਹੁੰ ਚੁੱਕ ਸਮਾਗਮ
ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ : ਡਾ. ਜੀ.ਬੀ. ਸਿੰਘ
ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਵਿਸ਼ਵ ਟੀ.ਬੀ. ਦਿਵਸ ਜੋ ਕਿ ਹਰ ਸਾਲ 24 ਮਾਰਚ ਦੇ ਦਿਨ ਮਨਾਇਆ ਜਾਂਦਾ ਹੈ। ਇਸ ਦੇ ਸਬੰਧ ਵਿੱਚ ਸੈਕਟਰ 34-ਏ ਚੰਡੀਗੜ੍ਹ ਵਿਖੇ ਸਥਿਤ ਵਿਭਾਗ ਦੇ ਮੁੱਖ ਦਫ਼ਤਰ ਦੇ ਕਾਨਫ਼ਰੰਸ ਹਾਲ ਵਿੱਚ ਟੀ.ਬੀ. ਹਾਰੇਗਾ ਅਤੇ ਦੇਸ਼ ਜਿੱਤੇਗਾ ਦੇ ਨਾਅਰੇ ਨਾਲ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਡਾ. ਜੀ.ਬੀ. ਸਿੰਘ ਜੀ ਦੀ ਅਗਵਾਈ ਵਿੱਚ ਟੀ.ਬੀ. ਦੇ ਵਿਰੁੱਧ ਜੰਗ ਜਿੱਤਣ ਲਈ ਇੱਕ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਡਾਇਰੈਕਟਰ ਪਰਿਵਾਰ ਭਲਾਈ ਪੰਜਾਬ ਡਾ. ਓ.ਪੀ. ਗੋਜਰਾ,ਸਮੂਹ ਡਿਪਟੀ ਡਾਇਰੈਕਟਰ,ਸਟੇਟ ਨੋਡਲ ਅਫ਼ਸਰ (ਟੀ.ਬੀ.) ਡਾ. ਕਿਰਨ ਛਾਬੜਾ, ਸਮੂਹ ਸਹਾਇਕ ਡਾਇਰੈਕਟਰ ਅਤੇ ਮੁੱਖ ਦਫ਼ਤਰ ਦੇ ਸਮੂਹ ਅਧਿਕਾਰੀ/ਕਰਮਚਾਰੀ ਹਾਜ਼ਰ ਸਨ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਬੋਲਦਿਆਂ ਡਾ. ਜੀ.ਬੀ. ਸਿੰਘ ਨੇ ਦੱਸਿਆ ਕਿ ਰਾਸ਼ਟਰੀ ਟੀ.ਬੀ. ਮੁਕਤ ਅਭਿਆਨ ਤਹਿਤ ਭਾਰਤ ਵਿੱਚ ਸਾਲ 2025 ਤੱਕ ਟੀ.ਬੀ. ਦੀ ਬਿਮਾਰੀ ਨੂੰ ਖ਼ਤਮ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਇੱਕ ਛੂਤ ਦੀ ਬਿਮਾਰੀ ਹੈ ਜੋ ਕਿ ਪੂਰੀ ਤਰ੍ਹਾਂ ਨਾਲ਼ ਇਲਾਜਯੋਗ ਹੈ। ਇਸ ਸਾਲ ਦਾ ਟੀ.ਬੀ. ਦਿਵਸ ਦਾ ਥੀਮ 'ਟੀ.ਬੀ. ਦੇ ਖ਼ਾਤਮੇ ਲਈ ਪ੍ਰਤੀਬੱਧ ਹੋਈਏ ਅਤੇ ਜਾਨਾਂ ਬਚਾਈਏ' ਹੈ । ਪੰਜਾਬ ਦੇ ਸਿਹਤ ਵਿਭਾਗ ਦੀ ਟੀ.ਬੀ. ਦੇ ਖ਼ਾਤਮੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੇ ਤਿੰਨ ਜਿਲ੍ਹਿਆਂ ਨੂੰ ਟੀ.ਬੀ. ਦੇ ਨਵੇਂ ਕੇਸ ਲੋਡ ਵਿੱਚ 20 ਪ੍ਰਤੀਸ਼ਤ ਤੋਂ ਜ਼ਿਆਦਾ ਕਮੀ ਲਿਆਉਣ ਲਈ ਕਾਂਸੇ ਦੀ ਸ਼੍ਰੇਣੀ ਨਾਲ ਨਿਵਾਜਿਆ ਗਿਆ ਹੈ ਅਤੇ ਹੁਣ ਪੰਜ ਹੋਰ ਜਿਲ੍ਹਿਆਂ ਨੂੰ ਵੀ ਇਸ ਸ਼੍ਰੇਣੀ ਵਿੱਚ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਵਿਸ਼ਵ ਟੀ.ਬੀ. ਦਿਵਸ ਦੇ ਮੌਕੇ ਤੇ ਸਿਹਤ ਵਿਭਾਗ ਪੰਜਾਬ ਨੂੰ ਇਸ ਉਪਲਬਧੀ ਲਈ ਸਨਮਾਨਿਤ ਕੀਤਾ ਜਾਵੇਗਾ।
ਸਮਾਗਮ ਦੌਰਾਨ ਡਾ.ਜੀ.ਬੀ. ਸਿੰਘ ਵੱਲੋਂ ਸਮੂਹ ਹਾਜਰੀਨ ਨੂੰ ਟੀ.ਬੀ. ਦੇ ਖ਼ਾਤਮੇ ਵਿੱਚ ਆਪਣਾ ਯੋਗਦਾਨ ਪਾਉਣ ਬਾਰੇ ਸਹੁੰ ਚੁਕਾਈ ਗਈ ਅਤੇ ਟੀ.ਬੀ. ਵਿਰੁੱਧ ਇੱਕ ਹਸਤਾਖਰ ਮੁਹਿੰਮ ਦੀ ਵੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਟੀ.ਬੀ. ਦੀ ਬਿਮਾਰੀ ਬਾਰੇ ਖਾਸ ਤੌਰ ਤੇ ਬੱਚਿਆਂ ਅਤੇ ਆਮ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਇੱਕ ਲੂਡੋ ਖੇਡ ਵੀ ਜਾਰੀ ਕੀਤੀ ਗਈ।
ਇਸ ਮੌਕੇ ਸਟੇਟ ਟੀ.ਬੀ. ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਟੀ.ਬੀ. ਦੇ ਇਲਾਜ ਲਈ ਮਿਲਣ ਵਾਲੀਆਂ ਜਾਂਚ ਸੁਵਿਧਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟੀ.ਬੀ. ਦੀ ਵਧੇਰੇ ਸਹੀ ਅਤੇ ਜਲਦੀ ਜਾਂਚ ਲਈ ਪੰਜਾਬ ਰਾਜ ਦੇ ਸਾਰੇ ਜਿਲ੍ਹਿਆਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸੀ.ਬੀ.ਨੈਟ ਅਤੇ ਟਰੂਨੈਟ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ। ਇਸ ਬਿਮਾਰੀ ਦੀ ਗੰਭੀਰਤਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਟੀ.ਬੀ. ਕਾਰਨ ਮੌਤਾਂ ਦੇ ਮਾਮਲੇ ਵਿੱਚ, ਕੋਵਿਡ-19 ਤੋਂ ਬਾਅਦ ਟੀ.ਬੀ. ਦੂਜੀ ਸਭ ਤੋਂ ਖਤਰਨਾਕ ਛੂਤ ਦੀ ਬਿਮਾਰੀ ਹੈ।
ਇਸ ਲਈ ਇਸ ਬਿਮਾਰੀ ਦੀ ਤੋਂ ਬਚਾਅ ਲਈ ਸਾਨੂੰ ਸਭ ਨੂੰ ਜਾਰਗੂਕ ਹੋਣ ਦੀ ਲੋੜ ਹੈ। ਸਮਾਗਮ ਦੌਰਾਨ, ਟੀ.ਬੀ. ਦੇ ਖਾਤਮੇ ਲਈ ਸਿਹਤ ਵਿਭਾਗ ਪੰਜਾਬ ਦੇ ਨਾਲ਼ ਸਹਿਯੋਗ ਕਰ ਰਹੀਆਂ ਐਨ.ਜੀ.ਓ. ਯੂਨਾਈਟ ਟੂ ਐਕਟ, ਗਲੋਬਲ ਫ਼ੰਡ ਪਾਰਟਨਰ ਅਤੇ ਵਰਡ ਹੈਲਥ ਪਾਰਟਨਰ ਦੇ ਨੁਮਾਇਂਦਿਆਂ ਵੱਲੋਂ ਵੀ ਆਪਣੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਟੀ.ਬੀ. ਦੀ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਟੀ.ਬੀ. ਚੈਂਪੀਅਨਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਵਿਭਾਗ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।