ਬੱਦਲਵਾਈ ਅਤੇ ਤੇਜ਼ ਹਵਾਵਾਂ ਨਾਲ ਹੋਣ ਵਾਲੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸਾਹ 'ਸੂਤੇ'

ਏਜੰਸੀ

ਖ਼ਬਰਾਂ, ਪੰਜਾਬ

ਬੱਦਲਵਾਈ ਅਤੇ ਤੇਜ਼ ਹਵਾਵਾਂ ਨਾਲ ਹੋਣ ਵਾਲੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸਾਹ 'ਸੂਤੇ'

image

 

ਕੀ 'ਫਸਟ ਇੰਪਰੈਸ਼ਨ ਇਜ਼ ਦਿ ਲਾਸਟ ਇੰਪਰੈਸ਼ਨ' 'ਤੇ ਖਰੀ ਉਤਰਨ ਵਾਲੀ 'ਮਾਨ' ਸਰਕਾਰ ਕਿਸਾਨਾਂ ਨੂੰ  ਬਣਦਾ ਮੁਆਵਜ਼ਾ ਦੇਵੇਗੀ ਜਾਂ ਫਿਰ....?

ਬਟਾਲਾ, 21 ਅਪ੍ਰੈਲ (ਰਮੇਸ਼ ਬਹਿਲ) : 'ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲਾ ਵਿਚੋਂ ਨੀਰ ਵਗਿਆ' ਵਾਲੀ ਕਹਾਵਤ ਅੱਜ ਉਸ ਵੇਲੇ ਸੱਚ ਹੁੰਦੀ ਵਿਖਾਈ ਦਿਤੀ, ਜਦੋਂ ਮੰਡੀ ਵਿਚ ਕਣਕ ਦੀ ਫ਼ਸਲ ਲੈ ਕੇ ਕਿਸਾਨਾਂ ਵਲੋਂ ਇਸ ਵਾਰ ਕਣਕ ਦਾ ਝਾੜ ਘੱਟ ਨਿਕਲਣ 'ਤੇ ਆਪਣੇ ਹਿਰਦੇ ਦਾ ਦਰਦ ਪੱਤਰਕਾਰਾਂ ਨਾਲ ਸਾਂਝਾ ਕੀਤੇ ਦਾ ਮਾਮਲਾ ਸਾਹਮਣੇ ਆਇਆ |
ਜੀ ਹਾਂ! ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ਦੀ, ਜਿਥੇ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਢੇਰੀ ਲੈ ਕੇ ਆਏ ਕਿਸਾਨਾਂ ਦੇ ਚਿਹਰਿਆਂ 'ਤੇ ਇਸ ਵਾਰ 'ਲਾਲੀ' ਵੇਖਣ ਨੂੰ  ਨਹੀਂ ਮਿਲੀ ਕਿਉਂਕਿ ਦੇਸ਼ ਦਾ ਅੰਨਦਾਤਾ ਕਿਹਾ ਜਾਣ ਵਾਲਾ ਕਿਸਾਨ ਜਿਥੇ ਪਹਿਲਾਂ ਹੀ ਵੈਸਾਖ ਮਹੀਨੇ ਵਿਚ ਅਕਸਰ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ, ਉਥੇ ਨਾਲ ਇਸ ਵਾਰ ਵੀ ਇਨ੍ਹਾਂ ਦਿਨਾਂ ਦੌਰਾਨ ਨੀਲੇ ਆਕਾਸ਼ 'ਤੇ ਮੰਡਰਾਅ ਰਹੀ ਬੱਦਲਵਾਹੀ ਅਤੇ ਚਲ ਰਹੀਆਂ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹਤ ਸੂਤੇ ਕਰ ਕੇ ਰੱਖ ਦਿਤੇ ਹਨ | ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਅੱਜ ਸਵੇਰੇ ਕੁੱਝ ਪਲ ਲਈ ਹੋਈ ਬੇਮੌਸਮੀ ਬਰਸਾਤ ਨਾਲ ਜਿਥੇ ਕਿਸਾਨਾਂ ਦੀ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਕਣਕ ਦੀ ਫ਼ਸਲ ਨੂੰ  ਚਾਹੇ ਕੁੱਝ ਕੁ ਬਰਸਾਤ ਦੀ ਮਾਰ ਪਈ ਹੋਵੇ, ਪਰ ਦੂਜੇ ਪਾਸੇ ਮੰਡੀਆਂ ਵਿਚ ਚਲ ਰਹੇ ਸੀਜ਼ਨ ਦੌਰਾਨ ਕਿਸਾਨਾਂ ਨੂੰ  ਮੁੜ ਕੁਦਰਤੀ ਮਾਰ ਪੈਣ ਦਾ ਡਰ ਸਤਾਉਣ ਲੱਗ ਪਿਆ ਹੈ ਕਿਉਂ ਜੋ ਮੌਸਮ ਵਿਚ ਨਿਤ ਦਿਨ ਆ ਰਹੇ ਬਦਲਾਅ ਨਾਲ ਜਿਥੇ ਕਦੇ ਗਰਮੀ ਵਧ ਰਹੀ ਹੈ ਤੇ ਕਦੇ ਠੰਢੀਆਂ ਹਵਾਵਾਂ ਚਲ ਰਹੀਆਂ ਹਨ, ਉਥੇ ਬੇਮੌਸਮੀ ਬਾਰਿਸ਼ ਵੀ ਦਸਤਕ ਦੇਣ ਦੇ ਮੂਡ 'ਚ ਕਿਸੇ ਨਾ ਕਿਸੇ ਤਰ੍ਹਾਂ ਕਿਸਾਨਾਂ ਨੂੰ  ਸਤਾਉਣ ਦਾ ਮਨ ਬਣਾ ਰਹੀ ਹੈ |
ਉਧਰ, ਜੇਕਰ ਇਹ ਮੰਨ ਲਿਆ ਜਾਵੇ ਕਿ ਜੇਕਰ ਇੰਨ੍ਹੀਂ ਦਿਨੀਂ ਬਰਸਾਤ ਆਪਣਾ ਰੰਗ ਦਿਖਾ ਦਿੰਦੀ ਹੈ ਤਾਂ ਫਿਰ ਕਿਸਾਨ ਜੋ ਕਿ ਹਰ ਸਾਲ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਦੇ ਨਾਲ-ਨਾਲ ਵੱਧ ਖੇਤੀ ਲਾਗਤ ਨਾਲ ਦਿਨ-ਰਾਤ ਇਕ ਕਰਦਾ ਹੋਇਆ ਪੁੱਤਾਂ ਵਾਂਗ ਆਪਣੀ ਕਣਕ ਦੀ ਫਸਲ ਨੂੰ  ਤਿਆਰ ਕਰਦਾ ਹੈ ਤਾਂ ਅਜਿਹੇ ਵਿਚ ਜੇਕਰ ਉਸ ਨੂੰ  ਕਿਸੇ ਵੀ ਤਰ੍ਹਾਂ ਦਾ ਨੁਕਸਾਨ ਝੱਲਣਾ ਪੈ ਜਾਵੇ ਤਾਂ ਫਿਰ ਉਸ ਲਈ ਮੁੜ ਆਪਣੇ ਪੈਰਾਂ 'ਤੇ ਖੜਾ ਹੋਣਾ ਨਾਮੁਮਕਿਨ ਜਿਹਾ ਹੋ ਜਾਂਦਾ ਹੈ ਕਿਉਂਕਿ ਪਹਿਲਾਂ ਹੀ ਦੁਨੀਆਂ ਦਾ ਪੇਟ ਭਰਨ ਵਾਲਾ ਕਿਸਾਨ ਖੁਸ਼ਹਾਲ ਹੋਣ ਦੀ ਬਜਾਏ ਦਿਨੋ-ਦਿਨ ਆਰਥਕ ਪੱਖੋਂ ਕਮਜ਼ੋਰ ਹੋ ਗਿਆ ਹੈ ਅਤੇ ਉਤੋਂ ਕਿਸਾਨ ਵਰਗ ਨੂੰ  ਕੁਦਰਤੀ ਕਰੋਪੀ ਦੀ ਮਾਰ ਵੀ ਸਹਿਣੀ ਪੈਂਦੀ ਹੈ |
'ਆਪ' ਸਰਕਾਰ ਵਲੋਂ ਕਣਕ ਦੀ ਕੀਤੀ ਜਾ ਰਹੀ ਖਰੀਦ ਅਤੇ ਲਿਫ਼ਟਿੰਗ ਤੋਂ ਕਿਸਾਨ ਖ਼ੁਸ਼ : ਯਾਦ ਰਹੇ ਕਿ ਜਿਸ ਉਦੇਸ਼ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ  ਸੱਤਾ ਵਿਚ ਲਿਆਂਦਾ ਸੀ, ਉਸ ਦੇ ਚਲਦਿਆਂ 'ਆਪ' ਦੇ ਫ਼ਾਊਾਡਰ ਅਰਵਿੰਦ ਕੇਜਰੀਵਾਲ ਵਲੋਂ ਦਿਤੀਆਂ ਗਈਆਂ ਗਾਰੰਟੀਆਂ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅਪਣੀ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਹਾੜੀ ਸੀਜ਼ਨ ਦੌਰਾਨ ਕਣਕ ਦੀ ਫ਼ਸਲ ਦੀ ਸਰਕਾਰੀ ਖਰੀਦ ਤੈਅ ਸਮੇਂ ਵਿਚ ਸ਼ੁਰੂ ਕਰਵਾ ਕੇ ਜਿਥੇ ਕਿਸਾਨ ਮਨਾਂ ਵਿਚ ਇਕ ਵਖਰੀ ਜਗ੍ਹਾ ਬਣਾ ਲਈ ਹੈ, ਉਥੇ ਨਾਲ ਹੀ ਲਿਫ਼ਟਿੰਗ ਤੇ ਤੁਲਾਈ ਦਾ ਕੰਮ ਵੀ ਨਾਲੋ-ਨਾਲ ਹੋਣ ਕਰ ਕੇ ਕਿਸਾਨ 'ਆਪ' ਸਰਕਾਰ ਦੀ ਕਾਰਗੁਜ਼ਾਰੀ ਤੋਂ ਪੂਰੀ ਖ਼ੁਸ਼ ਵਿਖਾਈ ਦੇ ਰਹੇ ਹਨ | ਜਿਸ ਕਰ ਕੇ ਇਥੇ ਇਹ ਕਹਿਣ ਵਿਚ ਕੋਈ ਦੁਚਿੱਤੀ ਨਹੀਂ ਹੈ ਕਿ ਮਾਨ ਸਰਕਾਰ ਨੇ ਪਹਿਲੀ ਵਾਰ ਵਿਚ ਹੀ ਕਿਸਾਨ ਵਰਗ ਦੇ ਮਨਾਂ ਵਿਚ ਅਪਣੀ ਜਗ੍ਹਾ ਬਣਾਉਂਦਿਆਂ ਕਣਕ ਦੀ ਫ਼ਸਲ ਦੀ ਖਰੀਦ ਕਰਵਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਕਰ ਕੇ ਅਕਸਰ ਕਹਿੰਦੇ ਹਨ ਕਿ 'ਫ਼ਸਟ ਇੰਪਰੈਸ਼ਨ ਇਜ਼ ਦ ਲਾਸਟ ਇੰਪਰੈਸ਼ਨ' ਹੁੰਦਾ ਹੈ |' ਇਹ ਕਹਾਵਤ ਮੱੁਖ ਮੰਤਰੀ ਭਗਵੰਤ ਮਾਨ 'ਤੇ ਬਿਲਕੁਲ ਸਹੀ ਢੁਕਦੀ ਹੈ |
ਕੀ ਕਿਸਾਨਾਂ ਦੀ ਫ਼ਸਲ ਦੇ ਨਿਕਲੇ ਘੱਟ ਝਾੜ ਦੇ ਰੂਪ 'ਚ ਮਾਨ ਸਰਕਾਰ ਦੇਵੇਗੀ ਮੁਆਵਜ਼ਾ ਜਾਂ ਫਿਰ..........?
ਚਾਹੇ ਪਿਛਲੀ ਕਾਂਗਰਸ ਪਾਰਟੀ ਸਰਕਾਰ ਦੇ ਕਾਰਜਕਾਲ ਨੂੰ  ਪਿੱਛੇ ਛੱਡਦਿਆਂ ਇਸ ਵਾਰ ਵੀ ਮਾਨ ਸਰਕਾਰ ਨੇ ਕਿਸਾਨਾਂ ਦੇ ਮਨਾਂ 'ਤੇ ਤਾਂ ਇਕ ਪਾਸੇ ਅਪਣੀ ਛਾਪ ਛੱਡ ਦਿਤੀ ਹੈ, ਪਰ ਦੂਜੇ ਪਾਸੇ ਮੰਡੀ ਵਿਚ ਫ਼ਸਲ ਵੇਚਣ ਲਈ ਆਏ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਉਨ੍ਹਾਂ ਦੀ ਕਣਕ ਦੀ ਫ਼ਸਲ ਦਾ ਝਾੜ ਘੱਟ ਨਿਕਲਣ ਕਰਕੇ ਉਨ੍ਹਾਂ ਦੇ ਖੇਤੀ ਲਾਗਤ ਦੇ ਖਰਚੇ ਪੂਰੇ ਨਹੀਂ ਹੋ ਪਾ ਰਹੇ, ਜਿਸ ਕਰ ਕੇ ਉਨ੍ਹਾਂ ਦੀ ਮੁਖ ਮੰਤਰੀ ਪੰਜਾਬ ਤੋਂ ਮੰਗ ਹੈ ਕਿ ਉਨ੍ਹਾਂ ਨੂੰ  ਘੱਟ ਝਾੜ ਨਿਕਲਣ ਦੇ ਤੌਰ 'ਤੇ ਯੋਗ ਅਤੇ ਬਣਦਾ ਮੁਆਵਜ਼ਾ ਦੇਣ ਦਾ ਜਲਦ ਤੋਂ ਜਲਦ ਐਲਾਨ ਕੀਤਾ ਜਾਵੇ ਤਾਂ ਉਨ੍ਹਾਂ ਦੇ ਆਰਥਕ ਪੱਖੋਂ ਹੋਣ ਵਾਲੇ ਨੁਕਸਾਨ ਦੀ ਭਰਪਾਈ ਹੋ ਸਕੇ | ਪਰ ਹੁਣ ਇਹ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਕਿਸਾਨਾਂ ਦੀ ਇਹ ਯੋਗ ਅਤੇ ਜਾਇਜ਼ ਮੰਗ ਨੂੰ  ਕਦੋਂ ਤਕ ਪੂਰੀ ਕਰਦੇ ਹਾਂ ਕਿ ਜਾਂ ਫਿਰ ਕਿਸਾਨਾਂ ਨਾਲ 'ਹੱਥ ਨਾ ਪਹੁੰਚੇ ਥੂਹ ਕੌੜ, ਅੰਗੂਰ ਖੱਟੇ ਹੈਾ' ਵਾਲਾ ਕੰਮ ਹੁੰਦਾ ਹੈ |