ਭੂਗੋਲਿਕ ਆਧਾਰ ਉਤੇ ਹੋਏ ਕੋਵਿਡ 19 ਹਾਟਸਪਾਟ ਖੇਤਰਾਂ ਦੀ ਸ਼ਨਾਖ਼ਤ: ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਕੋਵਿਡ-19 ਗ੍ਰਸਤ ਇਲਾਕਿਆਂ ਨਾਲ ਭੂਗੋਲਿਕ ਤੌਰ ਤੇ ਜੁੜੇ ਖੇਤਰਾਂ
ਚੰਡੀਗੜ੍ਹ, 21 ਅਪ੍ਰੈਲ: (ਗੁਰਉਪਦੇਸ਼ ਭੁੱਲਰ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਕੋਵਿਡ-19 ਗ੍ਰਸਤ ਇਲਾਕਿਆਂ ਨਾਲ ਭੂਗੋਲਿਕ ਤੌਰ ਤੇ ਜੁੜੇ ਖੇਤਰਾਂ ਦੀ ਹਾਟਸਪਾਟ ਵਜੋਂ ਸ਼ਨਾਖਤ ਕਰਨ ਅਤੇ ਉਹਨਾਂ ਇਲਾਕਿਆਂ ਵਿਚ ਟੈਸਟਿੰਗ ਦੀ ਮੁਹਿੰਮ ਵਿਚ ਤੇਜ਼ੀ ਲਿਆਉਣ। ਇਸ ਦੇ ਨਾਲ ਹੀ ਪਾਰਟੀ ਨੇ ਆਰਥਿਕ ਗਤੀਵਿਧੀ ਸ਼ੁਰੂ ਕਰਨ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਦੇ ਹੋਏ ਹੌਲੀ ਹੌਲੀ ਹੋਰ ਇਲਾਕਿਆਂ ਨੂੰ ਵੀ ਖੋਲ੍ਹਣ ਦਾ ਸੱਦਾ ਦਿਤਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੋਵਿਡ-19 ਨਾਲ ਗ੍ਰਸਤ ਇਲਾਕਿਆਂ ਦੀ ਪਹਿਚਾਣ ਜ਼ਿਲ੍ਹਾਵਾਰ ਨਹੀਂ ਸਗੋਂ ਭੂਗੋਲਿਕ ਤੌਰ ਤੇ ਕੀਤੀ ਜਾਣੀ ਜਾਣੀ ਹੈ।
ਇਹ ਇਸ ਲਈ ਅਹਿਮ ਹੈ, ਕਿਉਂਕਿ ਕੁੱਝ ਜ਼ਿਲ੍ਹੇ ਬਹੁਤ ਵੱਡੇ ਹਨ, ਇਸ ਲਈ ਪੂਰੇ ਜ਼ਿਲ੍ਹੇ ਦੀ ਘੇਰਾਬੰਦੀ ਕਰਨ ਦੀ ਕੋਈ ਤੁਕ ਨਹੀਂ ਬਣਦੀ ਹੈ। ਇਸ ਕਰਕੇ ਸਿਰਫ ਆਪਸ ਵਿਚ ਜੁੜੇ ਹੋਏ ਕੋਵਿਡ-19 ਗ੍ਰਸਤ ਇਲਾਕਿਆਂ ਦੀ ਹੀ ਸ਼ਨਾਖਤ ਕੀਤੀ ਜਾਣੀ ਚਾਹੀਦੀ ਹੈ ਅਤੇ ਉਹਨਾਂ ਦੀ ਘੇਰਾਬੰਦੀ ਕੀਤੀ ਜਾਣੀ ਚਾਹੀਦੀ ਹੈ।
ਡਾਕਟਰ ਚੀਮਾ ਨੇ ਕਿਹਾ ਕਿ ਅਜਿਹੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਬਹੁਤ ਸਾਰੇ ਕੇਸਾਂ ਵਿਚ ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਦੇ ਕੋਈ ਲੱਛਣ ਸਾਹਮਣੇ ਨਹੀਂ ਆਏ, ਇਸ ਲਈ ਕੋਵਿਡ ਹਾਟਸਪਾਟ ਖੇਤਰਾਂ ਅੰਦਰ ਵੱਡੀ ਪੱਧਰ ਉਤੇ ਟੈਸਟ ਕੀਤੇ ਜਾਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਐਲਾਨਾਂ ਦੇ ਬਾਵਜੂਦ ਜ਼ਮੀਨੀ 1ੁਤੇ ਟੈਸਟ ਨਹੀਂ ਕੀਤੇ ਜਾ ਰਹੇ ਹਨ। ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਜ਼ਿਆਦਾ ਟੈਸਟਿੰਗ ਕਿਟਾਂ ਦੀ ਲੋੜ ਹੈ। ਇਸ ਤੋਂ ਇਲਾਵਾ ਮੈਡੀਕਲ ਸਹੂਲਤਾਂ ਵਿਚ ਵਾਧਾ ਕਰਨ ਅਤੇ ਸਾਰੇ ਸਿਹਤ ਕਾਮਿਆਂ ਲਈ ਠੋਸ ਸੁਰੱਖਿਆ ਪ੍ਰਬੰਂਧਾਂ ਦਾ ਬੰਦੋਬਸਤ ਕਰਨ ਦੀ ਵੀ ਲੋੜ ਹੈ।
ਅਕਾਲੀ ਆਗੂ ਨੇ ਉਹਨਾਂ ਇਲਾਕਿਆਂ ਵਿਚ ਅਰਥ ਵਿਵਸਥਾ ਨੁੰ ਹੌਲੀ ਹੌਲੀ ਖੋਲ੍ਹਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਹੈ, ਜਿੱਥੇ ਇੱਕ ਖਾਸ ਸਮੇਂ ਤੋਂ ਕੋਈ ਕੋਵਿਡ-19 ਦਾ ਕੇਸ ਨਹੀਂ ਆਇਆ ਹੈ। ਉਹਨਾਂ ਕਿਹਾ ਕਿ ਪਰਵਾਸੀ ਮਜ਼ਦੂਰਾਂ ਦੀ ਹਾਲਤ ਬਹੁਤ ਹੀ ਮਾੜੀ ਹੈ, ਇਸ ਲਈ ਜੇਕਰ ਉਹਨਾਂ ਨੂੰ ਜਲਦੀ ਕੰਮ ਨਾ ਮਿਲਿਆ ਤਾਂ ਉਹ ਸੂਬਾ ਛੱਡ ਕੇ ਚਲੇ ਜਾਣਗੇ।