ਕੈਪਟਨ ਵਲੋਂ ਨਾਬਾਲਗ਼ ਬੱਚੀਆਂ ਨਾਲ ਬਲਾਤਕਾਰ ਲਈ ਮੌਤ ਦੀ ਸਜ਼ਾ ਦਾ ਜ਼ੋਰਦਾਰ ਸਮਰਥਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਨ੍ਹਾਂ ਨੇ ਦੇਸ਼ ਭਰ ਵਿਚ ਵੱਧ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਸ ਨੂੰ ਇਨਕਲਾਬੀ ਅਤੇ ਜ਼ਰੂਰੀ ਕਦਮ ਦਸਿਆ ਹੈ। 

Captain Amarinder Singh

ਚੰਡੀਗੜ੍ਹ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਬਾਲਗ਼ ਬੱਚੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ 'ਚ ਮੌਤ ਦੀ ਸਜ਼ਾ ਲਈ ਕੇਂਦਰ ਵਲੋਂ ਜਾਰੀ ਕੀਤੇ ਆਰਡੀਨੈਂਸ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਦੇਸ਼ ਭਰ ਵਿਚ ਵੱਧ ਰਹੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਸ ਨੂੰ ਇਨਕਲਾਬੀ ਅਤੇ ਜ਼ਰੂਰੀ ਕਦਮ ਦਸਿਆ ਹੈ। ਇਸ ਦਾ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਸ ਤਰ੍ਹਾਂ ਦੇ ਘਿਨਾਉਣੇ ਜੁਰਮਾਂ ਨੂੰ ਰੋਕਣ ਲਈ ਕਾਰਜ ਕਰੇਗਾ ਜਿਨ੍ਹਾਂ ਨੇ ਹਾਲ ਹੀ ਦੇ ਸਮੇਂ ਦੌਰਾਨ ਸਮੁੱਚੇ ਦੇਸ਼ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧ ਮਾਨਵਤਾ ਦੇ ਚਿਹਰੇ 'ਤੇ ਧੱਬਾ ਹਨ ਅਤੇ ਇਸ ਵਾਸਤੇ ਕੋਈ ਵੀ ਦੋਸ਼ੀ ਦਇਆ ਦਾ ਹੱਕਦਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਨਾਬਾਲਗ਼ ਲੜਕੀਆਂ ਨਾਲ ਬਲਾਤਕਾਰ ਦੇ ਮਾਮਲਿਆਂ ਵਿਚ ਮਿਸਾਲੀ ਸਜ਼ਾ ਦਿਵਾਉਣ ਦੇ ਹੱਕ ਵਿਚ ਹਨ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਸਮਾਜ ਵਿਚ ਬਲਾਤਕਾਰ ਜਾਂ ਜਿਨਸੀ ਸ਼ੋਸ਼ਣ ਨਾਪ੍ਰਵਾਨ ਕਰਨ ਯੋਗ ਹੈ ਜੋ ਕਿ ਰਿਵਾਇਤੀ ਤੌਰ 'ਤੇ ਲੜਕੀਆਂ ਅਤੇ ਔਰਤਾਂ ਦੀ ਦੇਵੀਆਂ ਵਜੋਂ ਪੂਜਾ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਵਾਜਿਬ ਸਮਾਜ ਇਕ ਸਾਲ ਤੋਂ ਘੱਟ ਉਮਰ ਦੀਆਂ ਛੋਟੀਆਂ ਬੱਚੀਆਂ ਸਣੇ ਨਾਬਾਲਗ ਲੜਕੀਆਂ ਨਾਲ ਬਲਾਤਕਾਰ ਵਰਗੀ ਸਥਿਤੀ ਨੂੰ ਸਹਿਣ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਕਠੂਆ ਵਿਖੇ ਆਸਿਫ਼ਾ ਵਰਗੀ ਲੜਕੀ ਨਾਲ ਕੀਤੇ ਅੱਤਿਆਚਾਰ ਵਰਗੇ ਜ਼ੁਲਮਾਂ ਲਈ ਦੋਸ਼ੀ ਵਿਅਕਤੀ ਸਖ਼ਤ ਸਜ਼ਾ ਦਾ ਹੱਕਦਾਰ ਹੈ।