Photo
ਮੁੱਲਾਂਪੁਰ ਗ਼ਰੀਬਦਾਸ, 21 ਅਪ੍ਰੈਲ (ਰਵਿੰਦਰ ਸਿੰਘ ਸੈਣੀ) : ਨਵਾਂਗਰਾਉਂ ਵਿਖੇ ਕੋਰੋਨਾ ਵਾਇਰਸ ਨੂੰ ਵੇਖਦਿਆਂ ਹੁਣ ਤਕ ਕੁੱਲ 7 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਵਿਚੋਂ ਬਜ਼ੁਰਗ ਓਮ ਪ੍ਰਕਾਸ਼ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਬੀਤੀ ਦਿਨੀਂ ਅੰਕਿਤ ਉਮਰ 25 ਸਾਲ ਜੋ ਕਿ ਆਦਰਸ਼ ਨਗਰ ਦਾ ਰਹਿਣ ਵਾਲਾ ਹੈ, ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਪੀੜਤ ਵਿਅਕਤੀ ਸੁਨੀਲ ਦੇ ਸੰਪਰਕ ਵਿਚ ਆਇਆ ਸੀ।
ਸਿਵਲ ਸਰਜਨ ਮਨਜੀਤ ਸਿੰਘ ਤੇ ਐਸ.ਐਮ.ਓ. ਕੁਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਆਦਰਸ਼ ਨਗਰ ਦੇ 26 ਵਿਅਕਤੀਆਂ ਦੇ ਟੈਸਟ ਲਏ ਗਏ ਹਨ, ਜਿਨ੍ਹਾਂ ਦੀ ਰੀਪੋਰਟ ਆਉਣੀ ਬਾਕੀ ਹੈ। ਆਦਰਸ਼ ਨਗਰ ਇਲਾਕੇ ਨੂੰ ਪ੍ਰਸ਼ਾਸਨ ਵਲੋਂ ਮੁਕੰਮਲ ਤੌਰ 'ਤੇ ਸੀਲ ਕਰ ਦਿਤਾ ਗਿਆ ਹੈ। ਇਸ ਸਬੰਧੀ ਇੰਸਪੈਕਟਰ ਅਸ਼ੋਕ ਕੁਮਾਰ ਵਲੋਂ ਵੀ ਨਵਾਂਗਰਾਉਂ ਦੇ ਵਾਸੀਆਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਲੋਕ ਅਪਣੇ ਘਰਾਂ ਵਿਚ ਹੀ ਰਹਿਣ ਤਾਂ ਜੋ ਇਸ ਭਿਆਨਕ ਮਹਾਮਾਰੀ ਨੂੰ ਖ਼ਤਮ ਕੀਤਾ ਜਾ ਸਕੇ।