ਪਸ਼ੂ ਪਾਲਣ ਮਾਹਿਰਾਂ ਨੇ ਮੋਮੋਜ਼ ਬਣਾਉਣ ਦੀ ਵਰਕਸ਼ਾਪ ਤੋਂ ਬਰਾਮਦ ਕੀਤੇ ਮਾਸ ਦੇ ਪੀਸ ਨੂੰ ਬੱਕਰੀ ਨਾਲ ਸਬੰਧਤ ਦਿੱਤਾ ਕਰਾਰ

ਏਜੰਸੀ

ਖ਼ਬਰਾਂ, ਪੰਜਾਬ

ਟੀਮਾਂ ਵੱਲੋਂ ਸੂਚਨਾ ਮਿਲਣ ਉਪਰੰਤ ਮੋਮੋਜ਼ ਵਰਕਸ਼ਾਪ ਦੇ ਨਿਰੀਖਣ ਦੌਰਾਨ ਸਵੱਛਤਾ ਅਤੇ ਉਚਿਤ ਸਵੱਛਤਾ ਦੀ ਘੋਰ ਉਲੰਘਣਾ ਪਾਈ ਗਈ ਸੀ

Animal husbandry experts have confirmed that the pieces of meat recovered from the momos-making workshop belong to goats

 

Punjab News: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸ਼ਨਿੱਚਰਵਾਰ ਨੂੰ ਇੱਥੇ ਸਪੱਸ਼ਟ ਕੀਤਾ ਕਿ ਮੋਹਾਲੀ ਵਿੱਚ ਮਟੌਰ ਵਿਖੇ ਸਥਿਤ ਮੋਮੋਜ਼ ਬਣਾਉਣ ਵਾਲੀ ਵਰਕਸ਼ਾਪ ਦੀ ਰਸੋਈ ’ਚੋਂ ਬਰਾਮਦ ਹੋਏ ਮਾਸ ਦੇ ਟੁਕੜੇ ਨੂੰ ਪਸ਼ੂ ਪਾਲਣ ਮਾਹਿਰਾਂ ਵੱਲੋਂ ਆਪਣੀ ਜਾਂਚ ਬਾਅਦ ਬੱਕਰੀ/ਬੱਕਰੇ ਦੇ ਸਰੀਰ ਨਾਲ ਸਬੰਧਤ ਦੱਸਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਫੂਡ ਸਪਲਾਈ ਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਸੂਚਨਾ ਮਿਲਣ ਉਪਰੰਤ ਮੋਮੋਜ਼ ਵਰਕਸ਼ਾਪ ਦੇ ਨਿਰੀਖਣ ਦੌਰਾਨ ਸਵੱਛਤਾ ਅਤੇ ਉਚਿਤ ਸਵੱਛਤਾ ਦੀ ਘੋਰ ਉਲੰਘਣਾ ਪਾਈ ਗਈ ਸੀ। ਫੂਡ ਸੇਫਟੀ ਅਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਖਾਣ-ਪੀਣ ਦੀਆਂ ਵਸਤੂਆਂ ਅਤੇ ਸਮੱਗਰੀਆਂ ਦੇ ਨਮੂਨਿਆਂ ਤੋਂ ਇਲਾਵਾ ਮਾਸ ਦਾ ਇੱਕ ਟੁਕੜਾ ਵੀ ਬਰਾਮਦ ਕੀਤਾ ਗਿਆ ਸੀ ਅਤੇ ਇਸ ਦੇ ਮੂਲ ਸ੍ਰੋਤ ਦਾ ਪਤਾ ਲਗਾਉਣ ਲਈ ਸੀਨੀਅਰ ਵੈਟਰਨਰੀ ਅਫਸਰ ਨੂੰ ਇਹ ਜਾਂਚ ਲਈ ਸੌਂਪਿਆ ਗਿਆ ਸੀ। 

ਉਨ੍ਹਾਂ ਨੇ ਕਿਹਾ ਕਿ ਪਸ਼ੂ ਪਾਲਣ ਮਾਹਿਰਾਂ ਦੀ ਵਿਸ਼ਲੇਸ਼ਣ/ਜਾਂਚ ਰਿਪੋਰਟ ਦੇ ਅਨੁਸਾਰ, ਮਾਸ (ਮੀਟ) ਦਾ ਟੁਕੜਾ 10 ਇੰਚ ਅਤੇ 6 ਇੰਚ ਸਾਈਜ਼ ਦੇ ਮਾਪ ਵਿੱਚ ਅਤੇ ਭਾਰ ਵਿੱਚ ਅੱਧਾ ਕਿਲੋਗ੍ਰਾਮ ਸੀ।  ਇਸ ਮਾਸ ਦੇ ਟੁਕੜੇ ਦੀ ਡੂੰਘਾਈ ਨਾਲ ਕੀਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਬਰਾਮਦ ਹੋਇਆ ਮੀਟ ਦਾ ਟੁਕੜਾ ਬੱਕਰੀ/ਬੱਕਰੇ ਨਾਲ ਸਬੰਧਤ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫੂਡ ਸੇਫਟੀ ਅਤੇ ਨਗਰ ਨਿਗਮ ਦੀਆਂ ਟੀਮਾਂ ਰਾਹੀਂ ਅਸ਼ੁੱਧ ਅਤੇ ਗੰਦੇ ਵਾਤਾਵਰਨ ਵਿੱਚ ਮਨੁੱਖੀ ਖਪਤ ਵਾਲੀਆਂ ਸਮੱਗਰੀਆਂ ਤਿਆਰ ਕਰਨ/ਪਕਾਉਣ ਵਾਲੇ ਵਿਕਰੇਤਾਵਾਂ ਵਿਰੁੱਧ ਕਾਰਵਾਈ ਵਿੱਚ ਪੂਰੀ ਤਰ੍ਹਾਂ ਸਪੱਸ਼ਟ ਹੈ।  ਉਨ੍ਹਾਂ ਕਿਹਾ ਕਿ ਫੂਡ ਸੇਫਟੀ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਇਹ ਨਿਰੀਖਣ ਜਾਰੀ ਰਹੇਗਾ।