ਗੋਲੀਕਾਂਡ ਕੇਸਾਂ ਦੀ ਆਪ ਪੈਰਵੀਂ ਕਰਾਂਗਾ : ਕੁੰਵਰ ਵਿਜੇ ਪ੍ਰਤਾਪ

ਏਜੰਸੀ

ਖ਼ਬਰਾਂ, ਪੰਜਾਬ

ਗੋਲੀਕਾਂਡ ਕੇਸਾਂ ਦੀ ਆਪ ਪੈਰਵੀਂ ਕਰਾਂਗਾ : ਕੁੰਵਰ ਵਿਜੇ ਪ੍ਰਤਾਪ

image

ਕੇਸ ਨੂੰ ਵਕੀਲਾਂ ਲਈ ਕੁਬੇਰ ਦਾ ਖ਼ਜ਼ਾਨਾ ਦਸਿਆ
 

ਚੰਡੀਗੜ੍ਹ, 21 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰਨ ਵਾਲੇ ਪੁਲਿਸ ਅਫ਼ਸਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ  ਸੇਵਾਮੁਕਤੀ ਉਪਰੰਤ ਹੁਣ ਇਸ ਕੇਸ ਦੀ ਪੈਰਵੀਂ ਆਪ ਕਰਨ ਲਈ ਕਮਰ ਕਸ ਲਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਜਾਂਚ ਲੰਮੀ ਹੋ ਗਈ ਤਾਂ ਹੌਲੀ-ਹੌਲੀ ਗਵਾਹ ਕਮਜ਼ੋਰ ਪੈ ਜਾਣਗੇ ਅਤੇ ਇਹ ਕੇਸ ਕਿਸੇ ਸਿੱਟੇ ਨਹੀਂ ਪੁੱਜੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਅਦਾਲਤ ਵਿਚ ਪੈਰਵੀਂ ਕਰਨਗੇ ਪਰ ਨਵੀਂ ਬਣਨ ਵਾਲੀ ਸਿੱਟ ਨੂੰ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰਨਗੇ। ਆਈਜੀ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਤੱਥਾਂ ਦੇ ਅਧਾਰ ’ਤੇ ਕੇਸ ਦੀ ਪੈਰਵੀਂ ਹੀ ਨਹੀਂ ਕੀਤੀ ਗਈ ਅਤੇ ਇਹ ਕੇਸ ਅਜੇ ਤਕ ਸਿਰਫ਼ ਇਸੇ ਗੱਲ ਵਿਚ ਉਲਝ ਰਿਹਾ ਹੈ ਕਿ ਦੋਸ਼ ਪੱਤਰ (ਚਲਾਨ) ’ਤੇ ਸਿਰਫ਼ ਇਕੋ ਅਫ਼ਸਰ ਯਾਨੀ ਉਨ੍ਹਾਂ ਦੇ ਦਸਤਖ਼ਤ ਸਨ ਅਤੇ ਸਿੱਟ ਦੇ ਹੋਰ ਮੈਂਬਰਾਂ ਦੇ ਹਸਤਾਖਰ ਨਹੀਂ ਸਨ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਇਸ ਕੇਸ ਦੀ ਇੰਨੀ ਡੂੰਘਾਈ ਨਾਲ ਜਾਂਚ ਕੀਤੀ ਹੈ ਕਿ ਸੀਬੀਆਈ ਵੀ ਇੰਨੀ ਡੂੰਘਾਈ ਨਾਲ ਜਾਂਚ ਨਹੀਂ ਕਰ ਸਕਦੀ। 
ਉਨ੍ਹਾਂ ਕਿਹਾ ਕਿ ਸੀਬੀਆਈ ਨੇ ਚਾਰ ਸਾਲ ਜਾਂਚ ਕਰਨ ਉਪਰੰਤ ਰੀਪੋਰਟ ਦਾਖ਼ਲ ਕਰ ਦਿਤੀ ਤੇ ਉਨ੍ਹਾਂ ਨੇ ਇਸ ਕੇਸ ਦੀ ਜਾਂਚ ਛੇ ਮਹੀਨੇ ਵਿਚ 
ਕਰ ਕੇ ਦੋਸ਼ ਪੱਤਰ ਅਦਾਲਤ ਵਿਚ ਵੀ ਦਾਖ਼ਲ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਸੰਵਿਧਾਨ, ਸੀਆਰਪੀਸੀ ਤੇ ਪੀਪੀਆਰ ਦੀ ਉਨ੍ਹਾਂ ਨੇ ਪੂਰਾ ਅਧਿਐਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ ਪੱਤਰਾਂ ’ਤੇ ਅੱਜ ਤਕ ਸਿਰਫ਼ ਜਾਂਚ ਕਰਨ ਵਾਲੇ ਅਫ਼ਸਰ ਦੇ ਹੀ ਦਸਤਖ਼ਤ ਹੁੰਦੇ ਆਏ ਹਨ ਨਾ ਕਿ ਸਿਟ ਦੇ ਸਾਰੇ ਮੈਂਬਰਾਂ ਦੇ। ਉਨ੍ਹਾਂ ਕਿਹਾ ਕਿ ਬਹਿਬਲਕਲਾਂ ਗੋਲੀਕਾਂਡ ਦਾ ਪਹਿਲਾ ਚਲਾਨ ਇਕੱਲੇ ਐਸਐਸਪੀ ਸਤਿੰਦਰ ਸਿੰਘ ਦੇ ਹਸਤਾਖ਼ਰ ਤਹਿਤ ਪੇਸ਼ ਹੋਇਆ ਤੇ ਇਸ ’ਤੇ ਕਦੇ ਵੀ ਕਿਸੇ ਨੇ ਕਿੰਤੂ ਪ੍ਰੰਤੂ ਨਹੀਂ ਕੀਤਾ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਦਾ ਟਾਸਕ ਦਿਤਾ ਗਿਆ ਸੀ ਤੇ ਇਸ ਸਬੰਧੀ ਉਨ੍ਹਾਂ ਨੇ ਅਪਣੇ ਦਸਤਖ਼ਤ ਤਹਿਤ ਫ਼ਰੀਦਕੋਟ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਤੇ ਅਦਾਲਤ ਨੇ ਇਕ ਸਫ਼ੇ ਦੇ ਹੁਕਮ ਵਿਚ ਸਪੱਸ਼ਟ ਲਿਖਿਆ ਕਿ ਦੋਸ਼ ਪੱਤਰ ਦਾਖ਼ਲ ਹੋਇਆ, ਜਾਂਚ ਕੀਤੀ ਗਈ ਤੇ ਦੋਸ਼ ਪੱਤਰ ਦਰੁਸਤ ਪਾਇਆ ਗਿਆ। 
ਉਨ੍ਹਾਂ ਕਿਹਾ ਕਿ ਕਿਸੇ ਜਾਂਚ ਸਬੰਧੀ ਕਦੇ ਵੀ ਸਰਕਾਰ ਜਾਂ ਹਾਈ ਕੋਰਟ ਨੂੰ ਰੀਪੋਰਟ ਦੇਣੀ ਹੋਵੇ ਤਾਂ ਸਿਟ ਦੇ ਸਾਰੇ ਮੈਂਬਰਾਂ ਦੇ ਦਸਤਖ਼ਤ ਹੁੰਦੇ ਹਨ ਤੇ ਇਨ੍ਹਾਂ ਕੇਸਾਂ ਸਬੰਧੀ ਹਾਈ ਕੋਰਟ ਵਿਚ ਦਾਖ਼ਲ ਸਥਿਤੀ ਰੀਪੋਰਟਾਂ ’ਤੇ ਸਿਟ ਦੇ ਸਾਰੇ ਮੈਂਬਰਾਂ ਨੇ ਦਸਤਖ਼ਤ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੇਕਰ ਪੱਖ ਰੱਖਣ ਦਾ ਮੌਕਾ ਮਿਲਿਆ ਹੁੰਦਾ ਤਾਂ ਉਹ ਜਾਂਚ ਬਾਰੇ ਹਾਈ ਕੋਰਟ ਨੂੰ ਜਾਣੂੰ ਕਰਵਾਉਂਦੇ। ਇਸ ਕੇਸ ਨਾਲ ਜੁੜੇ ਸਰਕਾਰ ਦੇ ਵਕੀਲਾਂ ਨੂੰ ਕਟਹਿਰੇ ’ਚ ਖੜ੍ਹੇ ਕਰਦਿਆਂ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਵਕੀਲਾਂ ਨੇ ਉਨ੍ਹਾਂ ਨੂੰ ਪੱਖ ਰੱਖਣ ਦਾ ਮੌਕਾ ਹੀ ਨਹੀਂ ਦਿਤਾ।


ਸੇਵਾਮੁਕਤ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਕੇਸ ਨੂੰ ਵਕੀਲਾਂ ਲਈ ਕੁਬੇਰ ਦਾ ਖ਼ਜ਼ਾਨਾ ਦਸਿਆ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਕੇਸ ਦੀ ਪੈਰਵੀਂ ਲਈ ਇੰਨਾ ਖ਼ਰਚ ਕੀਤਾ ਗਿਆ ਜਿਸ ਦਾ ਅੰਦਾਜ਼ਾ ਇਥੋਂ ਹੀ ਲਗਾਇਆ ਜਾ ਸਕਦਾ ਹੈ ਕਿ 26 ਜੁਲਾਈ 2019 ਨੂੰ ਅਚਾਨਕ ਵਕੀਲਾਂ ਦੀ ਹੜਤਾਲ ਹੋ ਗਈ ਅਤੇ ਦਿੱਲੀ ਤੋਂ ਪੈਰਵੀਂ ਕਰਨ ਆਏ ਵਕੀਲਾਂ ਦੇ ਇਸ ਦਿਨ ਦਾ ਖਰਚ 55 ਲੱਖ ਰੁਪਏ ਸੀ। ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਕੇਸਾਂ ਦੀ ਜਾਣਕਾਰੀ ਸਾਂਝਾ ਕਰਨ ਲਈ ਦਿੱਲੀ ਦੇ ਵਕੀਲਾਂ ਦੇ ਦਫ਼ਤਰ ਮੁਹਰੇ ਉਨ੍ਹਾਂ ਨੂੰ ਚਪੜਾਸੀ ਵਾਂਗ ਖੜੇ ਰਹਿ ਕੇ ਇੰਤਜਾਰ ਕਰਨਾ ਪੈਂਦਾ ਸੀ ਤੇ ਉਨ੍ਹਾਂ ਤੋਂ ਵਾਰ-ਵਾਰ ਕੇਸਾਂ ਦੇ ਤੱਥ ਪੁੱਛੇ ਜਾਂਦੇ ਸਨ ਪਰ ਕਥਿਤ ਤੌਰ ’ਤੇ ਪੱਕਾ ਨੋਟ ਨਹੀਂ ਸੀ ਬਣਾਇਆ। ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਕਟਹਿਰੇ ’ਚ ਖੜੇ ਕਰਦਿਆਂ ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਇਸ ਕੇਸ ਵਿਚ ਏਜੀ ਨੂੰ ਪੇਸ਼ ਹੋਣ ਲਈ ਬਕਾਇਦਾ ਹੁਕਮ ਜਾਰੀ ਕੀਤਾ ਹੋਇਆ ਸੀ ਪਰ ਉਹ ਇਸ ਕੇਸ ਦੀ ਤਰੀਕਾਂ ’ਤੇ ਮੈਡੀਕਲ ਛੁੱਟੀ ’ਤੇ ਹੁੰਦੇ ਸੀ।