ਅੰਮ੍ਰਿਤਪਾਲ ਮਾਮਲੇ ਨੂੰ ਲੈ ਕੇ ਨਵਜੋਤ ਕੌਰ ਸਿੱਧੂ ਦਾ ਸਰਕਾਰ ਨੂੰ ਸਮਰਥਨ, ਕਿਹਾ- ਅਸੀਂ ਨਾਲ ਹਾਂ
ਜੋ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ਼ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ।
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਡਾ.ਨਵਜੋਤ ਕੌਰ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ 'ਤੇ ਨਿਸ਼ਾਨ ਸਾਧਿਆ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੀ ਸਾਜ਼ਿਸ਼ ਕਾਰਨ ਅੱਜ ਨਵਜੋਤ ਸਿੱਧੂ ਜੇਲ੍ਹ ਵਿਚ ਹੈ। ਦੂਜੇ ਪਾਸੇ ਨਵਜੋਤ ਸਿੱਧੂ ਦੀ ਰਿਹਾਈ ਸਬੰਧੀ ਪਤਨੀ ਨਵਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ 1 ਅਪ੍ਰੈਲ ਤੱਕ ਰਿਹਾਅ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਉਹਨਾਂ ਨੇ ਇਕ ਭਾਵੁਕ ਟਵੀਟ ਕਰਦਿਆਂ ਲਿਖਿਆ ਕਿ ਉਹ ਉਸ ਅਪਰਾਧ ਲਈ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ ਜਿਹੜਾ ਉਨ੍ਹਾਂ ਨੇ ਕੀਤਾ ਹੀ ਨਹੀਂ ਹੈ, ਇਸ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਮੁਆਫ਼ ਕਰ ਦਿਓ। ਹਰ ਦਿਨ ਬਾਹਰ ਤੁਹਾਡਾ ਇੰਤਜ਼ਾਰ ਕਰਨਾ ਸ਼ਾਇਦ ਤੁਹਾਡੇ ਤੋਂ ਵੱਧ ਦੁਖੀ ਹਾਂ। ਹਮੇਸ਼ਾ ਵਾਂਗ ਤੁਹਾਡੇ ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਵਿਚ ਹਾਂ। ਵਾਰ-ਵਾਰ ਤੁਹਾਨੂੰ ਇਨਸਾਫ਼ ਲਈ ਵਾਂਝਾ ਦੇਖ ਕੇ ਤੁਹਾਡਾ ਇੰਤਜ਼ਾਰ ਕੀਤਾ। ਸੱਚ ਬਹੁਤ ਤਾਕਤਵਰ ਹੁੰਦਾ ਹੈ ਪਰ ਇਸ ਦੀ ਪ੍ਰੀਖਿਆ ਵਾਰ-ਵਾਰ ਹੁੰਦੀ ਹੈ। ਕਲਯੁੱਗ।
ਮੁਆਫ਼ ਕਰਨਾ ਤੁਹਾਡਾ ਇੰਤਜ਼ਾਰ ਨਹੀਂ ਕਰ ਸਕਦੀ ਕਿਉਂਕਿ ਇਹ ਖ਼ਤਰਨਾਕ ਕੈਂਸਰ ਦੂਜੀ ਸਟੇਜ ਵਿਚ ਹੈ। ਦਰਅਸਲ ਅੱਜ ਨਵਜੋਤ ਕੌਰ ਸਿੱਧੂ ਡੇਰਾਬਸੀ ਦੇ ਇੱਕ ਨਿੱਜੀ ਹਸਪਤਾਲ ਵਿਚ ਕੈਂਸਰ ਦੀ ਸਟੇਜ 2 ਦੀ ਸਰਜਰੀ ਕਰਵਾਉਣ ਲਈ ਪਹੁੰਚੇ ਸੀ। ਇਸ ਦੌਰਾਨ ਉਹਨਾਂ ਨੇ ਅੰਮ੍ਰਿਤਪਾਲ ਦੇ ਮਾਮਲੇ 'ਤੇ ਵੀ ਪ੍ਰਤੀਕਿਰਿਆ ਦਿੱਤੀ। ਨਵਜੋਤ ਕੌਰ ਨੇ ਕਿਹਾ ਕਿ ਅਸੀਂ ਇਸ ਮੁੱਦੇ 'ਤੇ ਸਰਕਾਰ ਨਾਲ ਹਾਂ, ਜੋ ਵੀ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ਼ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ।
ਨਵਜੋਤ ਕੌਰ ਸਿੱਧੂ ਨੇ ਪਤੀ ਨਵਜੋਤ ਸਿੰਘ ਸਿੱਧੂ ਦੇ ਪੂਰੇ ਮਾਮਲੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ। ਇੱਕ ਪੈੱਨ ਡਰਾਈਵ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਇੱਕ ਮੰਤਰੀ ਨੂੰ ਇੱਕ ਪੈੱਨ ਡਰਾਈਵ ਦਿੱਤੀ ਗਈ ਸੀ, ਜਿਸ ਵਿਚ ਨਵਜੋਤ ਸਿੱਧੂ ਦੇ ਬੇਗੁਨਾਹ ਹੋਣ ਦਾ ਸਬੂਤ ਸੀ ਪਰ ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਨਹੀਂ ਕੀਤਾ। ਇਸ ਤੋਂ ਇਲਾਵਾ ਵਿਜੀਲੈਂਸ ਦੇ ਰਾਡਾਰ 'ਤੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ 'ਤੇ ਬੋਲਦਿਆਂ ਨਵਜੋਤ ਕੌਰ ਨੇ ਕਿਹਾ ਕਿ ਜਿਨ੍ਹਾਂ ਨੇ ਕੰਮ ਕੀਤੇ ਹਨ, ਉਨ੍ਹਾਂ ਨੂੰ ਇਸ ਦਾ ਫਲ ਜ਼ਰੂਰ ਮਿਲਣਾ ਚਾਹੀਦਾ ਹੈ।