ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੋਲੇ ਅਮਿਤ ਸ਼ਾਹ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੋਲੇ ਅਮਿਤ ਸ਼ਾਹ
'ਦੇਸ਼ ਸਿੱਖ ਗੁਰੂ ਸਾਹਿਬਾਨ ਦਾ ਰਿਣੀ ਹੈ'
ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਖਿਆ ਲਈ ਅਪਣੀ ਕੁਰਬਾਨੀ ਦਿਤੀ
ਨਵੀਂ ਦਿੱਲੀ, 21 ਅਪ੍ਰੈਲ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰਖਿਆ ਲਈ ਅਪਣਾ ਜੀਵਨ ਕੁਰਬਾਨ ਕਰ ਦਿਤਾ ਸੀ | ਦੇਸ਼ ਸਿੱਖ ਗੁਰੂ ਸਾਹਿਬਾਨ ਦਾ ਰਿਣੀ ਹੈ |
ਅਮਿਤ ਸ਼ਾਹ ਨੇ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ 'ਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਗੁਰੂ ਦੀ ਮਹਾਨ ਕੁਰਬਾਨੀ ਨੇ ਭਾਰਤ ਦੀ ਆਜ਼ਾਦੀ ਦਾ ਬੀਜ ਬੀਜਿਆ ਸੀ | ਅਮਿਤ ਸ਼ਾਹ ਨੇ ਕਿਹਾ, Tਗੁਰੂ ਤੇਗ ਬਹਾਦਰ ਨੇ ਹਿੰਦੂ ਧਰਮ ਦੀ ਰਖਿਆ ਲਈ ਅਪਣੇ ਆਪ ਨੂੰ ਕੁਰਬਾਨ ਕਰ ਦਿਤਾ | ਜਦੋਂ ਕਸ਼ਮੀਰੀ ਪੰਡਤਾਂ ਨੇ ਉਨ੍ਹਾਂ ਨੂੰ ਦਸਿਆ ਕਿ ਮੁਗ਼ਲ ਉਨ੍ਹਾਂ 'ਤੇ ਕਿਸ ਤਰ੍ਹਾਂ ਦੇ ਜ਼ੁਲਮ ਕਰ ਰਹੇ ਹਨ ਤਾਂ ਉਨ੍ਹਾਂ ਕਿਹਾ, ਜਾ ਕੇ ਔਰੰਗਜ਼ੇਬ ਨੂੰ ਕਹੋ ਕਿ ਪਹਿਲਾਂ ਉਹ ਮੇਰਾ ਧਰਮ ਪਰਿਵਰਤਨ ਕਰ ਲਵੇ, ਫਿਰ ਹੀ ਉਹ ਕਿਸੇ ਹੋਰ ਨੂੰ ਧਰਮ ਪਰਿਵਰਤਿਤ ਕਰ ਸਕਦਾ ਹੈ |''
ਉਨ੍ਹਾਂ ਕਿਹਾ,''ਉਹ ਦਿੱਲੀ ਆਏ ਸਨ ਅਤੇ ਇਥੇ ਚਾਂਦਨੀ ਚੌਕ ਵਿਚ ਉਨ੍ਹਾਂ ਨੇ ਸ਼ਹੀਦੀ ਦਿਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਸ਼ਹੀਦ ਕੀਤਾ, ਉਹ ਚਲੇ ਗਏ ਪਰ ਲੱਖਾਂ ਲੋਕ ਗੁਰੂ ਸਾਹਿਬ ਦੇ ਦਰਸਾਏ ਮਾਰਗ 'ਤੇ ਚਲ ਰਹੇ ਹਨ | ਇਸ ਲਈ 400 ਸਾਲਾ ਬਾਅਦ ਵੀ ਉਨ੍ਹਾਂ ਨੂੰ 'ਹਿੰਦ ਦੀ ਚਾਦਰ' ਕਿਹਾ ਜਾਂਦਾ ਹੈ |
ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਸੱਭ ਤੋਂ ਖ਼ੁਸ਼ਕਿਸਮਤ ਪ੍ਰਧਾਨ ਮੰਤਰੀ ਹਨ ਕਿਉਂਕਿ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ, ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ 'ਤੇ ਸਮਾਗਮ ਆਯੋਜਤ ਕਰਨ ਦਾ ਮੌਕਾ ਮਿਲਿਆ ਹੈ |
ਉਨ੍ਹਾਂ ਲਾਲ ਕਿਲ੍ਹੇ 'ਤੇ ਆਯੋਜਤ ਇਕ ਸਮਾਗਮ 'ਚ ਕਿਹਾ, ''ਮੈਂ ਬਿਨਾਂ ਕਿਸੇ ਝਿਜਕ ਦੇ ਇਹ ਕਹਿਣਾ ਚਾਹੁੰਦਾ ਹਾਂ ਕਿ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਦੀ ਮਹਾਨ ਕੁਰਬਾਨੀ ਕਾਰਨ ਹੀ ਭਾਰਤ ਨੂੰ ਬਾਅਦ 'ਚ ਆਜ਼ਾਦੀ ਮਿਲੀ ਅਤੇ ਦੇਸ਼ ਹੁਣ ਅਪਣਾ 75ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ'' | ਇਸ ਮੌਕੇ ਲਾਲ ਕਿਲ੍ਹਾ 'ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ' ਅਤੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਨਾਅਰਿਆਂ ਨਾਲ ਗੂੰਜ ਉੱਠਿਆ | ਪ੍ਰੋਗਰਾਮ ਵਿਚ ਚਾਰ ਸੌ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਵੀ ਕੀਤਾ | (ਪੀਟੀਆਈ)