ਕਿਸਾਨ ਅੰਦੋਲਨ ਨੂੰ ਜ਼ਬਰਦਸਤੀ ਖ਼ਤਮ ਨਹੀਂ ਕਰਵਾ ਸਕਦੀ ਸਰਕਾਰ : ਰਾਕੇਸ਼ ਟਿਕੈਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

' ਲਾਕਡਾਊਨ ਲੱਗਣ ਦੇ ਬਾਵਜੂਦ ਅੰਦੋਲਨ ਨਹੀਂ ਰੁਕੇਗਾ''

Rakesh Tikait

ਸੋਨੀਪਤ : ਤਿੰਨਾਂ ਖੇਤੀ ਕਾਨੂੰਨਾਂ ਖ਼ਿਲਾਫ਼ ਕੁੰਡਲੀ ਬਾਰਡਰ ’ਤੇ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਅੰਦੋਲਨਕਾਰੀਆਂ ਦਾ ਧਰਨਾ ਜਾਰੀ ਹੈ। ਕੋਰੋਨਾ ਇਨਫੈਕਸ਼ਨ ਦੇ ਵਧਦੇ ਖ਼ਤਰੇ ਅਤੇ ਅਸਰ ਵਿਚਾਲੇ ਵੀ ਸੰਯੁਕਤ ਕਿਸਾਨ ਮੋਰਚਾ ਧਰਨੇ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਬੁਧਵਾਰ ਨੂੰ ਕੁੰਡਲੀ ਬਾਰਡਰ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਅੰਦੋਲਨ ਨੂੰ ਜ਼ਬਰਦਸਤੀ ਖ਼ਤਮ ਨਹੀਂ ਕਰਵਾ ਸਕਦੀ। 

ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਇਹ ਨਾ ਸੋਚੇ ਕਿ ਦਬਾਅ ‘ਚ ਧਰਨੇ ਤੋਂ ਲੋਕਾਂ ਨੂੰ ਘਰ ਭੇਜ ਦਿੱਤਾ ਜਾਵੇਗਾ। ਜੇ ਸਰਕਾਰ ਨੇ ਜ਼ਬਰਦਸਤੀ ਕੀਤੀ ਤਾਂ ਪਿੰਡਾਂ ‘ਚ ਕਿਸੇ ਵੀ ਭਾਜਪਾ ਨੇਤਾ ਨੂੰ ਵੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਾਕਡਾਊਨ ਲੱਗਣ ਦੇ ਬਾਵਜੂਦ ਅੰਦੋਲਨ ਨਹੀਂ ਰੁਕੇਗਾ। ਟਿਕੈਤ ਰਾਈ ਸਥਿਤ ਇਕ ਢਾਬੇ ’ਤੇ ਪ੍ਰੈੱਸ ਕਾਰਨਫ਼ਰੰਸ ਕਰ ਰਹੇ ਸਨ।

ਭਾਕਿਯੂ ਦੇ ਨੇਤਾ ਗੁਰਨਾਮ ਸਿੰਘ ਚਡੂਨੀ ਨੇ ਢਾਬਾ ਮਾਲਕ ਰਾਮ ਸਿੰਘ ਵੱਲੋਂ ਧਰਨੇ ‘ਤੇ ਆਰਓ ਦਾ ਪਾਣੀ ਅਤੇ ਆਟਾ ਮੁਹੱਈਆ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਚਡੂਨੀ ਨੇ ਕਿਹਾ ਕਿ ਜਿਹੜਾ ਵੀ ਵਿਅਕਤੀ ਅੰਦੋਲਨ ਦੀ ਮਦਦ ਕਰਦਾ ਹੈ, ਉਸ ਨੂੰ ਸਰਕਾਰ ਈਡੀ ਦਾ ਨੋਟਿਸ ਭੇਜ ਦਿੰਦੀ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਮਨਜੀਤ ਰਾਏ ਨੇ ਕਿਹਾ ਕਿ ਸੋਨੀਪਤ ਪ੍ਰਸ਼ਾਸਨ ਨਾਲ ਉਨ੍ਹਾਂ ਦੀ ਬੈਠਕ ਹੋਈ ਸੀ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਸਰਕਾਰ ਵਲੋਂ ਕੋਰੋਨਾ ਸਬੰਧ ਕਿਸੇ ਤਰ੍ਹਾਂ ਦੀ ਜਾਂਚ ’ਚ ਉਹ ਸ਼ਾਮਲ ਨਹੀਂ ਹੋਣਗੇ ਕਿਉਂਕਿ ਜੇ ਉਨ੍ਹਾਂ ਨੂੰ ਜਾਂਚ ਦੀ ਜ਼ਰੂਰਤ ਹੈ ਤਾਂ ਉਹ ਖ਼ੁਦ ਜਾਂਚ ਕਰਵਾਉਣਗੇ। 
ਉਨ੍ਹਾਂ ਕਿਹਾ ਕਿ ਸਰਕਾਰ ਜਾਂਚ ਦੇ ਨਾਂ ’ਤੇ ਉਨ੍ਹਾਂ ਨਾਲ ਧੋਖਾ ਕਰ ਸਕਦੀ ਹੈ।