ਕਾਂਗਰਸੀ ਸੈਸ਼ਨ ਵਿਚ ਆਉਣ ਭਾਵੇਂ ਨਾ ਆਉਣ ਪਰ ਸਕੂਲਾਂ ਦੇ ਬੱਚੇ ਜ਼ਰੂਰ ਆਉਣੇ ਚਾਹੀਦੇ ਹਨ - CM ਮਾਨ 

ਏਜੰਸੀ

ਖ਼ਬਰਾਂ, ਪੰਜਾਬ

ਵਿਧਾਨ ਸਭਾ ਵਿਚ ਸਕੂਲਾਂ ਦੇ ਬੱਚਿਆਂ ਨੂੰ ਵੀ ਲਿਆਂਦਾ ਜਾਵੇ, ਇਸ ਨਾਲ ਬੱਚਿਆਂ ਨੂੰ ਵਿਧਾਨ ਸਭਾ ਬਾਰੇ ਜਾਣਕਾਰੀ ਮਿਲੇਗੀ।

Bhagwant Mann

ਚੰਡੀਗੜ੍ਹ : ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖ਼ਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ 'ਤੇ ਤੰਜ਼ ਕੱਸਿਆ। ਉਹਨਾਂ ਨੇ ਕਾਂਗਰਸ ਦੇ ਸਦਨ ’ਚੋਂ ਵਾਕਆਊਟ ਕਰਨ 'ਤੇ ਕਿਹਾ ਸ਼ਹੀਦਾਂ ’ਤੇ ਪੇਸ਼ ਹੋਣ ਵਾਲੇ ਮਤੇ ’ਤੇ ਕਾਂਗਰਸ ਨੂੰ ਵਾਕਆਊਟ ਨਹੀਂ ਸੀ ਕਰਨਾ ਚਾਹੀਦਾ ਸੀ। ਉਨ੍ਹਾਂ ਨੇ ਸਦਨ ਵਿਚ ਮੌਜੂਦ ਵਿਧਾਇਕਾਂ ਨੂੰ ਕਿਹਾ ਵਿਧਾਨ ਸਭਾ ਵਿਚ ਸਕੂਲਾਂ ਦੇ ਬੱਚਿਆਂ ਨੂੰ ਵੀ ਲਿਆਂਦਾ ਜਾਵੇ, ਇਸ ਨਾਲ ਬੱਚਿਆਂ ਨੂੰ ਵਿਧਾਨ ਸਭਾ ਬਾਰੇ ਜਾਣਕਾਰੀ ਮਿਲੇਗੀ।

ਕਾਂਗਰਸੀ ਸੈਸ਼ਨ ਵਿਚ ਆਉਣ ਭਾਵੇਂ ਨਾ ਆਉਣ ਪਰ ਸਕੂਲਾਂ ਦੇ ਬੱਚੇ ਜ਼ਰੂਰ ਆਉਣੇ ਚਾਹੀਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇ ਬੱਚੇ ਕਲਾਸ ਵਿਚ ਨਹੀਂ ਜਾਣਗੇ ਤਾਂ ਬੱਚੇ ਫੇਲ੍ਹ ਹੋ ਜਾਣਗੇ ਅਤੇ ਉਨ੍ਹਾਂ ਨੂੰ ਕਲਾਸ ਵਿਚ ਨਹੀਂ ਬੈਠਣ ਦਿੱਤਾ ਜਾਵੇਗਾ, ਇਹੋ ਕਾਨੂੰਨ ਕਾਂਗਰਸੀ ਵਿਧਾਇਕਾਂ ’ਤੇ ਵੀ ਲਾਗੂ ਹੋਣਾ ਚਾਹੀਦਾ ਹੈ।  ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਦਨ ’ਚ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰੱਖਣ ਲਈ ਮਤਾ ਪੇਸ਼ ਕੀਤਾ ਗਿਆ ਤੇ ਇਹ ਮਤਾ ਪਾਸ ਵੀ ਹੋ ਗਿਆ।

ਇਸ ਦੌਰਾਨ ਸਦਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦਾਂ ਬਾਰੇ ਬੋਲਣਾ ਸੂਰਜ ਨੂੰ ਦੀਵਾ ਦਿਖਾਉਣ ਬਰਾਬਰ ਹੈ। ਉਨ੍ਹਾਂ ਕਿਹਾ ਕਿ ਮਈ ਜਾਂ ਜੂਨ ਦੇ ਦੂਜੇ ਹਫ਼ਤੇ ਹਲਵਾਰਾ ਹਵਾਈ ਅੱਡੇ ਤੋਂ ਪਹਿਲੀ ਡੋਮੈਸਟਿਕ ਫਲਾਈਟ ਸ਼ੁਰੂ ਹੋ ਜਾਵੇਗੀ। ਇਸ ਨਾਲ ਲੁਧਿਆਣਾ ਦੇ ਵਪਾਰੀਆਂ ਨੂੰ ਬਹੁਤ ਵੱਡਾ ਫ਼ਾਇਦਾ ਹੋਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਵਾਈ ਅੱਡੇ ਲਈ ਫੰਡ ਜਾਰੀ ਕਰ ਦਿੱਤਾ ਗਿਆ ਹੈ, ਹਵਾਈ ਅੱਡੇ ਦੀ ਚਾਰ ਦੀਵਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਟਰਮੀਨਲ ਦਾ ਕੰਮ ਵੀ ਜਲਦ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਾਹਨੇਵਾਲ ਦੇ ਹਵਾਈ ਅੱਡੇ ’ਤੇ ਛੋਟੇ ਜਹਾਜ਼ ਉੱਤਰਦੇ ਸਨ, ਲਿਹਾਜ਼ਾ ਇਸ ਨਾਲ ਵਪਾਰੀਆਂ ਨੂੰ ਵੱਡਾ ਫਾਇਦਾ ਹੋਵੇਗਾ। 

ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਹੱਥਾਂ 'ਚ ਨੌਕਰੀ ਪੱਤਰ, ਕੰਪਿਊਟਰ, ਲੈਪਟਾਪ ਹੋਣੇ ਚਾਹੀਦੇ ਹਨ ਅਤੇ ਪਹਿਲਾਂ ਅਸੀਂ ਅਗਲੀ ਪੀੜ੍ਹੀ ਬਾਰੇ ਸੋਚਾਂਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਹਮੇਸ਼ਾ ਪੂਰੇ ਦੇਸ਼ ਨੂੰ ਲੀਡ ਕਰਦਾ ਹੈ ਅਤੇ ਇਸ ਨੂੰ ਲੀਡਰ ਹੀ ਰਹਿਣਾ ਚਾਹੀਦਾ ਹੈ। ਪੰਜਾਬ ਦੀ ਗੁਲਾਬ ਦੇ ਫੁੱਲ ਨਾਲ ਤੁਲਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸ਼ਾਂਤੀ ਰਹੇ ਅਤੇ ਲੋਕ ਹੱਸਦੇ-ਵੱਸਦੇ ਰਹਿਣ ਇਹੀ ਸਾਡੀ ਤਰਜੀਹ ਹੈ। ਪੰਜਾਬ ਦੀ ਅਮਨ-ਸ਼ਾਂਤੀ ਲਈ ਜੋ ਕੁੱਝ ਵੀ ਕਰਨਾ ਪਿਆ, ਅਸੀਂ ਕਰਾਂਗੇ ਅਤੇ ਅਮਨ-ਸ਼ਾਂਤੀ ਟੁੱਟਣ ਨਹੀਂ ਦੇਵਾਂਗਾਂ। ਜੇਕਰ ਪੰਜਾਬ ਨੂੰ ਤੋੜਨ ਦਾ ਕੋਈ ਸੁਫ਼ਨਾ ਵੀ ਲਏਗਾ ਤਾਂ ਉਸ ਨੂੰ ਵੀ ਜ਼ੁਰਮ ਸਮਝਿਆ ਜਾਵੇਗਾ।