ਨਾਕੇ ਦੌਰਾਨ ਰਾਤ ਨੂੰ ਪਿੰਡ ’ਚ ਨਾ ਦਾਖ਼ਲ ਹੋਣ ਦੇਣ ਤੇ ਗੋਲੀ ਮਾਰ ਕੇ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਖੂ ਬਲਾਕ ਦੇ ਪਿੰਡ ਕਿਲੀ ਬੋਦਲਾਂ ਵਿਚ ਪ੍ਰਸ਼ਾਸਨ ਦੀ ਕਰਫ਼ੀਊ ਦੌਰਾਨ ਪਿੰਡ ਵਿਚ ਨਾਕਾ ਲਗਾ ਕੇ ਮਦਦ ਕਰਨ ਦਾ ਖ਼ਮਿਆਜ਼ਾ ਨੌਜਵਾਨ ਕਿਸਾਨ ਨੂੰ ਅਪਣੀ

File Photo

ਫ਼ਿਰੋਜ਼ਪੁਰ, 21 ਅਪ੍ਰੈਲ (ਜਗਵੰਤ ਸਿੰਘ ਮੱਲ੍ਹੀ) : ਮਖੂ ਬਲਾਕ ਦੇ ਪਿੰਡ ਕਿਲੀ ਬੋਦਲਾਂ ਵਿਚ ਪ੍ਰਸ਼ਾਸਨ ਦੀ ਕਰਫ਼ੀਊ ਦੌਰਾਨ ਪਿੰਡ ਵਿਚ ਨਾਕਾ ਲਗਾ ਕੇ ਮਦਦ ਕਰਨ ਦਾ ਖ਼ਮਿਆਜ਼ਾ ਨੌਜਵਾਨ ਕਿਸਾਨ ਨੂੰ ਅਪਣੀ ਜਾਨ ਗੁਆ ਕੇ ਭੁਗਤਣਾ ਪਿਆ। ਮਾਮਲਾ ਇਕ ਬਦਮਾਸ਼ ਦਾ ਪਿੰਡ ’ਚ ਨਾਜਾਇਜ਼ ਸਬੰਧਾਂ ਅਤੇ ਨਸ਼ਾ ਤਸਕਰੀ ਦਾ ਦਸਿਆ ਜਾ ਰਿਹਾ ਸੀ। ਚਸ਼ਮਦੀਦਾਂ ਅਨੁਸਾਰ ਬਲੈਰੋ ਕੈਂਪਰ ਗੱਡੀ ਸਵਾਰ ਕਸਬਾ ਹਰੀਕੇ ਨਾਲ ਸਬੰਧਤ ਨਸ਼ਾ ਤਸਕਰ ਬਦਮਾਸ਼ਾਂ ਨੂੰ ਦੇਰ ਰਾਤ ਪਿੰਡ ਵਾਸੀਆਂ ਵਲੋਂ ਨਾਕੇ ’ਤੇ ਰੋਕ ਕੇ ਲਾਕਡਾਊਨ ਦੇ ਬਾਵਜੂਦ ਰਾਤ ਵੇਲੇ ਪਿੰਡ ਆਉਣ ਬਾਬਤ ਪੁੱਛੇ ਜਾਣ ਲਈ ਰੋਕਿਆ ਗਿਆ ਸੀ।

ਇਸੇ ਦੌਰਾਨ ਬਦਮਾਸ਼ ਰਾਜਬੀਰ ਸਿੰਘ, ਲਖਵਿੰਦਰ ਸਿੰਘ ਉਰਫ਼ ਬਿੱਲਾ ਅਤੇ ਅਣਪਛਾਤੇ ਗੱਡੀ ਚਾਲਕ ਵਾਸੀ ਹਰੀਕੇ ਅਤੇ ਉਨ੍ਹਾਂ ਦੇ ਸਹਿਯੋਗੀ ਜੁਗਰਾਜ ਸਿੰਘ ਪੁੱਤਰ ਲਖਵਿੰਦਰ ਸਿੰਘ, ਗੁਰਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ, ਸਰਬਜੀਤ ਕੌਰ ਉਰਫ਼ ਸ਼ੱਬੋ ਪਤਨੀ ਜੁਗਰਾਜ ਸਿੰਘ ਅਤੇ ਉਸ ਦੀ ਲੜਕੀ ਰਾਜਵਿੰਦਰ ਕੌਰ ਵਾਸੀਆਨ ਕਿਲੀ ਬੋਦਲਾਂ ਨੇ ਬਦਮਾਸ਼ਾਂ ਨਾਲ ਰਲ ਕੇ ਲਲਕਾਰਾ ਮਾਰਦਿਆਂ ਨਾਕੇ ਵਾਲੇ ਨੌਜਵਾਨਾਂ ਨੂੰ ਘੇਰਾ ਪਾ ਲਿਆ। ਇਸੇ ਦੌਰਾਨ ਗੱਡੀ ਵਿਚੋਂ ਨਿਕਲੇ ਇਕ ਬਦਮਾਸ਼ ਰਾਜਬੀਰ ਸਿੰਘ ਨੇ ਪਿਸਟਲ ਨਾਲ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਗੋਲੀਬਾਰੀ ਵਿਚ 25 ਸਾਲਾ ਨੌਜਵਾਨ ਕਿਸਾਨ ਜੱਜ ਸਿੰਘ ਪੁੱਤਰ ਅਜੈਬ ਸਿੰਘ ਦੀ ਛਾਤੀ ਵਿਚ ਦੋ ਗੋਲੀਆਂ ਲੱਗੀਆਂ।

ਉਸ ਨੂੰ ਬਚਾਉਣ ਆਏ ਜਗਜੀਤ ਸਿੰਘ ਉਰਫ਼ ਜੱਗਾ ਪੁੱਤਰ ਅਵਤਾਰ ਸਿੰਘ ਨੂੰ ਵੀ ਦੋ ਗੋਲੀਆਂ ਲੱਗੀਆਂ। ਜਿਨ੍ਹਾਂ ਨੂੰ ਇਲਾਜ ਲਈ ਮਖ਼ੂ ਦੇ ਮੈਡੀਕੇਅਰ ਹਸਪਤਾਲ ਮਖ਼ੂ ਵਿਖੇ ਲਿਆਂਦਾ ਗਿਆ। ਪਰ ਹਾਲਤ ਨਾਜ਼ੁਕ ਹੋਣ ’ਤੇ ਡਾਕਟਰਾਂ ਨੇ ਦੋਹਾਂ ਨੂੰ ਮੋਗਾ ਮੈਡੀਸਿਟੀ ਹਸਪਤਾਲ ਲਈ ਰੈਫ਼ਰ ਕਰ ਦਿਤਾ। ਜਿਥੇ ਇਲਾਜ ਦੌਰਾਨ ਦੇਰ ਰਾਤ ਜੱਜ ਸਿੰਘ ਦੀ ਮੌਤ ਗਈ ਗਈ। ਜਦਕਿ ਦੂਜੇ ਜ਼ਖ਼ਮੀ ਜਗਜੀਤ ਸਿੰਘ ਜੱਗਾ ਦਾ ਅਪ੍ਰੇਸ਼ਨ ਕਰ ਕੇ ਡਾਕਟਰਾਂ ਨੇ ਗੋਲੀਆਂ ਕੱਢ ਦਿਤੀਆਂ। ਵਾਰਦਾਤ ਕਰਨ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ।

ਵਾਰਦਾਤ ਵਾਲੀ ਜਗ੍ਹਾ ’ਤੇ ਪਹੁੰਚੇ ਐਸ.ਪੀ.ਡੀ ਫ਼ਿਰੋਜ਼ਪੁਰ ਅਜੇਰਾਜ ਸਿੰਘ ਅਤੇ ਡੀ.ਐਸ.ਪੀ. ਜ਼ੀਰਾ ਰਾਜਵਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਥਾਣਾ ਮਖੂ ਮੁਖੀ ਇੰਸਪੈਕਟਰ ਬਚਨ ਸਿੰਘ ਵਲੋਂ ਛੇ ਦੋਸ਼ੀਆਂ ਵਿਰੁਧ ਆਈ.ਪੀ.ਸੀ. ਦੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਵੱਖ-ਵੱਖ ਟੀਮਾਂ ਬਣਾ ਕੇ ਕੁੱਝ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਧਰ ਇਕ ਸਾਲ ਦੀ ਧੀ ਅਤੇ ਦੋ ਮਹੀਨੇ ਦੇ ਮਾਸੂਮ ਪੁੱਤਰ ਦੇ ਬਾਪ ਜੱਜ ਸਿੰਘ ਦੇ ਪਰਵਾਰ, ਬਜ਼ੁਰਗ ਦਾਦੀ ਅਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।