ਕੁਲਤਾਰ ਸਿੰਘ ਸੰਧਵਾਂ ਸਰਬਸੰਮਤੀ ਨਾਲ ਚੁਣੇ 16ਵੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ
ਕੁਲਤਾਰ ਸਿੰਘ ਸੰਧਵਾਂ ਸਰਬਸੰਮਤੀ ਨਾਲ ਚੁਣੇ 16ਵੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ
ਚੰਡੀਗੜ੍ਹ, 21 ਮਾਰਚ (ਗੁਰਉਪਦੇਸ਼ ਭੁੱਲਰ) : ਕੋਟਕਪੂਰਾ ਹਲਕੇ ਤੋਂ ਦੂਜੀ ਵਾਰ ‘ਆਪ’ ਦੀ ਟਿਕਟ ਉਪਰ ਵਿਧਾਇਕ ਚੁਣੇ ਗਏ ਕੁਲਤਾਰ ਸਿੰਘ ਸੰਧਵਾਂ 16ਵੀਂ ਪੰਜਾਬ ਵਿਧਾਨ ਸਭਾ ਦੇ ਨਵੇਂ ਸਪੀਕਰ ਚੁਣੇ ਗਏ ਹਨ। ਇਹ ਚੋਣ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਹੋਈ।
ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਬਸਪਾ ਨੇ ਵੀ ਉਨ੍ਹਾਂ ਦਾ ਸਮਰਥਨ ਕੀਤਾ। ਸਦਨ ’ਚ ਹਾਊਸ ਦੇ ਨੇਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਧਵਾਂ ਦਾ ਨਾਂ ਪੇਸ਼ ਕੀਤਾ ਅਤੇ ਇਸ ਦੀ ਤਾਈਦ ਹਰਪਾਲ ਸਿੰਘ ਚੀਮਾ ਨੇ ਕੀਤੀ। ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਸਮਰਥਨ ਦੇ ਐਲਾਨ ਬਾਅਦ ਸਪੀਕਰ ਡਾ. ਇੰਦਰਜੀਤ ਸਿੰਘ ਨਿੱਧੂਰ ਨੈ ਉਨ੍ਹਾਂ ਨੂੰ ਜੇਤੂ ਐਲਾਨਿਆ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਖ਼ੁਦ ਸਪੀਕਰ ਦੀ ਚੇਅਰ ਉਪਰ ਬਿਰਾਜਮਾਨ ਕੀਤਾ।
ਇਸ ਮੌਕੇ ਸਦਨ ’ਚ ਅਪਣੇ ਵਿਚਾਰ ਪੇਸ਼ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਹੁਤ ਖ਼ੁਸ਼ੀ ਹੋਈ ਹੈ ਕਿ ਲੋਕਤੰਤਰੀ ਪ੍ਰਣਾਲੀ ਤਹਿਤ ਇਕ ਆਮ ਘਰ ਦੇ ਚੁਣੇ ਗਏ ਮੈਂਬਰਾਂ ’ਚੋਂ ਸਪੀਕਰ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਪੀਕਰ ਦਾ ਅਹੁਦਾ ਬਹੁਤ ਵੱਡਾ ਤੇ ਅਹਿਮ ਹੁੰਦਾ ਹੈ। ਸਪੀਕਰ ਵਿਧਾਨ ਸਭਾ ਦੇ ਹਾਊਸ ਦਾ ਰਾਖਾ ਹੁੰਦਾ ਹੈ ਅਤੇ ਉਮੀਦ ਪ੍ਰਗਟ ਕੀਤੀ ਕਿ ਸੰਧਵਾਂ ਸੱਭ ਨੂੰ ਬਰਾਬਰ ਦੇ ਮੌਕੇ ’ਤੇ ਸਵਾਲ ਰੱਖਣ ਦਾ ਸਮਾਂ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ
ਦੇ ਅਹੁਦਿਆਂ ’ਤੇ ਰਹੇ ਸ. ਕਪੂਰ ਸਿੰਘ ਵਰਗਿਆਂ ਦੀਆਂ ਰਵਾਇਤਾਂ ਨੂੰ ਕਾਇਮ ਰਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰੀ ਸਿਸਟਮ ’ਚ ਆਜ਼ਾਦ ਪ੍ਰੈੱਸ ਦੀ ਭੂਮਿਕਾ ਵੀ ਅਹਿਮ ਹੈ ਅਤੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਭਵਿੱਖ ’ਚ ਵਿਧਾਨ ਸਭਾ ਦੀ ਪੂਰੀ ਕਾਰਵਾਈ ਦਾ ਸੰਸਦ ਵਾਂਗ ਟੈਲੀਵਿਜ਼ਨਾਂ ਰਾਹੀਂ ਸਿੱਧਾ ਪ੍ਰਸਾਰਣ ਹੋਇਆ ਕਰੇਗਾ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਨੂੰ ਚੁਣੇ ਹੋਏ ਆਗੂ ਕੀ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕਾਂ ਨੂੰ ਕਾਰਵਾਈ ਦੀ ਆਡੀਉ-ਵੀਡੀਉ ਰਿਕਾਰਡਿੰਗ ਵੀ ਮੁਹਈਆ ਕਰਵਾਈ ਜਾਵੇਗੀ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਪੰਜਾਬ ਵਿਧਾਨ ਸਭਾ ਭਵਿੱਖ ’ਚ ਦੇਸ਼ ’ਚ ਇਕ ਮਿਸਾਲ ਬਣੇਗੀ। ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਸਪੀਕਰ ਚੁਣੇ ਜਾਣ ’ਤੇ ਕਿਹਾ ਕਿ ਉਹ ਸਭ ਦਾ ਦਿਲ ਦੀਆਂ ਗਹਿਰਾਈਆਂ ’ਚੋਂ ਧਨਵਾਦ ਕਰਦੇ ਹਨ। ਦਿਤੀ ਗਈ ਵੱਡੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਮੂਹ ਮੈਂਬਰਾਂ ਦੀਆਂ ਉਮੀਦਾਂ ਉਪਰ ਨਿਰਪੱਖ ਰਹਿ ਕੇ ਖਰਾ ਉਤਰਾਂਗਾ ਕਿਉਂਕਿ ਹੁਣ ਮੈਂ ਸੱਭ ਪਾਰਟੀਆਂ ਦਾ ਸਪੀਕਰ ਹਾਂ। ਉਨ੍ਹਾਂ ਅਰਵਿੰਦ ਕੇਜਰੀਵਾਲ, ਰਾਘਵ ਚੱਢਾ ਅਤੇ ਭਗਵੰਤ ਮਾਨ ਦਾ ਸਪੀਕਰ ਵਜੋਂ ਚੁਣਨ ਲਈ ਵਿਸ਼ੇਸ ਧਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬੀਆਂ ਨੇ ਨਵਾਂ ਇਤਿਹਾਸ ਸਿਰਜਿਆ ਹੈ। ਸਦਨ ’ਚ ਡਾਕਟਰ, ਵਕੀਲ, ਇੰਜੀਨੀਅਰ, ਦੁਕਾਨਦਾਰ, ਵਪਾਰੀ ਤੇ ਮਜ਼ਦੂਰਾਂ ਸਮੇਤ ਸੱਭ ਵਰਗਾਂ ਦੇ ਨੁਮਾਇੰਦੇ ਚੁਣ ਕੇ ਭੇਜੇ ਹਨ। ਨਿਯਮਾਂ ਮੁਤਾਬਕ ਸੰਸਦੀ ਰਵਾਇਤਾਂ ਤੇ ਮਰਿਆਦਾ ਨੂੰ ਕਾਇਮ ਰਖਦਿਆਂ ਨਿੱਗਰ ਤੇ ਉਸਾਰੂ ਬਹਿਸ ਲਈ ਸੱਭ ਨੂੰ ਬਿਨਾ ਪੱਖਪਾਤ ਮੌਕੇ ਦੇ ਕੇ ਸਦਨ ’ਚ ਮਾਹੌਲ ਬਣਾਇਆ ਜਾਵੇਗਾ।
ਵੱਖ-ਵੱਖ ਮੈਂਬਰਾਂ ਨੇ ਵੀ ਰੱਖੇ ਵਿਚਾਰ : ਸਪੀਕਰ ਦੀ ਚੋਣ ਤੋਂ ਬਾਅਦ ਸਾਰੀਆਂ ਹੀ ਪਾਰਟੀਆਂ ਦੇ ਮੈਂਬਰਾਂ ਨੇ ਸੰਧਵਾਂ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਅਪਣੇ ਉਸਾਰੂ ਵਿਚਾਰ ਰੱਖੇ। ਕਾਂਗਰਸ ਦੇ ਸੀਨੀਅਰ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਖ਼ੁਸ਼ੀ ਦੀ ਗੱਲੀ ਹੈ ਕਿ ਸੰਧਵਾਂ ਸਵਰਗੀ ਗਿਆਨੀ ਜ਼ੈਲ ਸਿੰਘ ਦੇ ਪਰਵਾਰ ਨਾਲ ਸਬੰਧਤ ਹਨ ਅਤੇ ਉਹ ਵੀ ਇਕ ਆਮ ਘਰ ’ਚੋਂ ਉਠ ਕੇ ਰਾਸ਼ਟਰਪਤੀ ਦੇ ਅਹੁਦੇ ਤਕ ਪੁੱਜੇ ਸਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ 16ਵੀਂ ਵਿਧਾਨ ਸਭਾ ’ਚ ਬੜੀ ਵਧੀਆ ਸ਼ੁਰੂਆਤ ਹੋਈ ਹੈ ਅਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਉਸਾਰੂ ਤਰੀਕੇ ਨਾਲ ਕੰਮ ਚੱਲਣਾ ਚਾਹੀਦਾ ਹੈ। ਕਾਰਵਾਈ ਦਾ ਸਿੱਧਾ ਪ੍ਰਸਾਰਣ ਹੋਣ ਨਾਲ ਲੋਕਾਂ ਨੂੰ ਅਪਣੇ ਚੁਣੇ ਆਗੂਆਂ ਦੀ ਕਾਰਗੁਜ਼ਾਰੀ ਦਾ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਸੈਸ਼ਨ ਵਧ ਸਮੇਂ ਦੇ ਹੋਣੇ ਚਾਹੀਦੇ ਹਨ ਜੋ 100 ਤੋਂ 150 ਦਿਨ ਤਕ ਚੱਲਣ। ਉਨ੍ਹਾਂ ਕਿਹਾ ਕਿ ਪਾਣੀਆਂ ਤੇ ਬਿਜਲੀ ਵਰਗੇ ਕਈ ਮੁੱਦੇ ਸਾਨੂੰ ਮਿਲ ਕੇ ਉਠਾਉਣ ਦੀ ਲੋੜ ਹੈ।
ਉਨ੍ਹਾਂ ਸਦਨ ’ਚ ‘ਆਪ’ ਵਲੋਂ ਜਿੱਤ ਕੇ ਆਏ ਵੱਡੀ ਗਿਣਤੀ ਨਵੇਂ ਮੈਂਬਰਾਂ ਵਲ ਇਸ਼ਾਰਾ ਕਰਦਿਆਂ ਮੰਨਿਆ ਕਿ ਜਿਨ੍ਹਾਂ ਦੀ ਅਸੀਂ ਕਦਰ ਨਹੀਂ ਪਾਈ ਅੱਜ ਉਨ੍ਹਾਂ ਦੀ ਕਦਰ ਦੂਜੀ ਪਾਰਟੀ ਨੇ ਪਾਈ। ਇਨ੍ਹਾਂ ’ਚ ਕਈ ਮੇਰੇ ਨਾਲ ਕੰਮ ਕਰਦੇ ਰਹੇ, ਜਿਸ ਕਰ ਕੇ ਖ਼ੁਸ਼ੀ ਦੀ ਗੱਲ ਹੈ। ਸੁਖਪਾਲ ਸਿੰਘ ਖਹਿਰਾ ਨੇ ਲੋਕਾਂ ਦੇ ਮੁੱਦਿਆਂ ਉਪਰ ਸਰਕਾਰ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿਤਾ। ਉਨ੍ਹਾਂ ਕਿਹਾ ਕਿ ਵਾਹਿਗੁਰੂ ਸਾਰੇ ਸਦਨ ਨੂੰ ਸੁਮੱਤ ਬਖ਼ਸ਼ੇ ਕਿ ਲੋਕਾਂ ਦੇ ਮਸਲੇ ਮਿਲ ਕੇ ਹੱਲ ਕਰ ਸਕੀਏ। ਜੋ ਪਿਛਲੇ 10 ਸਾਲ ’ਚ ਹੋਇਆ, ਉਹ ਨਾ ਹੋਵੇ।
ਪ੍ਰਗਟ ਸਿੰਘ ਨੇ ਪਿਛਲੇ ਸਮੇਂ ਦੀਆਂ ਗ਼ਲਤੀਆਂ ਸੁਧਾਰ ਕੇ ਉਸਾਰੂ ਤਰੀਕੇ ਨਾਲ ਮਿਲ ਕੇ ਕੰਮ ਕਰਨ ਦੀ ਗੱਲ ਆਖੀ। ‘ਆਪ’ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਦਨ ’ਚ ਗਾਲੀ-ਗਲੋਚ ਤੇ ਤੂੰ-ਤੂੰ ਮੈਂ-ਮੈਂ ਦੀ ਪ੍ਰਥਾ ਖ਼ਤਮ ਕਰਨ ’ਤੇ ਜ਼ੋਰ ਦਿਤਾ। ਭਾਜਪਾ ਦੇ ਅਸ਼ਵਨੀ ਸ਼ਰਮਾ ਅਤੇ ਬਸਪਾ ਦੇ ਇਕਲੋਤੇ ਮੈਂਬਰ ਡਾ. ਨਛੱਤਰਪਾਲ ਨੇ ਵੀ ਸਹੀ ਕੰਮਾਂ ਲਈ ਸਰਕਾਰ ਨੂੰ ਸਹਿਯੋਗ ਦਾ ਵਾਅਦਾ ਕੀਤਾ।
ਇਸ ਤੋਂ ਇਲਾਵਾ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਡਾ. ਸੁਖਵਿੰਦਰ ਸੁੱਖੀ, ‘ਆਪ’ ਦੇ ਪ੍ਰਿੰ. ਬੁਧਰਾਮ, ਅਮਨ ਅਰੋੜਾ, ਡਾ. ਇੰਦਰਜੀਤ ਸਿੰਘ ਨਿੱਝਰ, ਡਾ. ਇੰਦਰਜੀਤ ਕੌਰ ਮਾਨ ਨੇ ਵੀ ਵਿਚਾਰ ਪੇਸ਼ ਕਰਦਿਆਂ ਸੰਧਵਾਂ ਦੀ ਚੋਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸੱਭ ਮੈਂਬਰਾਂ ਨੂੰ ਉਸਾਰੂ ਤਰੀਕੇ ਨਾਲ ਪੰਜਾਬ ਲਈ ਮਿਲ ਕੇ ਕੰਮ ਕਰਨ ਦੀ ਗੱਲ ਆਖੀ।