ਲੋਕ ਸਭਾ ਚੋਣਾਂ: ਅੱਜ ਤੋਂ ਨਾਮਜ਼ਦਗੀ ਕਾਗ਼ਜ਼ ਭਰਨੇ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ, ਫ਼ਿਰੋਜ਼ਪੁਰ, ਗੁਰਦਾਸਪੁਰ ਤੇ ਪਟਿਆਲਾ ਸੀਟਾਂ 'ਤੇ ਸਿਰਧੜ ਦੀ ਬਾਜ਼ੀ

General Election 2019

ਚੰਡੀਗੜ੍ਹ : ਸਾਰੇ ਦੇਸ਼ ਵਿਚ 17ਵੀਂ ਲੋਕ ਸਭਾ ਲਈ ਚਲ ਰਹੀਆਂ ਚੋਣਾਂ ਦੇ ਆਖ਼ਰੀ ਤੇ 7ਵੇਂ ਗੇੜ ਵਾਸਤੇ 19 ਮਈ ਨੂੰ ਪੰਜਾਬ ਤੋਂ 13 ਸੀਟਾਂ 'ਤੇ ਪੈਣ ਵਾਲੀਆਂ ਵੋਟਾਂ ਲਈ 22 ਅਪ੍ਰੈਲ ਨੂੰ ਨਾਮਜ਼ਦਗੀਆਂ ਭਰਨ ਦਾ ਹਫ਼ਤੇ ਭਰ ਦਾ ਦੌਰ ਸ਼ੁਰੂ ਹੋ ਰਿਹਾ ਹੈ। ਹੁਣ ਤਕ ਪੰਜਾਬ ਵਿਚ ਸੱਤਾਧਾਰੀ ਕਾਂਗਰਸ ਪਾਰਟੀ ਨੇ ਸਾਰੀਆਂ 13 ਸੀਟਾਂ 'ਤੇ ਅਪਣੇ ਉਮੀਦਵਾਰਾਂ ਦਾ ਨਾਮ ਨਸ਼ਰ ਕਰ ਦਿਤਾ ਹੈ ਜਦੋਂ ਕਿ ਅਕਾਲੀ ਬੀਜੇਪੀ ਗਠਜੋੜ ਨੇ ਫ਼ਿਲਹਾਲ 8 ਸੀਟਾਂ 'ਤੇ ਅਪਣੇ ਧੁਨੰਦਰ ਨੇਤਾਵਾਂ ਨੂੰ ਮੈਦਾਨ ਵਿਚ ਲਿਆਂਦਾ ਹੈ।

ਬਠਿੰਡਾ ਦੀ ਵੱਕਾਰੀ ਸੀਟ ਲਈ ਪਿਛਲੀ 2 ਟਰਮਾਂ ਤੋਂ ਜੇਤੂ ਕੇਂਦਰੀ ਮੰਤਰੀ ਹਰਸਿਮਰਤ ਕੌਰ ਦਾ ਨਾਮ ਐਲਾਨ ਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਅਜੇ ਜੱਕੋ ਤੱਕੋ ਵਿਚ ਹੈ ਕਿਉਂਕਿ ਫ਼ਿਰੋਜ਼ਪੁਰ ਸੀਟ ਤੋਂ ਸ਼ੇਰ ਸਿੰਘ ਘੁਬਾਇਆ ਦੀ ਕਲ ਰਾਤ ਕਾਂਗਰਸ ਹਾਈ ਕਮਾਂਡ ਨੇ ਉਮੀਦਵਾਰੀ ਨਸ਼ਰ ਕਰ ਦਿਤੀ ਹੈ ਜਿਸ ਤੋਂ ਸਾਫ਼ ਸੰਕੇਤ ਮਿਲ ਗਿਆ ਹੈ ਕਿ ਅਕਾਲੀ ਦਲ ਪ੍ਰਧਾਨ ਅੱਜ ਦੇਰ ਰਾਤ ਖ਼ੁਦ ਮੈਦਾਨ ਵਿਚ ਆਉਣ ਦਾ ਐਲਾਨ ਕਰ ਦੇਣਗੇ।

ਬਠਿੰਡਾ ਸੀਟ ਲਈ ਚੋਣ ਲੜਨ ਤੋਂ ਗੁਰੇਜ਼ ਕਰ ਰਹੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਡਾ. ਨਵਜੋਤ ਕੌਰ ਵਲੋਂ ਕੋਰੀ ਨਾਂਹ ਕਰਨ ਉਪਰੰਤ ਹੀ ਗਿੱਦੜਬਾਹਾ ਤੋਂ ਦੂਜੀ ਵਾਰ ਵਿਧਾਇਕ ਬਣੇ ਅਤੇ ਕੇਂਦਰ ਵਿਚ ਯੂਥ ਕਾਂਗਰਸ ਦੇ ਪ੍ਰਧਾਨ ਰਹੇ 41 ਸਾਲਾ ਅਮਰਿੰਦਰ ਰਾਜਾ ਵੜਿੰਗ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦਾ ਹਲਫ਼ ਲਿਆ ਹੈ। ਇਸ ਸੀਟ 'ਤੇ ਆਪ ਦੀ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਆਪ ਤੋਂ ਵੱਖ ਹੋਏ ਪੰਜਾਬ ਏਕਤਾ ਪਾਰਟੀ ਦੇ, ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਵੋਟਾਂ ਲਈ ਜੱਦੋ ਜਹਿਦ ਵਿਚ ਹਨ।

ਸਾਲ 2009 ਵਿਚ ਹਰਸਿਮਰਤ ਕੌਰ ਨੇ ਇਹ ਸੀਟ 1,20,000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ ਅਤੇ 2014 ਵਿਚ ਜਿੱਤ ਦਾ ਇਹ ਫ਼ਰਕ ਕੇਵਲ 21,000 ਦੇ ਕਰੀਬ ਰਹਿ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਅਨੁਸਾਰ ਫ਼ਿਰੋਜ਼ਪੁਰ ਦੀ ਸੀਟ ਤੋਂ ਹੁਣ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖ਼ੁਦ ਚੋਣ ਲੜਨਗੇ ਅਤੇ ਦੋਵਾਰ ਅਕਾਲੀ ਦਲ ਦੀ ਟਿਕਟ 'ਤੇ ਜੇਤੂ ਰਹੇ ਸ਼ੇਰ ਸਿੰਘ ਘੁਬਾਇਆ ਨੂੰ ਸਬਕ ਸਿਖਾਉਣਗੇ ਕਿਉਂਕਿ ਕੁੱਝ ਦਿਨ ਪਹਿਲਾਂ ਹੀ ਮੌਕਾਪ੍ਰਸਤ ਇਸ ਰਾਇ ਸਿੱਖ ਨੇ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਸੀ ਤੇ ਹੁਣ ਟਿਕਟ ਵੀ ਲੈ ਲਈ ਹੈ।

ਘੁਬਾਇਆ ਦਾ ਸਖ਼ਤ ਵਿਰੋਧ ਫ਼ਿਰੋਜ਼ਪੁਰ ਦੇ ਕਾਂਗਰਸੀ ਨੇਤਾਵਾਂ ਗੁਰਮੀਤ ਸੋਢੀ, ਹੰਸ ਰਾਜ ਜੋਸਨ ਤੇ ਰਿਨਵਾ ਵਲੋਂ ਹੋਣਾ ਸ਼ੁਰੂ ਹੋ ਗਿਆ ਹੈ। ਦੋ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਤੇਜ਼ ਤਰਾਰ, ਧੁਨੰਦਰ ਸਿੱਖੀ ਤੇ ਪੰਜਾਬ ਦੀ ਆਵਾਜ਼ ਕਹਾਉਣ ਵਾਲੇ ਜਗਮੀਤ ਬਰਾੜ ਨੂੰ ਸੁਖਬੀਰ ਬਾਦਲ ਬਾਅਦ ਵਿਚ ਜਲਾਲਾਬਾਦ ਅਸੈਂਬਲੀ ਸੀਟ ਦੀ ਉਪ ਚੋਣ ਮੌਕੇ ਪੰਜਾਬ ਦੀ ਸਿਆਸਤ ਵਿਚ ਲਿਆਉਣ ਦੀ ਸੰਭਾਵਨਾ ਤਿਆਰ ਕਰ ਰਹੇ ਹਨ। ਭਾਵੇਂ ਬੀਜੇਪੀ ਨੇ ਅਪਣੇ ਹਿੱਸੇ ਦੀਆਂ 3 ਸੀਟਾਂ ਗੁਰਦਾਸਪੁਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਲਈ ਅੱਜ ਰਾਤ ਜਾਂ ਕਲ ਤਕ ਉਮੀਦਵਾਰ ਐਲਾਨ ਕਰ ਦੇਣੇ ਹਨ

ਪਰ ਗੁਰਦਾਸਪੁਰ ਤੋਂ ਫ਼ਿਲਮੀ ਅਦਾਕਾਰ ਸੰਨੀ ਦਿਉਲ ਦੀ ਚਰਚਾ ਨਾਲ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਜੋ ਡੇਢ ਸਾਲ ਪਹਿਲਾਂ ਹੀ ਜ਼ਿਮਨੀ ਚੋਣ ਵਿਚ 1,93,000 ਵੋਟਾਂ ਦੇ ਫ਼ਰਕ ਨਾਲ ਸਵਰਨ ਸਲਾਰੀਆ ਨੂੰ ਹਰਾ ਕੇ ਐਮ.ਪੀ. ਬਣੇ ਸਨ, ਨੂੰ ਫ਼ਿਲਹਾਲ ਇਹ ਸੀਟ ਜਿੱਤਣੀ ਕਾਫ਼ੀ ਮੁਸ਼ਕਲ ਹੋਵੇਗੀ। ਇਸ ਸਰਹੱਦੀ ਸੀਟ 'ਤੇ ਨੌਜਵਾਨ ਵੋਟਰ ਪਿਛਲੀਆਂ 4 ਟਰਮਾਂ ਤੋਂ ਮਰਹੂਮ ਵਿਨੋਦ ਖੰਨਾ ਨੂੰ ਜਿਤਾਉਂਦਾ ਆ ਰਿਹਾ ਹੈ ਅਤੇ ਫ਼ਿਲਮੀ ਅਦਾਕਾਰਾ ਕਵਿਤਾ ਖੰਨਾ ਦਾ ਵੀ ਅਜੇ ਵੋਟਰਾਂ 'ਤੇ ਪੂਰਾ ਅਸਰ ਰਸੂਖ ਹੈ। ਖਡੂਰ ਸਾਹਿਬ ਦੀ ਪੰਥਕ ਸੀਟ 'ਤੇ ਚੋਣ ਦੰਗਲ ਵੀ ਦਿਲਚਸਪ ਬਣਦਾ ਜਾ ਰਿਹਾ ਹੈ

ਅਤੇ ਦੋਹਾਂ ਗੁਰਸਿੱਖ ਬੀਬੀਆਂ, ਪਰਮਜੀਤ ਖਾਲੜਾ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਧੂੰਆਂ ਧਾਰ ਪ੍ਰਚਾਰ ਪਿਛਲੇ ਕਈ ਦਿਨਾਂ ਤੋਂ ਕਰ ਰਹੀਆਂ ਹਨ। ਬੀਬੀ ਖਾਲੜਾ ਪਿਛਲੀਆਂ ਸਾਰੀਆਂ ਚੋਣਾਂ ਵਿਚ ਇਕ ਵਾਰ ਵੀ ਕਾਮਯਾਬ ਨਹੀਂ ਰਹੀ ਜਦੋਂ ਕਿ ਜਗੀਰ ਕੌਰ ਤਿੰਨ ਵਾਰ ਵਿਧਾਇਕ ਅਤੇ ਦੋ ਵਾਰ ਅਕਾਲੀ ਮੰਤਰੀ ਰਹਿ ਚੁਕੀ ਹੈ। ਭਾਵੇਂ ਇਸ ਸੀਟ 'ਤੇ ਕਾਂਗਰਸੀ ਹਿੰਦੂ ਨੇਤਾ ਤੋਂ ਹੁਣ ਪਗੜੀਧਾਰੀ ਸਿੱਖ ਬਣੇ ਜਸਬੀਰ ਡਿੰਪਾ ਤੇ 'ਆਪ' ਦੇ ਮਨਜਿੰਦਰ ਸਿੱਧੂ ਵੀ ਮੈਦਾਨ ਵਿਚ ਹਨ

ਪਰ ਆਪ ਤੇ ਖਹਿਰਾ ਵਿਚਕਾਰ ਬੀਬੀ ਖਾਲੜਾ ਨੂੰ ਬਤੌਰ ਆਜ਼ਾਦ ਉਮੀਦਵਾਰ ਐਲਾਨੇ ਜਾਣ ਦੀ ਸ਼ਬਦੀ ਲੜਾਈ ਤੇ ਵੋਟਾਂ ਪ੍ਰਾਪਤੀ ਦੀ ਸੋਚ ਜੇ ਵਿਗੜ ਗਈ ਤਾਂ ਬੀਬੀ ਖਾਲੜਾ ਨੂੰ ਕਾਫ਼ੀ ਨੁਕਸਾਨ ਹੋਣ ਦਾ ਡਰ ਹੈ। ਪਟਿਆਲਾ ਸੀਟ ਤੋਂ ਪਿਛਲੀ ਵਾਰੀ ਆਪ ਦੇ ਟਿਕਟ 'ਤੇ ਜਿੱਤੇ ਅਤੇ ਹੁਣ ਆਪ ਨੂੰ ਛੱਡ ਚੁਕੇ ਡਾ. ਧਰਮਬੀਰ ਗਾਂਧੀ ਨੇ ਅਜੇ ਵੀ ਸ੍ਰੀਮਤੀ ਪ੍ਰਨੀਤ ਕੌਰ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ ਅਤੇ ਇਸ ਚਹੁੰ ਕੋਨੇ ਦਿਸ ਰਹੇ ਮੁਕਾਬਲੇ ਵਿਚ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਮਜ਼ਬੂਤ ਉਮੀਦਵਾਰ ਸੁਰਜੀਤ ਰਖੜਾ ਵੀ ਐਤਕੀਂ ਜ਼ਬਰਦਸਤ ਚੋਣ ਪ੍ਰਚਾਰ ਕਰ ਰਹੇ ਹਨ।

ਆਪ ਦੀ ਇਸ ਵਾਰ ਐਲਾਨੀ ਉਮੀਦਵਾਰ ਨੀਨਾ ਮਿੱਤਲ ਵੀ ਕਾਫ਼ੀ ਪ੍ਰਭਾਵ ਦਿਖਾਉਣ ਦੀ ਹੈਸੀਅਤ ਰੱਖਦੀ ਹੈ। ਫ਼ਤਿਹਗੜ੍ਹ ਸਾਹਿਬ ਦੀ ਰਿਜ਼ਰਵ ਲੋਕ ਸਭਾ ਸੀਟ 'ਤੇ ਭਾਵੇਂ ਆਪ ਤੋਂ ਬਲਜਿੰਦਰ ਚੌਦਾ ਮੈਦਾਨ ਵਿਚ ਹਨ ਅਤੇ ਡੈਮੋਕਰੇਟਿਕ ਅਲਾਇੰਸ ਦੇ ਮਨਜਿੰਦਰ ਗਿਆਸਪੁਰਾ ਵੀ ਕਿਸਮਤ ਅਜਮਾਇਸ਼ੀ ਵਿਚ ਲੱਗੇ ਹਨ ਪਰ ਵਰਤਮਾਨ ਹਾਲਾਤ ਵਿਚ ਮੁੱਖ ਮੁਕਾਬਲਾ ਤਾਂ ਦੋਹਾਂ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀਆਂ ਦਰਬਾਰਾ ਸਿੰਘ ਗੁਰੂ, ਸ਼੍ਰੋਮਣੀ ਅਕਾਲੀ ਦਲ ਅਤੇ ਡਾ. ਅਮਰ ਸਿੰਘ ਕਾਂਗਰਸੀ ਨੇਤਾ ਵਿਚਕਾਰ ਬਣਦਾ ਜਾ ਰਿਹਾ ਹੈ।

ਦਰਬਾਰਾ ਸਿੰਘ ਗੁਰੂ ਅਸੈਂਬਲੀ ਚੋਣਾਂ 2012 ਵਿਚ ਮੁਹੰਮਦ ਸਦੀਕ ਤੋਂ ਹਾਰ ਗਏ ਸਨ ਅਤੇ 2017 ਵਿਚ ਬੱਸੀ ਪਠਾਣਾਂ ਹਲਕੇ ਤੋਂ ਵੀ ਹਾਰ ਗਏ ਸਨ। ਇਸੇ ਤਰ੍ਹਾਂ ਡਾ. ਅਮਰ ਸਿੰਘ ਵੀ ਕਾਂਗਰਸੀ ਟਿਕਟ 'ਤੇ ਦੋ ਵਾਰ ਕਿਸਮਤ ਅਜ਼ਮਾਇਸ਼ੀ ਕਰ ਚੁਕੇ ਹਨ। ਕੁਲ ਮਿਲਾ ਕੇ ਭਾਵੇਂ ਸਾਰੀਆਂ 13 ਸੀਟਾਂ 'ਤੇ ਚੋਣ ਮੁਕਾਬਲਾ ਉਮੀਦਵਾਰਾਂ ਦੀ ਸ਼ਖ਼ਸੀਅਤ ਅਤੇ ਸਿਆਸੀ ਕੱਦ ਨੂੰ ਦੇਖਦਿਆਂ ਕਾਂਗਰਸ, ਅਕਾਲੀ ਬੀਜੇਪੀ, ਆਪ ਅਤੇ ਪੰਜਾਬ ਡੈਮੋਕਰੇਟਿਕ ਅਲਾਇੰਸ ਵਿਚ ਦੋ ਕੋਨਾਂ ਦਿਸ ਰਿਹਾ ਹੈ ਪਰ ਜਿਉਂ ਜਿਉਂ ਚੋਣ ਪ੍ਰਚਾਰ 3 ਮਈ ਤੋਂ ਜ਼ੋਰ ਸ਼ੋਰ ਨਾਲ ਸ਼ੁਰੂ ਹੋਵੇਗਾ ਤਾਂ ਸੰਗਰੂਰ, ਪਟਿਆਲਾ, ਫ਼ਰੀਦਕੋਟ ਤੇ ਲੁਧਿਆਣਾ ਨੂੰ ਛੱਡ ਕੇ ਬਾਕੀ 9 ਸੀਟਾਂ 'ਤੇ ਇਹ ਟੱਕਰ ਲਗਭਗ ਸਿੱਧੀ ਕਾਂਗਰਸ ਤੇ ਅਕਾਲੀ-ਬੀਜੇਪੀ ਗਠਜੋੜ ਦੀ ਹੋ ਜਾਵੇਗੀ।