ਕਣਕ ਖਰੀਦ ਦਾ ਨਵਾਂ ਤਜਰਬਾ ਫੇਲ੍ਹ ਹੋ ਰਿਹੈ : ਸਰਦਾਰਾ ਸਿੰਘ ਜੌਹਲ
ਕਿਹਾ, 80 ਫ਼ੀ ਸਦੀ ਛੋਟੇ ਕਿਸਾਨ ਫ਼ਸਲ ਘਰ ਨਹੀਂ ਰੱਖ ਸਕਦੇ
ਚੰਡੀਗੜ੍ਹ, 21 ਅਪ੍ਰੈਲ (ਜੀ.ਸੀ. ਭਾਰਦਵਾਜ) : ਪੰਜਾਬ ਦੀਆਂ 4 ਖਰੀਦ ਏਜੰਸੀਆਂ ਮਾਰਕਫੈੱਡ, ਪਨਗ੍ਰੇਨ, ਪਨਸਪ ਅਤੇ ਵੇਅਰ ਹਾਊਸਿੰਗ ਸਮੇਤ ਕੇਂਦਰ ਵੀ ਅਨਾਜ ਨਿਗਮ ਵਲੋਂ ਸੂਬੇ ਦੀ ਸੰਭਾਵੀ 182 ਲੱਖ ਟਨ ਦੀ ਕੁਲ ਪੈਦਾਵਾਰ ’ਚੋਂ ਰਿਕਾਰਡ 135 ਲੱਖ ਟਨ ਕਣਕ ਦੀ ਖਰੀਦ ਦੀ ਧੀਮੀ ਚਾਲ ਅਤੇ ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਨਵੇਂ ਤਜਰਬੇ ਦੀ ਚਾਰੇ ਪਾਸਿਉਂ ਅਲੋਚਨਾ ਹੋ ਰਹੀ ਹੈ।
ਅਪ੍ਰੈਲ ਮਹੀਨੇ ਬੇ-ਮੌਸਮੀ ਬਾਰਸ਼, ਕੰਬਾਈਨਾਂ ਦੀ ਕਮੀ ਉਤੋਂ ਪਾਸ ਤੇ ਟੋਕਨ ਸਿਸਟਮ ਨੇ ਸੂਬੇ ਦੇ 15-20 ਲੱਖ ਕਿਸਾਨਾਂ ਨੂੰ ਕੋਰੋਨਾ ਵਾਇਰਸ ਦੇ ਭੂਤ ਤੋਂ ਡਰਾ ਕੇ ਰਖਿਆ ਹੋਇਆ ਹੈ ਅਤੇ 15 ਅਪ੍ਰੈਲ ਤੋਂ ਸ਼ੁਰੂ ਕੀਤੀ ਕਣਕ ਖਰੀਦ, ਇਕ ਹਫ਼ਤੇ ਵਿਚ ਅਜੇ 15 ਲੱਖ ਟਨ ਤਕ ਹੀ ਪਹੁੰਚ ਸਕੀ ਹੈ ਜਦੋਂ ਕਿ ਟੀਚਾ 130-135 ਲੱਖ ਟਨ ਦਾ ਹੈ।
ਇਸ ਸੰਕਟਮਈ ਹਾਲਤ ਵਿਚ ਕਿਸਾਨ ਦੀ ਦੁਰਦਸ਼ਾ ਅਤੇ ਸਿਆਸੀ ਨੇਤਾਵਾਂ ਸਮੇਤ ਅਫਸਰਸ਼ਾਹੀ ਅਤੇ ਮੰਡੀਆਂ ਵਿਚ ਇੰਸਪੈਕਟਰਾਂ ਅਤੇ ਮੈਨੇਜਰਾਂ ਦੀ ਚੁੰਗਲ ਵਿਚ ਫਸੇ ਕਿਸਾਨਾਂ ਦੀਆਂ ਗੰਭੀਰ ਸਮੱਸਿਆਵਾਂ ਬਾਰੇ ਰੋਜ਼ਾਨਾ ਸਪੋਕਸਮੈਨ ਵਲੋਂ ਸਾਬਕਾ ਵੀ.ਸੀ. ਅਤੇ ਖੇਤੀ ਵਿਗਿਆਨ ਖੋਜਕਾਰ ਸਰਦਾਰਾ ਸਿੰਘ ਜੌਹਲ ਨਾਲ ਚਰਚਾ ਕੀਤੀ ਤਾਂ 93 ਸਾਲਾ ਤਜਰਬੇਕਾਰ ਖੇਤੀ ਮਾਹਰ ਨੇ ਕਿਹਾ ਕਿ ਇਸ ਵਾਰ ਕਣਕ ਖਰੀਦ ਦਾ ਨਵਾਂ ਸਿਸਟਮ ਅਤੇ ਟੋਕਨ-ਪਾਸ ਦੇਣ ਦਾ ਤਜਰਬਾ ਫੇਲ੍ਹ ਹੋ ਰਿਹਾ ਹੈ।
ਸ. ਜੌਹਲ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਐਤਕੀ ਨਵੇਂ ਡਿਜ਼ੀਟਲ ਸਿਸਟਮ ਕਰ ਕੇ ਬੁਰੀ ਤਰ੍ਹਾਂ ਅੜਚਨਾਂ ਵਿਚ ਫਸ ਗਈ ਹੈ। ਕੁਲ 20 ਲੱਖ ਕਿਸਾਨਾਂ ਵਿਚੋਂ 80 ਫ਼ੀ ਸਦੀ ਯਾਨਿ 16 ਲੱਖ ਤਾਂ ਛੋਟੇ ਕਿਸਾਨ ਹਨ ਜੋ ਅਪਣੀ ਫ਼ਸਲ ਘਰ ਨਹੀਂ ਰੱਖ ਸਕਦੇ। ਵਾਢੀ ਕਰਨ ਉਪਰੰਤ ਸਾਰੇ ਦਾਣੇ ਸਿਧੇ ਮੰਡੀ ਵਿਚ ਢੇਰੀ ਕਰਦਾ ਹੈ ਪਰ ਨਵਾਂ ਸਿਸਟਮ ਕਿਸਾਨ ਨੂੰ ਨਾ ਸਮਝ ਆ ਰਿਹਾ ਹੈ ਅਤੇ ਨਾ ਕੋਈ ਉਸ ਦੀ ਮਦਦ ਕਰਦਾ ਹੈ।
ਉਤੋਂ 50 ਕੁੰਇਟਲ ਤਕ ਦੀ ਖਰੀਦ ਹੁੰਦੀ ਹੈ ਅਤੇ ਬਾਕੀ ਕਣਕ ਉਹ ਘਰ ਨਹੀਂ ਲਿਆ ਸਕਦਾ। ਸ. ਜੌਹਲ ਜੋ 22 ਸਾਲ ਬਤੌਰ ਖੇਤੀ ਵਿਗਿਆਨੀ ਅਤੇ ਖੋਜਕਾਰ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਰਹੇ ਹਨ ਨੇ ਕਿਹਾ ਕਿ ਨਾ ਤਾਂ ਕੇਂਦਰ ਸਰਕਾਰ ਨਾ ਹੀ ਪੰਜਾਬ ਸਰਕਾਰ ਕਦੇ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਗੰਭੀਰ ਰਹੀ ਹੈ।
ਸ. ਜੌਹਲ ਜਿਨ੍ਹਾਂ 4 ਸਾਲ ਕੇਂਦਰੀ ਕੀਮਤ ਕਮਿਸ਼ਨ ਨਾਲ ਅਹਿਮ ਯੋਗਦਾਨ ਪਾਇਆ, ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਨੇ ਕਿਹਾ ਕਿ ਮੌਸਮ ਹਮੇਸ਼ਾ ਅਪ੍ਰੈਲ ਵਿਚ ਗੜਬੜ ਕਰਦਾ ਹੈ ਪਰ ਕਣਕ ਖਰੀਦ ਦਾ ਸਮਾਂ ਇਸ ਵਾਰ ਜੂਨ 15 ਤਕ ਖਿਚਣਾ ਇਕ ਨਾਲਾਇਕੀ ਅਤੇ ਗ਼ੈਰ-ਜ਼ਿੰਮੇਵਾਰੀ ਵਾਲਾ ਕਦਮ ਹੈ ਅਤੇ ਅਗਲੇ ਹਫ਼ਤੇ ਜਦੋਂ ਵਾਢੀ ਯਾਨਿ ਮਸ਼ੀਨ ਨਾਲ ਦਾਣਾ ਕਢਾਈ ਪੂਰੇ ਜੋਬਨ ’ਤੇ ਹੋਵੇਗੀ
ਫਿਰ ਇਹ ਟੋਕਨ-ਪਾਸ ਸਿਸਟਮ ਪੂਰੀ ਤਰ੍ਹਾਂ ਨਕਾਰਾ ਹੋ ਜਾਵੇਗਾ।
ਸ. ਜੌਹਲ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਬਾਰਸ਼ ਹੋਣ ਕਰ ਕੇ ਵੱਢੀ ਗਈ ਫ਼ਸਲ ਦਾ ਦਾਣਾ ਕਾਲਾ ਹੋ ਜਾਵੇਗਾ ਅਤੇ ਕਿਸਾਨ ਲਈ ਹੋਰ ਮੁਸੀਬਤ ਖੜ੍ਹੀ ਹੋ ਜਾਵੇਗੀ। ਇਸ ਪੇਚੀਦਾ ਹਾਲਾਤ ਪੈਦਾ ਕਰਨ ਤੋਂ ਅਫ਼ਸਰਸ਼ਾਹੀ ਨੂੰ ਕੋਈ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਸੁਝਾਂਅ ਦਿਤਾ ਕਿ ਕਣਕ ਖਰੀਦ ਤੇਜ਼ ਕਰ ਕੇ 15 ਮਈ ਤਕ ਨਿਬੇੜਾ ਕਰਨਾਂ ਹੀ ਠੀਕ ਰਹੇਗਾ।