ਕੋਰੋਨਾ ਦੌਰ ’ਚ ਬਟਾਲਾ ਵਾਸੀ ਆਰ.ਐਸ. ਸਚਦੇਵਾ ਨੇ ਲਾਇਆ ਆਕਸੀਜਨ ਦਾ ਮੁਫ਼ਤ ‘ਲੰਗਰ’

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਦੌਰ ’ਚ ਬਟਾਲਾ ਵਾਸੀ ਆਰ.ਐਸ. ਸਚਦੇਵਾ ਨੇ ਲਾਇਆ ਆਕਸੀਜਨ ਦਾ ਮੁਫ਼ਤ ‘ਲੰਗਰ’

image

ਕੰਪਨੀ ਦੇ ਡਾਇਰੈਕਟਰ ਆਰ.ਐਸ ਸਚਦੇਵਾ ਦੇ ਹੋ ਰਹੀ ਹੈ ਸ਼ਲਾਘਾ
 

ਮੁਹਾਲੀ, 21 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਅਜਿਹੇ ’ਚ ਕਈ ਥਾਵਾਂ ਤੋਂ ਆਕਸੀਜਨ ਦੀ ਕਮੀ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਇਸ ਵਿਚ ਪੰਜਾਬ ਦੇ ਮੋਹਾਲੀ ਵਿਚ ਸਨਅਤੀ ਗੈਸਾਂ ਬਣਾਉਣ ਵਾਲੀ ਇਕ ਕੰਪਨੀ ਮੁਫ਼ਤ ਮੈਡੀਕਲ ਆਕਸੀਜਨ ਮੁਹਈਆ ਕਰਵਾ ਰਹੀ ਹੈ। ਇਹ ਕੰਪਨੀ ਪੰਜਾਬ ਵਿਚ ਵੱਖ-ਵੱਖ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਸਪਲਾਈ ਕਰ ਰਹੀ ਹੈ।
 ਹਿਤੈਚ ਦੇ ਡਾਇਰੈਕਟਰ ਸ. ਆਰ.ਐਸ ਸਚਦੇਵਾ ਨੇ ਦਸਿਆ ਕਿ ਉਹ ਕਈ ਸਾਲਾਂ ਤੋਂ ਲੋੜਵੰਦਾਂ ਨੂੰ ਘਰਾਂ ਵਿਚ ਮੁਫ਼ਤ ਆਕਸੀਜਨ ਦੇ ਰਹੇ ਹਨ ਅਤੇ ਹੁਣ ਕੋਰੋਨਾ ਦੇ ਚਲਦੇ ਆਕਸੀਜਨ ਦੀ ਮੰਗ ਵਿਚ ਵਾਧਾ ਹੋਇਆ ਹੈ। ਉਨ੍ਹਾਂ ਦਸਿਆ ਪਹਿਲਾਂ ਉਹ ਅਪਣੇ ਹੀ ਸਿਲੰਡਰ ਵਿਚ ਆਕਸੀਜਨ ਦਿੰਦੇ ਸਨ ਪਰ ਕਈ ਵਾਰ ਲੋਕਾਂ ਨੇ ਸਿਲੰਡਰ ਹੀ ਵਾਪਸ ਨਾ ਕੀਤੇ। ਇਸ ਕਰ ਕੇ ਹੁਣ ਜ਼ਿਆਦਾਤਰ ਲੋੜਵੰਦ ਅਪਣਾ ਸਿਲੰਡਰ ਭਰਵਾ ਕੇ ਲੈ ਜਾਂਦੇ ਹਨ। ਉਨ੍ਹਾਂ ਮੁਤਾਬਕ ਰੋਜ਼ਾਨਾ ਤਕਰੀਬਨ 80 ਸਿਲੰਡਰ ਲੋੜਵੰਦਾਂ ਲਈ ਭਰੇ ਜਾ ਰਹੇ ਹਨ। ਕਈ ਹੋਰ ਰਾਜਾਂ ਤੋਂ ਵੀ ਕੋਰੋਨਾ ਵਾਇਰਸ ਦੇ ਪ੍ਰਭਾਵਤ ਮਰੀਜ਼ਾਂ ਲਈ ਆਕਸੀਜਨ ਮੁਹਈਆ ਕਰਵਾਉਣ ਲਈ ਫ਼ੋਨ ਆ ਰਹੇ ਹਨ ਪਰ ਉਹ ਇੰਨੀ ਦੂਰ ਆਕਸੀਜਨ ਸਿਲੰਡਰ ਨਹੀਂ ਪਹੁੰਚਾ ਸਕਦੇ। ਉਨ੍ਹਾਂ ਵਲੋਂ ਇਕ ਮੋਬਾਈਲ ਨੰਬਰ ਸੋਸ਼ਲ ਮੀਡੀਆ ਉੱਤੇ ਪਾਇਆ ਹੋਇਆ ਹੈ, ਜਿਸ ਉਤੇ ਲੋੜਵੰਦ ਕਾਲ ਕਰਦੇ ਹਨ।
ਉਨ੍ਹਾਂ ਦਸਿਆ ਕਿ ਲੋਕਾਂ ਨੇ ਇਸ ਸੰਦੇਸ਼ ਨੂੰ ਜਨਤਕ ਕਰ ਦਿਤਾ ਹੈ ਜਿਸ ਕਰ ਕੇ ਹੋਰ ਰਾਜਾਂ ਦੇ ਲੋਕ ਵੀ ਲਗਾਤਾਰ ਕਾਲ ਕਰ ਰਹੇ ਹਨ। ਉਨ੍ਹਾਂ ਮੁਤਾਬਕ ਕੋਰੋਨਾ ਵਾਇਰਸ ਦੇ ਚਲਦੇ ਹਸਪਤਾਲਾਂ ਵਿਚ ਆਕਸੀਜਨ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਹੈ। ਉਨ੍ਹਾਂ ਇਹ ਵੀ ਦਸਿਆ ਕਿ ਪੰਜਾਬ ਵਿਚ ਹਾਲੇ ਤਕ ਆਕਸਜੀਨ ਦੀ ਕਮੀ ਨਹੀਂ ਆਈ ਪਰ ਜੋ ਹਾਲਾਤ ਹਨ ਕਮੀ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੰਡਸਟਰੀ ਸਰਕਾਰ ਤੇ ਲੋਕਾਂ ਦੇ ਨਾਲ ਖੜੀ ਹੈ ਤੇ ਲੋੜ ਪੈਣ ’ਤੇ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।

 ਜ਼ਿਕਰਯੋਗ ਹੈ ਕਿ ਸ. ਸਚਦੇਵਾ ਮੂਲ ਰੂਪ ਵਿਚ ਬਟਾਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਸ. ਮਹਿੰਦਰ ਸਿੰਘ ਬਟਾਲਾ ਦੇ ਨਾਮੀ ਕਾਰੋਬਾਰੀ ਸਨ ਤੇ ਉਥੇ ਉਨ੍ਹਾਂ ਦਾ ਸ਼ੈਲਰਾਂ, ਪਟਰੌਲ ਪੰਪਾਂ ਤੇ ਆੜ੍ਹਤ ਦਾ ਕਾਰੋਬਾਰ ਸੀ। ਮਾਨਵਤਾ ਦੀ ਭਲਾਈ ਦੀ ਚਿਣਗ ਉਨ੍ਹਾਂ ਨੂੰ ਪਿਤਾ ਜੀ ਕੋਲੋਂ ਹੀ ਲੱਗੀ। ਆਖ਼ਰ ਕਰੀਬ 1990 ਵਿਚ ਰੁਪਿੰਦਰ ਸਿੰਘ ਸਚਦੇਵਾ ਮੋਹਾਲੀ ਵਿਚ ਵਸ ਗਏ ਤੇ ਇਥੇ ਉਨ੍ਹਾਂ ਇਸ ਇੰਡਸਟਰੀ ਨਾਲ ਅਪਣਾ ਨਾਮ ਕਮਾਇਆ। ਉਹ ਮੋਹਾਲੀ ਇੰਡਸਟਰੀ ਦੇ ਇਕ ਵਾਰ ਪ੍ਰਧਾਨ ਵੀ ਰਹੇ।