ਸਮਾਜਸੇਵਾ ਦੇ ਨਾਂ ’ਤੇ ਜੇਲ ਵਿਚ ਲਿਆਂਦੀਆਂ ਪਾਬੰਦੀਸ਼ੁਦਾ ਵਸਤੂਆਂ ਦਾ ਜਖ਼ੀਰਾ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਏ.ਐਸ.ਆਈ ਤੇ ਦੋ ਦੋਸ਼ੀਆਂ ਨੇ ਐਨ.ਜੀ.ਓ. ਦੇ ਨਾਂ ’ਤੇ ਰਚਿਆ ਸੀ ਡਰਾਮਾ

File Photo

ਫ਼ਿਰੋਜ਼ਪੁਰ, 21 ਅਪ੍ਰੈਲ (ਜਗਵੰਤ ਸਿੰਘ ਮੱਲ੍ਹੀ): ਕੇਂਦਰੀ ਜੇਲ ਫ਼ਿਰੋਜ਼ਪੁਰ ਦੇ ਉਪ ਕਪਤਾਨ ਮੇਨਟੀਨੈਂਸ ਇਕਬਾਲ ਸਿੰਘ ਬਰਾੜ ਵਲੋਂ ਲਿਖਤੀ ਸ਼ਿਕਾਇਤ ’ਤੇ ਥਾਣਾ ਸਿਟੀ ਦੀ ਪੁਲਿਸ ਨੇ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ ਨੰਬਰ 922/ਫ਼ਿਰੋਜ਼ਪੁਰ, ਗੈਂਗਸਟਰ ਹਵਾਲਾਤੀ ਦੀਪਕ ਉਰਫ਼ ਟੀਨੂੰ, ਸੋਨੂੰ ਪੁਰੀ ਅਤੇ ਦੀਪਕ ਵਿਰੁਧ ਮਾਮਲਾ ਦਰਜ ਕਰ ਕੇ ਜੇਲ ਵਿਚ ਸਮਾਜਸੇਵਾ ਦੇ ਨਾਂ ’ਤੇ ਵਰਜਿਤ ਵਸਤੂਆਂ ਦਾ ਜ਼ਖ਼ੀਰਾ ਲਿਆਉਣ ਦਾ ਪਰਦਾਫ਼ਾਸ਼ ਕੀਤਾ ਹੈ। 

ਥਾਣਾ ਸਿਟੀ ਦੇ ਸਬ ਇੰਸਪੈਕਟਰ ਅਮਨਦੀਪ ਕੰਬੋਜ ਨੇ ਦਸਿਆ ਕਿ ਸਹਾਇਕ ਥਾਣੇਦਾਰ ਰਾਕੇਸ਼ ਕੁਮਾਰ, ਦੋਸ਼ੀ ਸੋਨੂੰ ਤੇ ਦੀਪਕ ਨੇ ਕੇਂਦਰੀ ਜੇਲ ਵਿਚ ਸੁਪਰਡੈਂਟ ਨੂੰ ਮਿਲਣ ਦੀ ਗੱਲ ਕਹੀ। ਦੋਸ਼ੀਆਂ ਨੇ ਆਖਿਆ ਕਿ ਉਹ ਸਮਾਜ ਭਲਾਈ ਦਾ ਕੰਮ ਕਰਦੇ ਹਨ ਅਤੇ ਜਲਾਲਾਬਾਦ ਤੋਂ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮੈਡੀਕਲ ਸਟਾਫ਼ ਨੂੰ ਪੀ.ਪੀ.ਈ. ਕਿੱਟਾਂ, 1500 ਮਾਸਕ ਅਤੇ 1000 ਸ਼ੀਸ਼ੀਆਂ ਸੈਨੀਟਾਈਜ਼ਰ ਦੀਆਂ ਦਾਨ ਕਰਨ ਆਏ ਹਨ । 

ਇਸ ਤੋਂ ਇਲਾਵਾ ਉਹ ਇਕ ਬੰਦੀ ਦੀਪਕ ਉਰਫ਼ ਟੀਨੂੰ ਨੂੰ ਕੈਰਮ ਬੋਰਡ ਵੀ ਦੇਣਾ ਚਾਹੁੰਦੇ ਹਨ। ਸਮਾਜਸੇਵਾ ਦਾ ਕੰਮ ਸਮਝਦਿਆਂ ਸਮਾਨ ਅੰਦਰ ਲਿਆ ਕੇ ਜਦੋਂ ਰੁਟੀਨ ’ਚ ਤਲਾਸ਼ੀ ਲਈ ਗਈ ਤਾਂ ਕੈਰਮ ਬੋਰਡ ਵਿਚ ਲੁਕਾਏ ਹੋਏ ਓਪੋ ਮਾਰਕਾ ਕਾਲੇ ਰੰਗ ਦੇ 6 ਟੱਚ ਫ਼ੋਨ, 2 ਚਾਰਜਰ, 3 ਈਅਰਫ਼ੋਨ ਅਤੇ 2 ਡਾਟਾ ਕੇਬਲ ਬਰਾਮਦ ਹੋਈਆਂ। 

ਇਹ ਖੁਲਾਸਾ ਹੁੰਦਿਆਂ ਹੀ ਸਮਾਜਸੇਵਾ ਦੇ ਨਾਂ ’ਤੇ ਆਏ ਬੰਦਿਆਂ ਕੋਲੋਂ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਕਿਸੇ ਵੀ ਸਮਾਜਸੇਵੀ ਸੰਸਥਾ ਦੇ ਮੈਂਬਰ ਨਹੀਂ। ਸਗੋਂ ਜਾਅਲੀ ਅਨ.ਜੀ.ਓ. ਬਣਾ ਕੇ ਪ੍ਰਸ਼ਾਸਨ ਨਾਲ ਧੋਖਾ ਕਰਦਿਆਂ ਗੈਂਗਸਟਰ ਦੀਪਕ ਉਰਫ਼ ਟੀਨੂੰ ਨੂੰ ਵਰਜਿਤ ਵਸਤੂਆਂ ਪਹੁੰਚਾਉਣਾ ਚਾਹੁੰਦੇ ਸਨ। ਦੋਸ਼ੀ ਸੋਨੂੰ ਦੀ ਲਈ ਗਈ ਤਲਾਸ਼ੀ ਦੌਰਾਨ 38,500 ਰੁਪਏ ਬਰਾਮਦ ਹੋਏ। ਜਦਕਿ ਦੋਸ਼ੀ ਦੀਪਕ ਕੋਲੋਂ ਵੀ ਇਕ ਸੁਨਹਿਰੀ ਰੰਗ ਦਾ ਕੀਪੈਡ ਸੈਮਸੰਗ ਫ਼ੋਨ ਅਤੇ ਇਕ ਕਾਰ ਹਾਂਡਾ ਇਮੇਜ ਵੀ ਬਰਾਮਦ ਹੋਈ।