ਨਾਸਿਕ ਵਿਚ ਆਕਸੀਜਨ ਦਾ ਟੈਂਕਰ ਹੋਇਆ ਲੀਕ, 22 ਮਰੀਜ਼ਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਨਾਸਿਕ ਵਿਚ ਆਕਸੀਜਨ ਦਾ ਟੈਂਕਰ ਹੋਇਆ ਲੀਕ, 22 ਮਰੀਜ਼ਾਂ ਦੀ ਮੌਤ

image

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟ ਕੀਤਾ

ਮੁੰਬਈ, 21 ਅਪ੍ਰੈਲ : ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਬੁਧਵਾਰ ਨੂੰ ਕਿਹਾ ਕਿ ਨਾਸਿਕ ਦੇ ਜ਼ਾਕਿਰ ਹੁਸੈਨ ਹਸਪਤਾਲ ’ਚ ਆਕਸੀਜਨ ਟੈਂਕ ਲੀਕ ਹੋਣ ਕਾਰਨ ਘੱਟੋ ਘੱਟ 22 ਮਰੀਜ਼ਾਂ ਦੀ ਮੌਤ ਹੋ ਗਈ ਹੈ ਜੋ ਵੈਂਟੀਲੇਟਰ ’ਤੇ ਸਨ। ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਇਕ ਟੈਂਕ ਤੋਂ ਆਕਸੀਜਨ ਲੀਕ ਹੋ ਸਕਦਾ ਹੈ।  ਟੋਪੇ ਨੇ ਇਸ ਘਟਨਾ ਦੀ ਜਾਂਚ ਕਰਾਉਣ ਦਾ ਐਲਾਨ ਕੀਤਾ ਹੈ। 
ਨਰਗ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਹਸਪਤਾਲ ’ਚ 150 ਮਰੀਜ਼ ਦਾਖ਼ਲ ਸਨ ਜਿਨ੍ਹਾਂ ਵਿਚੋਂ ਘਟਨਾ ਦੇ ਸਮੇਂ 23 ਵੈਂਟੀਲੇਟਰ ’ਤੇ ਸਨ ਅਤੇ ਬਾਕੀ ਆਕਸੀਜਨ ’ਤੇ ਸਨ। ਉਨ੍ਹਾਂ ਦਸਿਆ ਕਿ ਸਵੇਰੇ ਕਰੀਬ 10 ਵਜੇ ਆਕਸੀਜਨ ਟੈਂਕ ਦਾ ਇਕ ਸਾਕੇਟ ਟੁੱਟ ਗਿਆ ਸੀ ਜਿਸ ਕਾਰਨ ਗੈਸ ਲੀਕ ਹੋਣੀ ਸ਼ੁਰੂ ਹੋ ਗਈ ਸੀ। ਉਨ੍ਹਾਂ ਦਸਿਆ ਕਿ ਗੈਸ ਰਿਸਾਵ ਰੋਕ ਲਿਆ ਗਿਆ ਹੈ ਅਤੇ ਟੈਂਕ ਦੀ ਮੁਰਮੰਤ ਦੇ ਬਾਅਦ ਆਕਸੀਜਨ ਸਪਲਾਈ ਨੂੰ ਆਮ ਕੀਤਾ ਜਾ ਰਿਹਾ ਹੈ। 
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੀਕੇਜ ਕਾਰਨ ਆਕਸੀਜਨ ਦੀ ਸਪਲਾਈ ਠੱਪ ਹੋ ਗਈ ਸੀ, ਜਿਸ ਕਾਰਨ ਵੈਂਟੀਲੇਟਰ ’ਤੇ ਮੌਜੂਦ ਮਰੀਜ਼ਾਂ ਦੀ ਮੌਤ ਹੋ ਗਈ ਹੈ। ਹੁਣ ਪ੍ਰਸ਼ਾਸਨ ਵਲੋਂ ਲੀਕੇਜ ਦੀ ਜਾਂਚ ਬੈਠਾਈ ਜਾ ਰਹੀ ਹੈ। ਆਕਸੀਜਨ ਲੀਕ ਹੋਣ ਦੀ ਘਟਨਾ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਮਰੀਜ਼ਾਂ ਨੂੰ ਦੂਜੇ ਹਸਪਤਾਲ ’ਚ ਤਬਦੀਲ ਕੀਤਾ ਜਾ ਰਿਹਾ ਹੈ। ਹਾਲਾਤ ਨੂੰ ਲੈ ਕੇ ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਦਾ ਕਹਿਣਾ ਹੈ ਕਿ ਲੀਕੇਜ ਨੂੰ ਕੰਟਰੋਲ ਕਰ ਲਿਆ ਗਿਆ। 

ਟੈਂਕ ਤੋਂ ਆਕਸੀਜਨ ਦਾ ਕਥਿਤ ਤੌਰ ’ਤੇ ਰਿਸਾਵ ਹੋਣ ਦਾ ਇਕ ਵੀਡੀਉ ਸਵੇਰੇ ਤੋਂ ਹੀ ਸ਼ੋਸ਼ਲ ਮੀਡੀਆ ’ਤੇ ਵਾਇਰਸ ਹੋ ਰਿਹਾ ਹੈ। ਕੁੱਝ ਮ੍ਰਿਤਕ ਕੋਰੋਨਾ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਹੈ ਕਿ ‘‘ਆਕਸੀਜਨ ਦੀ ਘੱਟ ਸਪਲਾਈ’’ ਦੇ ਕਾਰਨ ਇਹ ਮੌਤਾਂ ਹੋਈਆਂ ਹਨ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ’ਤੇ ਦੁਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਦੁਖਦਾਈ ਦਸਿਆ ਹੈ। ਉਨ੍ਹਾਂ ਟਵੀਟ ਕੀਤਾ, “ਨਾਸਿਕ ਦੇ ਇਕ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋਣ ਕਾਰਨ ਵਾਪਰੀ ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਲੋਕਾਂ ਦੀ ਮੌਤ ਨੂੰ ਲੈ ਕੇ ਦੁਖ ਹੈ। ਦੁਖ ਦੀ ਇਸ ਘੜੀ ਵਿਚ ਪੀੜਤ ਪ੍ਰਵਾਰਾਂ ਨਾਲ ਹਮਦਰਦੀ ਹੈ।”        (ਏਜੰਸੀ)