ਵਿਜੈਇੰਦਰ ਸਿੰਗਲਾ ਨੇ ਚੁਕੀ ਕੈਬਨਿਟ ਮੰਤਰੀ ਵਜੋਂ ਸਹੁੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹੁੰ ਚੁੱਕ ਸਮਾਗਮ ਮੌਕੇ ਕੈਪਟਨ ਅਮਰਿੰਦਰ ਸਿੰਘ ਤੋਂ ਅਸ਼ੀਰਵਾਦ ਲੈਂਦੇ ਵਿਧਾਇਕ ਵਿਜੈਇੰਦਰ ਸਿੰਘ ਸਿੰਗਲਾ।

Vijender Singh Singla

ਚੰਡੀਗੜ੍ਹ ਵਿਖੇ ਰਾਜ ਭਵਨ ਵਿਖੇ ਇਕ ਸਮਾਗਮ ਦੌਰਾਨ ਰਾਜਪਾਲ ਬੀ ਪੀ ਸਿੰਘ ਬਦਨੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਿਚ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਇਨ੍ਹਾਂ ਵਿਚ ਵਿਜੈਇੰਦਰ ਸਿੰਘ ਸਿੰਗਲਾ ਨੇ ਵੀ ਅਹੁਦੇ ਦੀ ਸਹੁੰ ਚੁਕੀ। ਕਾਂਗਰਸ ਹਾਈ ਕਮਾਨ ਵਲੋਂ ਮੰਤਰੀ ਮੰਡਲ ਵਿਚ ਕੀਤੇ ਵਾਧੇ ਨਾਲ ਸੂਬੇ ਵਿਚ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ ਅਤੇ ਲੋਕਾਂ ਅਤੇ ਸਰਕਾਰ ਵਿਚ ਤਾਲਮੇਲ ਵਿਚ ਵਾਧਾ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਮਨਦੀਪ ਸਿੰਘ ਬਡਲਾ ਨੇ ਕੀਤਾ।ਉਕਤ ਆਗੂਆਂ ਨੇ ਕਾਂਗਰਸ ਹਾਈ ਕਮਾਨ ਵਲੋਂ ਹਲਕਾ ਸੰਗਰੂਰ ਤੋਂ ਵਿਧਾਇਕ ਵਿਜੈਇੰਦਰ ਸਿੰਗਲਾ ਨੂੰ ਕੈਬਨਿਟ ਮੰਤਰੀ ਚੁਣਨ ਤੇ ਕਾਂਗਰਸ ਹਾਈ ਕਮਾਨ ਦਾ ਧਨਵਾਦ ਕਰਦਿਆਂ ਕਿਹਾ ਕਿ ਸ਼੍ਰੀ ਸਿੰਗਲਾ ਉਹ ਆਗੂ ਹਨ ਜਿਨ੍ਹਾਂ ਨੇ ਸੰਗਰੂਰ ਹਲਕੇ ਵਿਚ ਸਿੰਥੈਟਿਕ ਟਰੈਕ, ਮਿੰਨੀ ਪੀਜੀਆਈ, ਸ਼੍ਰੀ ਹਜੂਰ ਸਾਹਿਬ ਜਾਣ ਵਾਲੇ ਰੇਲ ਗੱਡੀ ਦਾ ਠਹਿਰਾਅ, ਰੇਲਵੇ ਸਟੇਸ਼ਨ ਨੂੰ ਦੇਸ਼ ਦੇ ਹਰ ਸੂਬੇ ਨਾਲ ਜੋੜਨ ਰੇਲ ਗੱਡੀਆਂ ਦੇ ਆਉਣਾ ਜਾਣਾ ਕੇਂਦਰ ਵਿਚ ਮਨਮੋਹਨ ਸਿੰਘ ਸਰਕਾਰ ਤੋਂ ਮਨਜ਼ੂਰ ਕਰਵਾਇਆ। ਹਲਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਿੰਮ ਕਿੱਟਾਂ ਅਤੇ ਖੇਡ ਕਲੱਬਾਂ ਨੂੰ ਦਿਲ ਖੋਲ ਕੇ ਗ੍ਰਾਂਟਾਂ ਵੰਡੀਆ। ਵਿਧਵਾ, ਬੁਢਾਪਾ ਪੈਨਸ਼ਨਾਂ ਦੇ ਨਾਲ ਨਾਲ ਸ਼ਗਨ ਸਕੀਮ ਦੇ ਚੈੱਕ ਦੇ ਕੇ ਲੋੜਵੰਦ ਪਰਵਾਰਾਂ ਦੀ ਮਦਦ ਕਰਨ ਵਿਚ ਸਹਾਈ ਹੋਏ। 

ਰਾਜਾ ਬੀਰਕਲਾਂ  ਅਤੇ ਹਰਮਨ ਬਡਲਾ ਨੇ ਕਿਹਾ ਕਿ ਸ਼੍ਰੀ ਸਿੰਗਲਾ ਹਮੇਸ਼ਾ ਹਲਕੇ ਦੇ ਲੋਕਾਂ ਦੀ ਸੇਵਾ ਅਤੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਅਤੇ ਮੋਹਰੀ ਰਹੇ ਹਨ। ਜਦੋਂ ਹੀ ਉਨ੍ਹਾਂ ਦੇ ਮੰਤਰੀ ਬਣਨ ਦੀ ਖ਼ਬਰ ਹਲਕੇ ਦੇ ਲੋਕਾਂ ਪਤਾ ਲੱਗੀ ਤਾਂ ਥਾਂ ਥਾਂ ਵਰਕਰਾਂ ਵਲੋਂ ਲੱਡੂ ਵੰਡ ਕੇ ਜਸ਼ਨ ਮਨਾਏ। ਉਨ੍ਹਾਂ ਕਿਹਾ ਕਿ ਹੁਣ ਹਲਕੇ ਦੇ ਲੋਕਾਂ ਨੂੰ ਸ੍ਰੀ ਸਿੰਗਲਾ ਦੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਹੋਰ ਵੀ ਵੱਡੀਆਂ ਉਮੀਦਾਂ ਹਨ ਜਿਹੜੀਆਂ ਸ੍ਰੀ ਸਿੰਗਲਾ ਸਹੁੰ ਚੁੱਕਣ ਉਪਰੰਤ ਜ਼ਰੂਰ ਪੂਰੀਆਂ ਕਰਨਗੇ ਕਿਉਂਕਿ ਸ੍ਰੀ ਸਿੰਗਲਾ ਹਲਕਾ ਸੰਗਰੂਰ ਵਿਚ ਵਿਕਾਸ ਕਾਰਜ ਕਰਵਾਉਣ ਵਾਲੇ ਹੁਣ ਤਕ ਦੇ ਮੰਤਰੀਆਂ ਵਿਚੋਂ ਸੱਭ ਤੋਂ ਮੋਹਰੀ ਸਥਾਨ ਹਾਸਲ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੀਤੇ ਬੇਹਤਾਸ਼ਾ ਵਿਕਾਸ ਕਾਰਜਾਂ ਦੀ ਕਦਰ ਕਰਦਿਆਂ ਅੱਜ ਕੈਪਟਨ ਸਰਕਾਰ ਨੇ ਮੰਤਰੀ ਮੰਡਲ ਵਿਚ ਸ਼ਾਮਲ ਕਰ ਕੇ ਜ਼ਿਲ੍ਹਾ ਸੰਗਰੂਰ ਦਾ ਵੱਡਾ ਮਾਣ ਵਧਾਇਆ ਹੈ।