ਗੈਂਗਸਟਰਾਂ ਦੀ ਫ਼ੇਸਬੁਕ ਆਈ.ਡੀਜ਼, ਮੋਬਾਈਲ ਫ਼ੋਨ ਅਤੇ ਲੈਪਟਾਪ ਵਰਤਣ ਵਾਲਾ ਗ੍ਰਿਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਰਮਾਏਦਾਰਾਂ ਨੂੰ ਡਰਾ-ਧਮਕਾ ਕੇ ਜਬਰਨ ਵਸੂਲਦਾ ਸੀ ਮੋਟੀਆਂ ਰਕਮਾਂ

People Using gangsters profile

ਐਸ.ਏ.ਐਸ. ਨਗਰ,ਮੋਹਾਲੀ ਪੁਲਿਸ ਨੇ ਗੈਂਗਸਟਰਾਂ ਦੀ ਫ਼ੇਸਬੁਕ ਆਈ.ਡੀਜ਼, ਮੋਬਾਈਲ ਫ਼ੋਨ ਅਤੇ ਲੈਪਟਾਪ ਵਰਤ ਕੇ ਪੰਜਾਬ ਦੇ ਸਰਮਾਏਦਾਰਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਪਾਸੋਂ ਜਬਰਨ ਮੋਟੀਆਂ ਰਕਮਾਂ ਵਸੂਲ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜਮ ਦੀ ਪਛਾਣ ਕੁਲਦੀਪ ਸਿੰਘ ਵਾਸੀ ਪਿੰਡ ਸੁਲਤਾਨ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ। ਮੁਲਜ਼ਮ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਦਾਰਾ ਸਟੂਡੀਉ ਚੌਕ ਮੋਹਾਲੀ ਨੇੜਿਉਂ ਛਾਪਾ ਮਾਰ ਕੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪਾਸੋਂ ਪੁਲਿਸ ਨੇ ਮੋਬਾਈਲ ਫ਼ੋਨ ਅਤੇ ਲੈਪਟਾਪ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ 'ਚ ਥਾਣਾ ਫ਼ੇਜ਼-1 ਵਿਚ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐਸ.ਐਸ.ਪੀ. ਮੋਹਾਲੀ ਕੁਲਦੀਪ ਸਿੰਘ ਚਾਹਲ ਨੇ ਦਸਿਆ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਵਲੋਂ ਚੈਕਿੰਗ ਕੀਤੀ ਜਾ ਰਹੀ, ਉਸੇ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ। ਜਿਸ ਦੇ ਆਧਾਰ 'ਤੇ ਪੁਲਿਸ ਵਲੋਂ ਕਾਰਵਾਈ ਕੀਤੀ ਗਈ। 

ਜ਼ਿਕਰਯੋਗ ਹੈ ਕਿ 13 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਫ਼ਾਈਰਿੰਗ ਕਰਨ ਦੀ ਹੋਈ ਵਾਰਦਾਤ ਬਾਰੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਉਰਫ਼ ਬਾਬਾ ਦੀ ਫ਼ੇਸਬੁਕ ਆਈ.ਡੀ. 'ਤੇ ਪੋਸਟ ਅਪਲੋਡ ਕੁਲਦੀਪ ਸਿੰਘ ਕਰ ਰਿਹਾ ਸੀ, ਜਿਸ ਰਾਹੀਂ ਵਾਰਦਾਤ ਦੀ ਜ਼ਿੰਮੇਵਾਰੀ ਲਈ ਸੀ। ਕੁਲਦੀਪ ਸਿੰਘ ਬੀ.ਟੈੱਕ ਕੰਪਿਊਟਰ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਕੰਪਿਊਟਰ ਬਾਰੇ ਬਹੁਤ ਜਾਣਕਾਰੀ ਰਖਦਾ ਹੈ।  ਉਸ ਨੇ ਦਿਲਪ੍ਰੀਤ ਸਿੰਘ ਢਾਹਾ ਉਰਫ਼ ਬਾਬਾ ਦੀ ਫ਼ੇਸਬੁਕ ਆਈ.ਡੀ. 'ਤੇ ਵਾਰਦਾਤ ਵਾਲੀ ਪੋਸਟ ਪਾਈ ਸੀ। ਇਸ ਤਰ੍ਹਾਂ ਦੀਆਂ ਪੋਸਟਾਂ ਅਪਲੋਡ ਕਰਕੇ ਸਰਮਾਏਦਾਰ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਪਾਸੋਂ ਫਿਰੌਤੀ ਮੰਗਦਾ ਹੁੰਦਾ ਸੀ। ਜਿਸ ਪਾਸੋਂ ਸਰਗਰਮ ਗੈਂਗਸਟਰਾਂ ਬਾਰੇ  ਅਹਿਮ ਸੁਰਾਗ ਮਿਲਣ ਦੀ ਆਸ ਹੈ, ਦੋਸ਼ੀ ਨੂੰ ਅੱਜ ਅਦਾਲਤ ਵਿਖੇ ਪੇਸ਼ ਕੀਤਾ ਜਾਵੇਗਾ। ਨਵੀਂ ਉਮਰ ਦੇ ਨੌਜਵਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਕਿਸੇ ਵੀ ਗੈਂਗਸਟਰ ਦੀ ਫ਼ੇਸਬੁਕ 'ਤੇ ਕੋਈ ਵੀ ਕੁਮੈਂਟਸ ਨਾ ਕਰਨ। ਜੇ ਕੋਈ ਨੌਜਵਾਨ ਅਜਿਹਾ ਕਰਦਾ ਹੈ ਤਾਂ ਉਸ ਵਿਰੁਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।