ਪ੍ਰਤਾਪ ਬਾਜਵਾ ਨੇ CM ਨੂੰ ਲਿਖੀ ਚਿੱਠੀ, ਗੰਨਾ ਕਿਸਾਨਾਂ ਨੂੰ ਬਕਾਇਆ ਰਕਮ ਤੁਰੰਤ ਅਦਾ ਕਰਨ ਦੀ ਕੀਤੀ ਮੰਗ
18 ਮਾਰਚ 2022 ਤੱਕ ਕੋਆਪ੍ਰੇਟਿਵ ਮਿੱਲਾਂ 'ਤੇ 280.70 ਕਰੋੜ ਬਕਾਇਆ ਹੈ
ਚੰਡੀਗੜ੍ਹ - ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅੱਜ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਗੰਨਾ ਕਿਸਾਨਾਂ ਦੇ ਰਹਿੰਦੇ ਬਕਾਏ ਨੂੰ ਤੁਰੰਤ ਜਾਰੀ ਕਰਨ ਨੂੰ ਯਕੀਨੀ ਬਣਾਉਣ। ਬਾਜਵਾ ਨੇ ਚਿੱਠੀ ਲਿਖ ਕੇ ਸੀ.ਐੱਮ. ਭਗਵੰਤ ਮਾਨ ਨੂੰ ਕਿਹਾ ਕਿ ਗੰਨਾ ਉਤਪਾਦਨ ਦਾ ਸੀਜ਼ਨ ਖ਼ਤਮ ਹੋ ਰਿਹਾ ਹੈ
ਤੇ ਸ਼ੂਗਰ ਮਿੱਲਾਂ ਹੁਣ ਤੱਕ ਕਿਸਾਨਾਂ ਦੇ ਬਕਾਏ ਦਾ ਅੱਧਾ ਵੀ ਭੁਗਤਾਨ ਨਹੀਂ ਕਰ ਸਕਦੀਆਂ ਹਨ। 18 ਮਾਰਚ 2022 ਤੱਕ ਕੋਆਪ੍ਰੇਟਿਵ ਮਿੱਲਾਂ 'ਤੇ 280.70 ਕਰੋੜ ਬਕਾਇਆ ਹੈ। ਇਸੇ ਤਰ੍ਹਾਂ ਪ੍ਰਾਈਵੇਟ ਸ਼ੂਗਰ ਮਿੱਲਾਂ ਵੱਲੋਂ 513 ਕਰੋੜ ਰੁਪਏ ਦਾ ਭੁਗਤਾਨ ਖੜ੍ਹਾ ਹੋਇਆ ਹੈ। ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਦੇ ਹਲਕੇ ਧੂਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਥੋਂ ਦੇ ਗੰਨਾ ਉਤਪਾਦਕਾਂ ਦਾ 2020-21 ਦਾ 85 ਲੱਖ ਤੇ 2021-22 ਦਾ 19 ਕਰੋੜ ਬਕਾਇਆ ਖੜ੍ਹਾ ਹੈ।
ਇਸ ਤੋਂ ਇਲਾਵਾ ਪਹਿਲੀ ਪੰਜਾਬ ਸਰਕਾਰ ਵੱਲੋਂ 2021-22 ਦੇ ਗੰਨੇ ਦੇ ਪ੍ਰਤੀ ਕੁਇੰਟਲ ਰੇਟ 310 ਤੋਂ ਵਧਾ ਕੇ 360 ਰੁਪਏ ਕੀਤੇ ਗਏ ਸਨ। ਸਰਕਾਰ ਨੇ ਪ੍ਰਾਈਵੇਟ ਸ਼ੂਗਰ ਮਿੱਲਾਂ ਨਾਲ ਵੀ 35 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹਿੱਸਾ ਪਾਉਣ ਨੂੰ ਮਨਜ਼ੂਰੀ ਦਿੱਤੀ ਸੀ। ਅਧਿਕਾਰੀਆਂ ਵੱਲੋਂ ਗੰਨਾ ਕਿਸਾਨ ਦੇ ਆਧਾਰ ਨੰਬਰ ਅਤੇ ਬੈਂਕ ਖਾਤਾ ਨੰਬਰ ਅਪਡੇਟ ਕਰਨ ਦੀ ਲੋੜ ਨਾ ਹੋਣ ਕਾਰਨ ਇਹ ਅਦਾਇਗੀਆਂ ਨਹੀਂ ਕੀਤੀਆਂ ਗਈਆਂ।