ਬਾਰਿਸ਼ ਕਾਰਨ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ 'ਤੇ, ਕੇਂਦਰੀ ਖੇਤੀ ਮੰਤਰੀ ਦਾ ਬਿਆਨ ਸਚਾਈ ਤੋਂ ਕੋਹਾਂ ਦੂਰ - ਬੀਰ ਦਵਿੰਦਰ

ਏਜੰਸੀ

ਖ਼ਬਰਾਂ, ਪੰਜਾਬ

ਭਗਵੰਤ ਮਾਨ, ਪੰਜਾਬ ਦੀਆਂ ਮੰਡੀਆਂ ਵਿੱਚ, ਕਿਸਾਨਾਂ ਦੀ ਹੋਣ ਵਾਲੀ ਅਣਕਿਆਸੀ ਖੱਜਲਖੁਆਰੀ ਤੋਂ ਬਚਾਉਂਣ ਲਈ ਅਗਾਊਂ ਪ੍ਰਬੰਧ ਕਰਨ

photo

 

ਪਟਿਆਲਾ  - ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਇੱਕ ਬਿਆਨ ਜਾਰੀ ਕਰਕੇ, ਪੰਜਾਬ ਵਿੱਚ ਬੇਮੌਸਮੀ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ, ਕਿਸਾਨਾਂ ਦੀਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ ਉੱਤੇ, ਕੇਂਦਰੀ ਖੇਤੀ ਮੰਤਰੀ ਸ੍ਰੀ ਨਰਿੰਦਰ ਤੋਮਰ ਦੇ ਅਹਿਮਕਾਨਾ ਬਿਆਨ ਨੂੰ ਸਚਾਈ ਤੋਂ ਕੋਹਾਂ ਦੂਰ ਦੱਸਦੇ ਹੋਏ, ਬੇਹੱਦ ਅਖ਼ਸੋਸਨਾਕ ਤੇ ਕਿਸਾਨਾਂ ਦੇ ਜ਼ਖਮਾਂ ਉੱਤੇ ਲੂਣ ਛਿੜਕਣ ਵਾਲਾ ਕਿਹਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੋਈ ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਤੇ ਪਸ਼ੂਆਂ ਦੇ ਹਰੇ ਚਾਰੇ ਦਾ ਭਾਰੀ ਨੁਕਸਾਨ ਹੋਇਆ ਹੈ। ਕਣਕ ਦੀ ਫਸਲ ਤਾਂ ਕਿਸਾਨਾਂ ਦੇ ਖੇਤਾਂ ਵਿੱਚ ਭਾਰੀ ਮੀਂਹ ਤੇ ਹਨੇਰੀ ਕਾਰਨ ਖੇਤਾਂ ਵਿੱਚ ਵਿਛੀ ਪਈ ਹੈ, ਜਿਸਦੀ ਇਸ ਹਾਲਤ ਵਿੱਚ ਹੀ, ਕੇਂਦਰ ਸਰਕਾਰ ਦੀਆਂ ਟੀਮਾਂ ਨੂੰ ਪੰਜਾਬ ਪੁੱਜ ਕੇ, ਕਿਸਾਨ ਦੀ ਇਸ ਕਦਰ ਬਰਬਾਦ ਹੋਈ ਫਸਲ ਦੀ ਵੀਡੀਓਗਰਾਖ਼ੀ ਕਰਨੀ ਚਾਹੀਦੀ ਹੈ, ਤਾਂ ਕਿ ਅਸਲ ਨੁਕਸਾਨ ਦੇ ਸਹੀ ਅਨੁਮਾਨ ਦਾ ਜਾਇਜ਼ਾ ਲੱਗ ਸਕੇ।

ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਇਹ ਠੀਕ ਹੈ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ 4 ਲੱਖ ਹੈਕਟੇਅਰ ਵਿੱਚ ਵਿਛੀ ਪਈ ਫਸਲ ਦੀ ਸਪੈਸ਼ਲ ਗਿਰਦਾਵਰੀ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਹਨ, ਪਰ ਮੇਰੀ ਜਾਚੇ ਕਿਸਾਨ ਦੇ ਮਸਲੇ ਦਾ ਅਸਲ ਹੱਲ ਇਹ ਨਹੀਂ ਹੈ।ਅਸਲ ਸਮੱਸਿਆ ਤਾਂ ਬੇਮੌਸਮੀ ਬਾਰਿਸ਼ ਕਾਰਨ ਖਰਾਬ ਹੋਈ ਫਸਲ ਦੀ ਖਰੀਦ ਸਮੇਂ, ਭਾਰਤ ਸਰਕਾਰ ਦੇ ਖਰੀਦ ਸਬੰਧੀ ਨਿਰਧਾਤ ਸਖਤ ਮਾਪਦੰਡਾਂ ਕਾਰਨ, ਆਉਂਣ ਵਾਲੀਆਂ  ਮੁਸ਼ਕਲਾਂ ਦੀ ਹੈ।

ਸਰਦਾਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਬੇਮੌਸਮੀ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ , ਕਣਕ ਦੀ ਫਸਲ ਦੇ ਦਾਣਿਆਂ ਦਾ ਕਮਜ਼ੋਰ ਹੋਣਾਂ, ਸੁੰਗੜਨਾ ਤੇ ਬਦਰੰਗ ਹੋਣਾਂ ਤਾਂ ਲਾਜ਼ਮੀ ਹੈ, ਜਿਸ ਕਾਰਨ ਮੰਡੀਆਂ ਵਿੱਚ ਕਿਸਾਨਾਂ ਦੀ ਵੱਡੀ ਖੱਜਲ-ਖੁਆਰੀ ਦੀ ਸੰਭਾਵਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਜਦੋਂ ਪੰਜਾਬ ਦੀਆਂ ਮੰਡੀਆਂ ਵਿੱਚ, ਕਣਕ ਦੀ ਫਸਲ ਦੀ ਆਮਦ ਵਿੱਚ ਕੇਵਲ ਪੰਦਰਾਂ ਕੁ ਦਿਨਾਂ ਦਾ ਸਮਾਂ ਬਾਕੀ ਹੈ, ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਾਰਤ ਸਰਕਾਰ ਨਾਲ ਤੁਰੰਤ ਹੀ ਰਾਬਤਾ ਕਰਕੇ , ਬੇਮੌਸਮੀ ਭਾਰੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਹੋਈ ਕਣਕ ਦੀ ਫਸਲ ਦੀ ਅਣਕਿਆਸੀ ਬਰਬਾਦੀ ਦੀ ਦ੍ਰਿਸ਼ਟੀ ਵਿੱਚ, ਕਣਕ ਦੀ ਖਰੀਦ ਦੇ ਸਖਤ ਮਾਪਦੰਡਾ ਵਿੱਚ ਬਣਦੀ ਰਿਆਇਤ ਦੇਣ ਦਾ ਐਲਾਨ ਤੁਰੰਤ ਕਰਵਾਏ।

ਚੇਤੇ ਰਹੇ ਕਿ ਇਸ ਤੋਂ ਪਹਿਲਾਂ, ਜਦੋਂ ਵੀ ਕਦੇ ਅਜਿਹੇ ਭਿਆਨਕ ਹਾਲਾਤ ਪੈਦਾ ਹੋਏ ਸਨ ਤਾਂ ਪੰਜਾਬ ਵਿੱਚ ਕਣਕ ਜਾਂ ਝੋਨੇ ਦੀ ਖਰੀਦ ਸਬੰਧੀ , ਭਾਰਤ ਸਰਕਾਰ ਵੱਲੋਂ ਨਿਰਧਾਰਤ,  ਖਰੀਦ ਦੇ ਸਖਤ ਮਾਪਦੰਡਾ ਵਿੱਚ ਭਾਰੀ ਰਿਆਇਤ ਦੇ ਕੇ ਹੀ , ਖਰੀਦ ਸੰਭਵ ਹੋ ਸਕੀ ਸੀ।

ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜੇ ਮੇਰੀ ਇਸ ਅਗਾਊਂ ਚਿਤਾਵਨੀ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਪੰਜਾਬ ਦੀਆਂ ਮੰਡੀਆਂ ਵਿੱਚ ਰੁਲਦੀ ਰਹੀ ਤਾਂ ਕਿਸਾਨ ਦੀ ਲੁੱਟ-ਖਸੁੱਟ ਤੇ ਖੱਜਲ-ਖੁਆਰੀ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਵੇਗਾ।