ਬੇਅਦਬੀ ਮੁੱਦੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਮੁੜ ਸਵਾਲ ਚੁੱਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਸੱਭ ਰਲੇ ਹੋਏ ਹਨ, ਸੋਚੀ ਸਮਝੀ ਸੱਭ ਦੀ ਮਿਲੀ ਜੁਲੀ ਯੋਜਨਾ ਹੈ, ਮਕਸਦ ਹੈ ਆਪ ਤਾਂ ਡੁੱਬਾਂਗੇ, ਸੱਭ ਨੂੰ ਨਾਲ ਲੈ ਕੇ ਡੁੱਬਾਂਗੇ

Navjot singh sidhu

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਮੁੜ ਅਪਣੀ ਹੀ ਸਰਕਾਰ ’ਤੇ ਤਿੱਖੇ ਸਵਾਲ ਚੁੱਕੇ ਜਾ ਰਹੇ ਹਨ। ਉਨ੍ਹਾਂ ਫੇਸਬੁੱਕ ਪੋਸਟ ਰਾਹੀਂ ਇਕ ਹੋਰ ਸ਼ਬਦੀ ਹਮਲਾ ਬੋਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਸਵਾਲ ਚੁੱਕੇ ਹਨ।

ਇਸ ਤਰ੍ਹਾਂ ਲਗਾਤਾਰ ਸਿੱਧੂ ਵਲੋਂ ਅਪਣੀ ਹੀ ਸਰਕਾਰ ਨੂੰ ਘੇਰਨ ਦੇ ਕੀਤੇ ਜਾ ਰਹੇ ਯਤਨਾਂ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਵੀ ਚਰਚਾ ਛਿੜ ਚੁੱਕੀ ਹੈ ਕਿ ਸਿੱਧੂ ਹੁਣ ਛੇਤੀ ਹੀ ਅਗਲੇ ਦਿਨਾਂ ਵਿਚ ਅਪਣੇ ਭਵਿੱਖ ਦਾ ਐਲਾਨ ਕਰਨ ਵਾਲੇ ਹਨ। ਸੱਭ ਦੀਆਂ ਨਜ਼ਰਾਂ ਹੁਣ ਇਸ ਗੱਲ ’ਤੇ ਹਨ ਕਿ ਸਿੱਧੂ ਕਾਂਗਰਸ ਨੂੰ ਅਲਵਿਦਾ ਕਹਿਣ ਬਾਅਦ ਅਪਣੀ ਪਾਰਟੀ ਬਣਾਉਂਦੇ ਹਨ ਜਾਂ ਕਿਸੇ ਹੋਰ ਪਾਰਟੀ ਦਾ ਪੱਲਾ ਫੜਦੇ ਹਨ।

ਪਿਛਲੇ ਦਿਨੀਂ ਹਾਈ ਕੋਰਟ ਦੇ ਫ਼ੈਸਲੇ ਤੇ ਨਸ਼ਿਆਂ ਦੇ ਮੁੱਦੇ ’ਤੇ ਕੈਪਟਨ ਸਰਕਾਰ ’ਤੇ ਸਵਾਲ ਚੁਕਣ ਬਾਅਦ ਹੁਣ ਸਿੱਧੂ ਨੇ ਅੱਜ ਬੇਅਦਬੀਆਂ ਦੇ ਮੁੱਦੇ ’ਤੇ ਕਿਹਾ ਕਿ ਸੱਭ ਰਲੇ ਹੋਏ ਹਨ। ਸੋਚੀ ਸਮਝੀ ਮਿਲੀ ਜੁਲੀ ਯੋਜਨਾ ਹੈ ਅਤੇ ਇਸ ਦਾ ਹੈ ਆਪ ਤਾਂ ਡੁੱਬਾਂਗੇ ਪਰ ਸੱਭ ਨੂੰ ਨਾਲ ਲੈ ਕੇ ਡੁੱਬਾਂਗੇ। 

ਉਨ੍ਹਾਂ ਅੱਗੇ ਕਿਹਾ ਕਿ ਕਿਸੇ ਪਾਰਟੀ ਜਾਂ ਸਰਕਾਰ ਦੀ ਗ਼ਲਤੀ ਨਹੀਂ ਅਤੇ ਉਸ ਵਿਅਕਤੀ ਦੀ ਅਸਮਰਥਤਾ ਹੈ ਜੋ ਦੋਸ਼ੀਆਂ ਨਾਲ ਘਿਉ ਖਿਚੜੀ ਹੈ। ਉਨ੍ਹਾਂ ਦਾ ਇਸ਼ਾਰਾ ਅਸਿੱਧੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ਵਲ ਹੀ ਸਮਝਿਆ ਜਾ ਰਿਹਾ ਹੈ। ਸਿੱਧੂ ਨੇ ਇਸ ਪੋਸਟ ਨਾਲ ਫੇਸਬੁਕ ’ਤੇ ਬੇਅਦਬੀ ਦੇ ਮੁੱਦਿਆਂ ਨਾਲ ਸਬੰਧਤ ਅਪਣੇ ਪੁਰਾਣੇ ਭਾਸ਼ਨਾਂ ਦੀਆਂ ਵੀਡੀਉ ਵੀ ਅਟੈਚ ਕੀਤੀਆਂ ਹਨ