DGP ਪੰਜਾਬ, 2 ADGP ਸਮੇਤ 149 ਪੁਲਿਸ ਕਰਮੀਆਂ ਨੇ ਕੋਵਿਡ-19 ਵੈਕਸੀਨੇਸ਼ਨ ਬੂਸਟਰ ਡੋਜ਼ ਲਗਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੀਜੀਪੀ ਭਾਵਰਾ ਨੇ ਬੂਸਟਰ ਡੋਜ਼ ਲਗਵਾਉਣ ਵਾਲੇ ਸਾਰੇ ਪੁਲਿਸ ਕਰਮੀਆਂ ਦੀ ਕੀਤੀ ਸ਼ਲਾਘਾ

DGP Punjab, 149 police personnel including 2 ADGPs administered Covid-19 vaccination booster dose


 

ਚੰਡੀਗੜ੍ਹ : ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ.ਜੀ.ਪੀ.) ਸ੍ਰੀ ਵੀ.ਕੇ ਭਾਵਰਾ ਸਮੇਤ 149 ਪੁਲਿਸ ਕਰਮਚਾਰੀਆਂ ਨੇ  ਸ਼ੁੱਕਰਵਾਰ ਨੂੰ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ (ਪੀ.ਪੀ.ਐਚ.ਕਿਊ.) ਵਿਖੇ ਲਗਾਏ ਗਏ ਇੱਕ ਵਿਸ਼ੇਸ਼ ਕੈਂਪ ਦੌਰਾਨ ਕੋਵਿਡ-19 ਵੈਕਸੀਨੇਸ਼ਨ ਬੂਸਟਰ ਡੋਜ਼ ਲਗਵਾਈ। ਇਸ ਦੌਰਾਨ ਪੁਲਿਸ ਦੇ ਦੋ ਵਧੀਕ ਡਾਇਰੈਕਟਰ ਜਨਰਲਜ਼ ਆਫ਼ ਪੁਲਿਸ ਜਿੰਨਾਂ ਵਿੱਚ ਏ.ਡੀ.ਜੀ.ਪੀ. (ਭਲਾਈ) ਅਰਪਿਤ ਸ਼ੁਕਲਾ ਅਤੇ ਏ.ਡੀ.ਜੀ.ਪੀ. (ਸੁਰੱਖਿਆ) ਸ਼ਰਦ ਸੱਤਿਆ ਚੌਹਾਨ ਅਤੇ ਏ.ਆਈ.ਜੀ. (ਭਲਾਈ)  ਸੁਖਵੰਤ ਸਿੰਘ ਗਿੱਲ ਨੇ ਵੀ ਬੂਸਟਰ ਡੋਜ਼ ਲਗਵਾਈ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਸਿਹਤ ਵਿਭਾਗ ਚੰਡੀਗੜ ਦੇ ਸਹਿਯੋਗ ਨਾਲ ਪੁਲਿਸ ਹੈਡਕੁਆਰਟਰ ਵਿਖੇ ਸਥਿਤ ਡਿਸਪੈਂਸਰੀ ਵਿਖੇ ਆਪਣੇ ਕਰਮਚਾਰੀਆਂ ਲਈ ਕੋਵਿਡ-19 ਵੈਕਸੀਨੇਸ਼ਨ ਬੂਸਟਰ ਡੋਜ਼ ਦਾ ਪ੍ਰਬੰਧ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਹੈੱਡਕੁਆਰਟਰ ਵਿਖੇ ਲਗਾਇਆ ਗਿਆ ਇਹ ਤੀਜਾ ਕੈਂਪ ਸੀ ਅਤੇ ਹੁਣ ਤੱਕ ਇਥੇ ਪੀ.ਪੀ.ਐਚ.ਕਿਊ. ਅਤੇ ਮੋਹਾਲੀ ਜ਼ਿਲੇ ਵਿੱਚ ਤਾਇਨਾਤ ਕੁੱਲ 363 ਪੁਲਿਸ ਮੁਲਾਜਮਾਂ ਨੇ ਕੋਵਿਡ-19 ਵੈਕਸੀਨੇਸ਼ਨ ਬੂਸਟਰ ਡੋਜ਼ ਲਗਵਾਈ।

ਡੀ.ਜੀ.ਪੀ. ਵੀ.ਕੇ. ਭਾਵਰਾ ਨੇ ਕਿਹਾ ਕਿ ਪੁਲਿਸ ਮੁਲਾਜਮਾਂ ਦੀ ਸਿਹਤ ਨੂੰ ਮੁੱਖ ਤਰਜੀਹ ਦਿੰਦੇ ਹੋਏ ਪੰਜਾਬ ਪੁਲਿਸ ਦੇ ਵੈਲਫੇਅਰ ਵਿੰਗ ਵੱਲੋਂ ਸਮੁੱਚੀ ਫੋਰਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਅਜਿਹੇ ਕੈਂਪ ਲਗਾਏ ਜਾ ਰਹੇ ਹਨ। ਉਨਾਂ ਸਮੂਹ ਪੁਲਿਸ ਕਰਮੀਆਂ, ਜੋ ਸਵੈ-ਇੱਛਾ ਨਾਲ ਬੂਸਟਰ ਡੋਜ਼ ਲਗ਼ਵਾਉਣ ਲਈ ਅੱਗੇ ਆਏ, ਦੀ ਸ਼ਲਾਘਾ ਕੀਤੀ ਅਤੇ ਇੱਕ ਵਾਰ ਫਿਰ ਬਾਕੀ ਦੇ ਪੁਲਿਸ ਮੁਲਾਜਮਾਂ ਨੂੰ ਬੂਸਟਰ ਡੋਜ ਲਗਵਾਉਣ ਲਈ ਪ੍ਰੇਰਿਤ ਕੀਤਾ। ਏ.ਡੀ.ਜੀ.ਪੀ. ਭਲਾਈ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਾਰੇ ਪੁਲਿਸ ਮੁਲਾਜਮਾਂ ਨੂੰ ਅਗਾਊਂ ਸੰਦੇਸ਼ ਦਿੱਤਾ ਗਿਆ ਸੀ ਕਿ ਕੇਵਲ ਉਹੀ ਵਿਅਕਤੀ ਬੂਸਟਰ ਡੋਜ਼ ਲਈ ਯੋਗ ਹਨ ਜੋ ਕੋਵਿਡ ਟੀਕੇ ਦੀ ਦੂਜੀ ਖੁਰਾਕ ਤੋਂ ਬਾਅਦ ਨੌਂ ਮਹੀਨੇ ਦਾ ਸਮਾਂ  ਪੂਰਾ ਕਰ ਚੁੱਕੇ ਹਨ।