ਅੱਜ ਮੁੜ ਪੰਜਾਬ ਚੰਡੀਗੜ੍ਹ ਵਿਚ ਪਵੇਗਾ ਮੀਂਹ, ਕਈ ਥਾਈਂ ਸਵੇਰੇ ਹੀ ਛਾਏ ਕਾਲੇ ਬੱਦਲ
ਕਈ ਜ਼ਿਲ੍ਹਿਆਂ ਵਿਚ ਬਿਜਲੀ ਲਿਸ਼ਕਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ
ਚੰਡੀਗੜ੍ਹ, (ਸਸਸ) : ਪੰਜਾਬ ਅਤੇ ਚੰਡੀਗੜ੍ਹ ’ਚ ਅੱਜ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਹਾਲਾਂਕਿ ਸਵੇਰ ਅਤੇ ਸ਼ਾਮ ਦੀ ਠੰਢ ਵਿਚ ਵਾਧਾ ਹੋਇਆ ਹੈ। ਪਿਛਲੇ ਦਿਨੀਂ ਹੋਈ ਮੀਂਹ ਅਤੇ ਪਹਾੜੀ ਇਲਾਕਿਆਂ ਵਿਚ ਹੋਈ ਬਰਫ਼ਬਾਰੀ ਕਾਰਨ ਵੱਧ ਤੋਂ ਵੱਧ ਤਾਪਮਾਨ ਵਿਚ 1.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਹੁਣ ਆਮ ਨਾਲੋਂ 6.6 ਡਿਗਰੀ ਹੇਠਾਂ ਪਹੁੰਚ ਗਿਆ ਹੈ।
ਮੌਸਮ ਵਿਭਾਗ ਅਨੁਸਾਰ 21 ਮਾਰਚ ਤੋਂ ਬਾਅਦ ਫਿਰ ਪਛਮੀ ਗੜਬੜੀ ਸਰਗਰਮ ਹੋਵੇਗੀ, ਜਿਸ ਨਾਲ ਅੱਜ, 23, 24 ਅਤੇ 25 ਮਾਰਚ ਨੂੰ ਸੂਬੇ ਵਿਚ ਕੁਝ ਥਾਵਾਂ ’ਤੇ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿਚ ਮੀਂਹ, ਬਿਜਲੀ ਲਿਸ਼ਕਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਅਗਲੇ 24 ਘੰਟਿਆਂ ਤੋਂ ਬਾਅਦ ਤਾਪਮਾਨ ਵਿਚ 3 ਤੋਂ 4 ਡਿਗਰੀ ਸੈਲਸੀਅਸ ਤਕ ਦਾ ਵਾਧਾ ਹੋਣ ਦੀ ਉਮੀਦ ਹੈ। ਸੂਤਰਾਂ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਤਾਪਮਾਨ ਡਿੱਗਿਆ ਹੈ, ਜਿਸ ਵਿਚ ਮੋਹਾਲੀ ਸਭ ਤੋਂ ਅੱਗੇ ਰਿਹਾ।
ਮੋਹਾਲੀ ਵਿਚ 3.4 ਡਿਗਰੀ ਦੀ ਵੱਡੀ ਗਿਰਾਵਟ ਨਾਲ ਤਾਪਮਾਨ 19.0 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਰੂਪਨਗਰ ’ਚ 3.2 ਡਿਗਰੀ, ਪਠਾਨਕੋਟ ਵਿਚ 2.8 ਡਿਗਰੀ, ਚੰਡੀਗੜ੍ਹ ’ਚ 2.0 ਡਿਗਰੀ ਅਤੇ ਲੁਧਿਆਣਾ ’ਚ 1.8 ਡਿਗਰੀ ਦੀ ਗਿਰਾਵਟ ਦੇਖੀ ਗਈ। ਮੈਦਾਨੀ ਇਲਾਕਿਆਂ ਵਿਚ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ’ਚ 10 ਡਿਗਰੀ ਰਿਹਾ, ਜਦਕਿ ਫ਼ਿਰੋਜ਼ਪੁਰ ਵਿਚ ਸਭ ਤੋਂ ਵੱਧ 24 ਡਿਗਰੀ ਦਰਜ ਕੀਤਾ ਗਿਆ। ਦੂਜੇ ਪਾਸੇ, ਅੰਮ੍ਰਿਤਸਰ ਅਤੇ ਅਬੋਹਰ ਵਿਚ ਤਾਪਮਾਨ ਵਿਚ ਮਾਮੂਲੀ ਵਾਧਾ ਦਰਜ ਹੋਇਆ ਹੈ।
ਸ਼ਨੀਵਾਰ ਨੂੰ ਤੇਜ਼ ਧੁੱਪ ਕਾਰਨ ਤਾਪਮਾਨ ਵਿੱਚ ਵਾਧਾ ਹੋਇਆ। ਇੱਕ ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ 4.4 ਡਿਗਰੀ ਸੈਲਸੀਅਸ ਵਧ ਗਿਆ, ਹਾਲਾਂਕਿ ਇਹ ਆਮ ਨਾਲੋਂ 3.2 ਡਿਗਰੀ ਘੱਟ ਹੈ। ਭਾਖੜਾ ਡੈਮ 'ਤੇ ਵੱਧ ਤੋਂ ਵੱਧ ਤਾਪਮਾਨ 27.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ ਅੱਜ, 23, 26 ਅਤੇ 27 ਮਾਰਚ ਨੂੰ ਰਾਜ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਅਗਲੇ ਚਾਰ ਦਿਨਾਂ ਵਿੱਚ ਦਿਨ ਦੇ ਤਾਪਮਾਨ ਵਿੱਚ 5 ਤੋਂ 7 ਡਿਗਰੀ ਦਾ ਵਾਧਾ ਹੋਵੇਗਾ, ਜਿਸ ਤੋਂ ਬਾਅਦ ਕੋਈ ਖਾਸ ਬਦਲਾਅ ਆਉਣ ਦੀ ਉਮੀਦ ਨਹੀਂ ਹੈ।