ਨੀਲੇ ਕਾਰਡਾਂ ਦੀ ਬਹਾਲੀ ਨੂੰ ਲੈ ਕੇ ਚਾਰ ਵਿਅਕਤੀ ਟੈਂਕੀ 'ਤੇ ਚੜ੍ਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਨਗਰ ਅੰਦਰ ਨੀਲੇ ਕਾਰਡ ਧਾਰਕਾਂ ਦੇ ਮੁੜ ਪੜਤਾਲ ਵਿਚ ਕੱਟੇ ਕਾਰਡਾਂ ਦਾ ਮਾਮਲਾ ਅੱਜ ਇੰਨਾ ਭੱਖ ਗਿਆ ਕਿ ਪਿੰਡ ਦੇ ਚਾਰ ਵਿਅਕਤੀ ...

Four people climb on the tank regarding blue Cards

ਚਾਉਕੇ (ਬਠਿੰਡਾ), 21 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਸਥਾਨਕ ਨਗਰ ਅੰਦਰ ਨੀਲੇ ਕਾਰਡ ਧਾਰਕਾਂ ਦੇ ਮੁੜ ਪੜਤਾਲ ਵਿਚ ਕੱਟੇ ਕਾਰਡਾਂ ਦਾ ਮਾਮਲਾ ਅੱਜ ਇੰਨਾ ਭੱਖ ਗਿਆ ਕਿ ਪਿੰਡ ਦੇ ਚਾਰ ਵਿਅਕਤੀ ਪਟਰੌਲ ਅਤੇ ਮਾਚਸ ਲੈ ਕੇ ਵਾਟਰ ਵਰਕਸ ਵਾਲੀ ਟੈਂਕੀ 'ਤੇ ਕਾਰਡਾਂ ਦੀ ਮੁੜ ਬਹਾਲੀ ਲਈ ਚੜ੍ਹ ਗਏ ਜਦਕਿ ਵੱਡੀ ਗਿਣਤੀ ਵਿਚ ਹੋਰਨਾਂ ਨੀਲੇ ਕਾਰਡਾਂ ਅਤੇ ਪੈਨਸ਼ਨ ਦੀ ਸਹੂਲਤ ਤੋਂ ਵਾਂਝੇ ਹੋਏ ਅੱਕੇ ਲੋਕਾਂ ਨੇ ਨਗਰ ਪੰਚਾਇਤ ਦੇ ਦਫ਼ਤਰ ਬਾਹਰ ਧਰਨਾ ਦੇ ਕੇ ਸਰਕਾਰ, ਪ੍ਰਸ਼ਾਸਨ ਸਣੇ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ। 

ਟੈਂਕੀ 'ਤੇ ਚੜ੍ਹੇ ਹੰਸ ਰਾਜ, ਮੱਖਣ ਸਿੰਘ, ਗੁਰਪਿਆਰ ਸਿੰਘ ਅਤੇ ਬਲਵਿੰਦਰ ਚੰਦ ਗੁੱਡਾ ਨੇ ਦਸਿਆਂ ਕਿ ਨਗਰ ਪੰਚਾਇਤ ਨੇ ਮੁੜ ਪੜਤਾਲ ਦੀ ਆੜ ਵਿਚ ਨਗਰ ਅੰਦਰਲੇ ਯੋਗ ਪਰਵਾਰਾਂ ਨੂੰ ਨੀਲੇ ਕਾਰਡ ਅਤੇ ਪੈਨਸ਼ਨ ਸਹੂਲਤ ਤੋਂ ਵਾਂਝਾ ਕਰ ਦਿਤਾ ਹੈ ਜਦਕਿ ਪਿੰਡ ਅੰਦਰ ਚੰਗੀ ਵਾਹੀਯੋਗ ਜ਼ਮੀਨ ਅਤੇ ਰੱਜਦੇ ਪੁੱਜਦੇ ਪਰਵਾਰ ਉਕਤ ਸਰਕਾਰੀ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ।

ਨਗਰ ਪੰਚਾਇਤ ਦੇ ਦਫ਼ਤਰ ਬਾਹਰ ਧਰਨੇ ਉਪਰ ਬੈਠੇ ਲੋਕਾਂ ਨੇ ਕਿਹਾ ਕਿ ਨਗਰ ਪੰਚਾਇਤ ਦੇ ਅਧਿਕਾਰੀਆਂ ਅਤੇ ਜ਼ੁੰਮੇਵਾਰਾਂ ਨੇ ਜਾਣ-ਬੁਝ ਕੇ ਉਨ੍ਹਾਂ ਨਾਲ ਕਿੜ ਕਢਦਿਆਂ ਕਾਰਡਾਂ ਦੀ ਕਾਂਟ ਛਾਂਟ ਕੀਤੀ ਹੈ ਜਿਸ ਸਬੰਧੀ ਪ੍ਰਸ਼ਾਸਨ ਨਾਲ ਕਈ ਵਾਰ ਗੱਲਬਾਤ ਕੀਤੀ ਜਾ ਚੁਕੀ ਹੈ ਪਰ ਯੋਗ ਲਾਭਪਾਤਰੀਆਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ ਕਿਉਂਕਿ ਪੁੱਜੇ ਅਧਿਕਾਰੀਆਂ ਵਲੋਂ ਸਿਵਾਏ ਲਾਰਿਆਂ ਤੋਂ ਲੋਕਾਂ ਪੱਲੇ ਕੱਖ ਨਹੀਂ ਪਾਇਆ ਗਿਆ। 

ਉਧਰ ਪੰਜ ਘੰਟੇ ਚਲੇ ਧਰਨੇ ਅਤੇ ਟੈਂਕੀ ਉਪਰ ਚੜ੍ਹੇ ਚਾਰ ਵਿਅਕਤੀਆਂ ਦੇ ਸੰਘਰਸ਼ ਨਾਲ ਸੁੱਤਾ ਪਿਆ ਪ੍ਰਸ਼ਾਸਨ ਕੁੱਝ ਕਿ ਜਾਗਿਆ ਜਿਸ ਤਹਿਤ ਨਾਇਬ ਤਹਿਸੀਲਦਾਰ ਓ.ਪੀ. ਜਿੰਦਲ ਬਾਲਿਆਂਵਾਲੀ ਚਾਉਕੇ ਪੁੱਜੇ। ਜਿਨ੍ਹਾਂ ਨੇ ਧਰਨਾਕਾਰੀਆਂ ਅਤੇ ਟੈਂਕੀ ਉਪਰ ਚੜ੍ਹੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਪ੍ਰੰਤੂ ਦੋਵੇਂ ਧਿਰਾਂ ਦੇ ਅੜਿਅਲ ਰਵਈਏ ਤੋਂ ਬਾਅਦ ਨਾਇਬ ਤਹਿਸੀਲਦਾਰ ਜਿੰਦਲ ਦੇ ਪੱਕੇ ਭਰੋਸੇ ਤੋਂ ਬਾਅਦ ਹੀ ਧਰਨਾ ਅਤੇ ਟੈਂਕੀ ਤੋਂ ਹੇਠਾਂ ਵਿਅਕਤੀ ਉਤਰੇ।

ਨਾਇਬ ਤਹਿਸੀਲਦਾਰ ਜਿੰਦਲ ਨੇ ਸਪੋਕਸਮੈਨ ਨੂੰ ਦਸਿਆ ਕਿ ਐਸ.ਡੀ.ਐਮ ਮੌੜ (ਵਾਧੂ ਚਾਰਜ) ਬਲਵਿੰਦਰ ਸਿੰਘ ਦੇ ਧਿਆਨ ਵਿਚ ਸਮੁੱਚਾ ਮਾਮਲਾ ਲਿਆ ਦਿਤਾ ਗਿਆ ਹੈ। ਜਿਨ੍ਹਾਂ ਨੇ ਭਲਕੇ ਇਨ੍ਹਾਂ ਕਾਰਡਾਂ ਦੀ ਮੁੜ ਪੜਤਾਲ ਦੇ ਹੁਕਮ ਦੇ ਦਿਤੇ ਹਨ ਭਾਵੇਂ ਲੋਕਾਂ ਨੇ ਈ.ਓ ਵਿਚ ਭਰੋਸਾ ਪ੍ਰਗਟਾਉਣ ਤੋਂ ਇਨਕਾਰ ਕੀਤਾ ਹੈ ਜਿਸ ਕਾਰਨ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਇੰਸਪੈਕਟਰਾਂ ਕੋਲੋਂ 23 ਮਈ ਨੂੰ ਮੁੜ ਪੜਤਾਲ ਕਰਵਾਈ ਜਾਵੇਗੀ।