ਕਰਜ਼ੇ ਦੀ ਬਲੀ ਚੜ੍ਹਿਆ ਇਕ ਹੋਰ ਕਿਸਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਾਣਕਾਰੀ ਅਨੁਸਾਰ ਜਸਵੰਤ ਸਿੰਘ ਉੱਪਰ ਲਗਪਗ 7 ਲੱਖ ਦਾ ਕਰਜ਼ ਸੀ

One more farmer commit suicide

ਦੀਨਾਨਗਰ (ਦੀਪਕ ਕੁਮਾਰ) : ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਮੱਦੇਪੁਰ ਦੇ ਇਕ ਕਿਸਾਨ ਜਸਵੰਤ ਸਿੰਘ (45) ਪੁੱਤਰ ਬਚਨ ਸਿੰਘ ਵਲੋਂ ਕਰਜ਼ੇ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਨਿਗ਼ਲ ਕੇ ਆਤਮ ਹਤਿਆ ਕਰ ਲਈ ਗਈ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਉੱਪਰ ਲਗਪਗ 7 ਲੱਖ ਦਾ ਕਰਜ਼ ਸੀ। ਜਿਸ ਕਾਰਨ ਉਹ ਪਿਛਲੇ 15 ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਬੀਤੇ ਦਿਨੀ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਸੀ। ਗੰਭੀਰ ਹਾਲਤ ਹੋਣ 'ਤੇ ਉਸ ਨੂੰ ਪਰਿਵਾਰ ਵਲੋਂ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਬੀਤੇ ਦਿਨ ਉਸ ਦੀ ਮੌਤ ਹੋ ਗਈ। 

ਮ੍ਰਿਤਕ ਕਿਸਾਨ ਦੇ ਪੁੱਤਰ ਹਰਵਿੰਦਰ ਸਿੰਘ ਅਤੇ ਭਰਾ ਅਮਰਜੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਕਿਸਾਨ ਉਤੇ 7 ਲੱਖ ਰੁਪਏ ਕਰ ਕਰਜ਼ ਸੀ ਜਿਸ ਵਿੱਚ 3 ਲੱਖ ਰੁਪਏ ਬੈਂਕ, ਢਾਈ ਲੱਖ ਰੁਪਏ ਆੜ੍ਹਤੀ ਦੇ ਅਤੇ ਡੇਢ ਲੱਖ ਰੁਪਏ ਸੁਸਾਈਟੀ ਦਾ ਕਰਜ਼ ਸੀ। ਜਿਸਦੇ ਚਲਦਿਆਂ ਕਿਸਾਨ ਕਾਫ਼ੀ ਪ੍ਰੇਸ਼ਾਨ ਸੀ। ਮੌਸਮ ਦੇ ਕਾਰਨ ਪਿਛਲੀ ਫ਼ਸਲ ਵੀ ਖ਼ਰਾਬ ਹੋ ਗਈ ਸੀ ਅਤੇ ਹੁਣ ਮੌਸਮ ਦੇ ਬਦਲਦੇ ਮਜਾਜ਼  ਦੇ ਕਾਰਨ ਵੀ ਕਿਸਾਨ ਕਾਫ਼ੀ ਪ੍ਰੇਸ਼ਾਨ ਸੀ।

ਕਿਸਾਨ ਦਾ ਇਕ ਪੁੱਤਰ ਅਤੇ ਇਕ ਧੀ ਹਨ ਜੋ ਵਧੀਆ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਘਰ ਵਿਚ ਬੇਰੁਜ਼ਗਾਰ ਬੈਠੇ ਹਨ, ਜਿਸਦੇ ਬਾਰੇ ਵਿਚ ਕਿਸਾਨ ਅਕਸਰ ਆਪਣੇ ਬੇਟੇ ਨੂੰ ਬੋਲਦਾ ਸੀ ਕਿ ਧੀ ਦੇ ਵਿਆਹ ਅਤੇ ਕਰਜ਼ ਨੂੰ ਲੈ ਕੇ ਉਹ ਕਾਫ਼ੀ ਪ੍ਰੇਸ਼ਾਨ ਹੈ। ਬੀਤੇ ਸ਼ਾਮ ਨੂੰ ਉਸਨੇ ਜ਼ਹਿਰੀਲੀ ਦਵਾਈ ਨਿਗ਼ਲ ਲਈ ਅਤੇ ਅਪਣੀ ਜੀਵਨ ਲੀਲਾ ਖ਼ਤਮ ਕਰ ਲਈ।

ਪੁਲਿਸ ਨੇ ਮਾਮਲਾ ਦਰਜ ਕਰ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਥਾਣਾ ਦੋਰਾਂਗਲਾ ਦੇ ਏਐਸਆਈ ਸਰਵਨ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਕਿਸਾਨ ਜਸਵੰਤ ਸਿੰਘ ਨੇ ਕਰਜ਼ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗ਼ਲ ਕੇ ਖ਼ੁਦਕੁਸ਼ੀ ਕਰ ਲਈ ਹੈ। ਫਿਲਹਾਲ ਪੋਲੀਏ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।