ਸ੍ਰੀ ਹਰਿਮੰਦਰ ਸਾਹਿਬ ਸਾਹਮਣੇ ਦੇ ਦੁਕਾਨਦਾਰਾਂ ਦੀ ਸਰਕਾਰ ਨੂੰ ਅਪੀਲ
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਵਾਰ ਦੇ ਸਾਹਮਣੇ ਦੁਕਾਨਦਾਰ ਐਸੋਸੇਸ਼ਨ ਅੰਮਿ੍ਰਤਸਰ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਨੇ ਦਸਿਆ ਕਿ 16 ਦੁਕਾਨਾਂ ਜੋ
ਅੰਮਿ੍ਰਤਸਰ 21 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦਵਾਰ ਦੇ ਸਾਹਮਣੇ ਦੁਕਾਨਦਾਰ ਐਸੋਸੇਸ਼ਨ ਅੰਮਿ੍ਰਤਸਰ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਨੇ ਦਸਿਆ ਕਿ 16 ਦੁਕਾਨਾਂ ਜੋ ਹਰਿਮੰਦਰ ਸਾਹਿਬ ਦੇ ਮੁੱਖ-ਦਵਾਰ ਦੇ ਸਾਹਮਣੇ ਮਾਰਕੀਟ ਵਿਚ ਹਨ, ਇਨ੍ਹਾਂ ਦੁਕਾਨਾਂ ’ਚ ਧਾਰਮਕ ਕਕਾਰ, ਕੰਘੇ, ਕੜੇ, ਕਿ੍ਰਪਾਨ, ਸਿਮਰਨ ਮਾਲਾ, ਹਰ ਤਰ੍ਹਾਂ ਦੇ ਗੁਰਬਾਣੀ ਦੇ ਗੁਟਕੇ, ਪੋਥੀਆਂ, ਰੁਮਾਲੇ ਤੇ ਹੋਰ ਧਾਰਮਕ ਸਮਾਨ ਵੇਚੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਾ ਕਾਰੋਬਾਰ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਆਉਂਦੀ ਦੇਸ਼-ਵਿਦੇਸ਼ ਦੀ ਸੰਗਤ ਤੇ ਸ਼ਰਧਾਲੂਆਂ ਦੀ ਆਮਦ ’ਤੇ ਨਿਰਭਰ ਹੈ ਪਰ ਕਰਫ਼ਿਉ ਕਾਰਨ ਅਸੀ ਘਰਾਂ ’ਚ ਡੱਕੇ ਹੋਏ ਹਾਂ ਅਤੇ ਕੰਮਕਾਜ ਠੱਪ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਲਿਆਂਵਾਲੇ ਬਾਗ਼ ਤੋਂ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤਕ ਲਗਭਗ 150 ਦੁਕਾਨਾਂ ਹਨ ਜੋ ਕੋਰੋਨਾ ਦੀ ਭੇਟ ਚੜ੍ਹੀਆਂ ਹੋਈਆਂ ਹਨ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਜਿਹੜੀਆਂ ਦੁਕਾਨਾਂ ਸਰਕਾਰ ਦੀ ਮਲਕੀਅਤ ਹਨ ਜਿਸ ਤਰ੍ਹਾਂ ਪੁੱਡਾ ਹੈ, ਉਹ ਵੀ ਅਪਣੇ ਦੁਕਾਨਦਾਰਾਂ ਪਾਸੋਂ ਘਟੋ-ਘੱਟ ਤਿੰਨ ਮਹੀਨੇ ਦਾ ਕਰਾਇਆ ਨਾ ਲੈਣ ਕਿਉਂਕਿ ਦੁਕਾਨਾਂ ਬੰਦ ਹਨ ਤੇ ਕਾਰੋਬਾਰ ਵੀ ਠੱਪ ਹਨ। ਉਕਤ ਤੋੲ ਇਲਾਵਾ ਕੋਰੋਨਾ ਦੀ ਬਿਮਾਰੀ ਕਾਰਨ ਕਰਫ਼ਿਊ ਦੌਰਾਨ ਘਰਾਂ ਵਿਚ ਬੈਠੇ ਲੋਕਾਂ ਨੇ ਬੇਨਤੀ ਕੀਤੀ ਹੈ ਕਿ ਵਿਦਿਅਕ ਅਦਾਰਿਆਂ ਜਿਸ ਤਰ੍ਹਾਂ ਚੀਫ਼ ਖ਼ਾਲਸਾ ਦੀਵਾਨ ਤੇ ਹੋਰ ਪੁਰਾਣੇ ਵਿਦਿਆਰਥੀਆਂ ਕੋਲੋਂ ਨਵੀਆਂ ਕਲਾਸਾਂ ’ਚ ਦਾਖ਼ਲੇ ਸਮੇਂ ਫ਼ੀਸ ਨਾ ਲਈ ਜਾਵੇ। ਸਕੂਲ ਬੰਦ ਹੋਣ ਕਰ ਕੋ ਜੋ ਵਾਹਨ ਸਕੂਲ ਦੇ ਬੱਚੇ ਲਿਆਉਣ ਤੇ ਛੱਡਣ ਦਾ ਕੰਮ ਕਰਦੇ ਹਨ ਉਹ ਬੱਚਿਆਂ ਪਾਸੋਂ ਹਾਲ ਦੀ ਘੜੀ ਪੈਸੇ ਨਾ ਲੈਣ ਅਤੇ ਇਸ ਸਬੰਧੀ ਸਰਕਾਰ ਗ਼ਰੀਬਾਂ ਦੀ ਮਦਦ ਕਰੇ ਜੋ ਲਾਕਡਾਊਨ ’ਚ ਔਖਾ ਸਮਾਂ ਕੱਢ ਰਹੇ ਹਨ ।