ਐਸਪੀ ਪੀਬੀਆਈ ਜਾਂਚ ਕੋਲ ਮਨਜੀਤ ਸਿੰਘ ਸੋਢੀ ਲੇਖਕ ਤੇ ਪ੍ਰਕਾਸ਼ਕ ਹੋਏ ਤਲਬ

ਏਜੰਸੀ

ਖ਼ਬਰਾਂ, ਪੰਜਾਬ

ਐਸਪੀ ਪੀਬੀਆਈ ਜਾਂਚ ਕੋਲ ਮਨਜੀਤ ਸਿੰਘ ਸੋਢੀ ਲੇਖਕ ਤੇ ਪ੍ਰਕਾਸ਼ਕ ਹੋਏ ਤਲਬ

image


ਬਲਦੇਵ ਸਿੰਘ ਸਿਰਸਾ ਨੇ ਜਾਂਚ ਕਰ ਰਹੇ ਐਸ ਪੀ ਨੂੰ  ਦਿਤੇ ਸਬੂਤ

ਚੰਡੀਗੜ੍ਹ, 21 ਅਪ੍ਰੈਲ (ਨਰਿੰਦਰ ਸਿੰਘ ਝਾਂਮਪੁਰ): ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫ਼ੇਜ਼ 8 ਸਥਿਤ ਪੰਜਾਬ ਸਕੂਲ ਸਿਖਿਆ ਬੋਰਡ ਦੇ ਸਾਹਮਣੇ 'ਇਤਿਹਾਸ ਬਚਾਉ ਸਿੱਖੀ ਬਚਾਉ' ਸ. ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ ਚਲ ਰਿਹਾ ਮੋਰਚਾ ਅੱਜ 74ਵੇਂ ਦਿਨ ਵਿਚ ਸ਼ਾਮਲ ਹੋ ਚੁੱਕਾ ਹੈ |
ਇਸ ਸਬੰਧੀ ਮੀਡੀਆ ਨੂੰ  ਭੇਜੀ ਜਾਣਕਾਰੀ ਵਿਚ ਸ. ਸਿਰਸਾ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਚਲ ਰਹੀ ਜਾਂਚ ਵਿਚ ਸ਼ਾਮਲ ਹੋ ਕੇ  ਐਸਪੀ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ  +2 ਇਤਿਹਾਸ ਦੀ ਕਿਤਾਬ ਦੀ ਫ਼ੋਟੋ ਕਾਪੀ ਸਬੂਤ ਵਜੋਂ ਦਿਤੀ ਜਿਸ ਵਿਚ ਗੁਰੂ ਸਾਹਿਬਾਨ ਅਤੇ ਕੌਮੀ ਸਿੱਖ ਯੋਧਿਆਂ ਬਾਰੇ ਗ਼ਲਤ ਭਾਸ਼ਾ ਅਤੇ ਗੁਰਬਾਣੀ ਦੀਆਂ ਗ਼ਲਤ ਤੁਕਾਂ ਲਿਖੀਆਂ ਹੋਈਆਂ ਹਨ ਅਤੇ ਜੋ ਪ੍ਰੋ. ਮਨਜੀਤ ਸਿੰਘ ਸੋਢੀ ਦੀ ਲਿਖੀ ਹੋਈ ਹੈ | ਸ. ਸਿਰਸਾ ਨੇ ਦਸਿਆ ਕਿ ਉਨ੍ਹਾਂ ਵਲੋਂ ਡੀ ਜੀ ਪੀ ਪੰਜਾਬ ਨੂੰ  +2 ਇਤਿਹਾਸ ਦੀ ਗ਼ਲਤ ਛਾਪੀ ਕਿਤਾਬ ਦੇ ਸਬੰਧ ਵਿਚ ਇਕ ਲਿਖਤੀ ਸ਼ਿਕਾਇਤ ਦਿਤੀ ਸੀ ਜਿਸ ਦੀ ਜਾਂਚ ਵਿਚ ਸ. ਤਜਿੰਦਰ ਸਿੰਘ ਸੰਧੂ ਐਸਪੀ (ਪੀਬੀਆਈ) ਵਲੋਂ ਇਤਿਹਾਸ ਦੀ ਕਿਤਾਬ ਦੇ ਲੇਖਕ ਮਨਜੀਤ ਸਿੰਘ ਸੋਢੀ ਅਤੇ ਪ੍ਰਕਾਸ਼ਕ ਨੂੰ  ਵੀ ਤਲਬ ਕੀਤਾ ਗਿਆ ਸੀ | ਜਿਨ੍ਹਾਂ ਕੋਲੋਂ ਕਿਤਾਬ ਵਿਚ ਲਿਖੇ ਤੋੜ ਮਰੋੜ ਕੇ ਇਤਿਹਾਸ ਅਤੇ   ਗੁਰਬਾਣੀ ਦੀਆਂ ਛਾਪੀਆਂ ਤੁਕਾਂ ਸਬੰਧੀ ਪੁੱਛਗਿੱਛ ਕੀਤੀ ਗਈ ਅਤੇ 27 ਅਪ੍ਰੈਲ ਨੂੰ  ਲਿਖਤੀ ਤੌਰ 'ਤੇ ਜਵਾਬ ਮੰਗਿਆ ਕਿ ਇਤਿਹਾਸ ਅਤੇ ਗੁਰਬਾਣੀ ਕਿਹੜੇ-ਕਿਹੜੇ ਸਰੋਤਾਂ ਤੋਂ ਲਈ ਗਈ ਹੈ ਜੋ ਤੋੜ ਮਰੋੜ ਕੇ ਛਾਪੀਆਂ ਗਈਆਂ | ਇਸ ਮੌਕੇ ਬਲਦੇਵ ਸਿੰਘ ਸਿਰਸਾ ਨਾਲ ਸੋਹਣ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ ਅਤੇ ਮਹਿਤਾਬ ਸਿੰਘ ਮੌਜੂਦ ਸਨ |