ਜ਼ਿਲ੍ਹੇ ’ਚ ਨਾਜਾਇਜ਼ ਸ਼ਰਾਬ ਦਾ ਸੱਭ ਤੋਂ ਵੱਡਾ ਸਰਗ਼ਨਾ ਹੈ ਅਕਾਲੀ ਦਲ : ਜਲਾਲਪੁਰ
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਅਕਾਲੀ
ਪਟਿਆਲਾ, 21 ਮਈ (ਤੇਜਿੰਦਰ ਫ਼ਤਿਹਪੁਰ): ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਅਕਾਲੀ ਦਲ ਉਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਤੇ ਭਾਜਪਾ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਪਬਰੀ ਤੋਂ ਫੜੀ ਗਈ ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ ਨੇ ਸਪੱਸ਼ਟ ਕਰ ਦਿਤਾ ਹੈ ਕਿ ਪਟਿਆਲਾ ਜ਼ਿਲ੍ਹੇ ਵਿਚ ਨਾਜਾਇਜ਼ ਸ਼ਰਾਬ ਦਾ ਸੱਭ ਤੋਂ ਵੱਡਾ ਸਰਗ਼ਨਾ ਅਕਾਲੀ ਦਲ ਹੈ ਜਿਸ ਤੋਂ ਸਪੱਸ਼ਟ ਹੈ ਕਿ ਹਲਕਾ ਘਨੌਰ ਦੀ ਅਕਾਲੀ ਇੰਚਾਰਜ ਹਰਪ੍ਰੀਤ ਕੌਰ ਮੁਖਮੈਲਪੁਰ ਸਮੇਤ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਆਗੂ ਇਸ ਨਾਜਾਇਜ਼ ਧੰਦੇ ਵਿਚ ਸ਼ਾਮਲ ਹਨ ਅਤੇ ਅਕਾਲੀ ਦਲ ਨੂੰ ਆਪ ਇਹ ਸੱਚਾਈ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ।
ਜਲਾਲਪੁਰ ਅੱਜ ਇਥੇ ਇਕ ਭਰਵੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ, ਉਨ੍ਹਾਂ ਨਾਲ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਗਗਨਦੀਪ ਸਿੰਘ ਜੌਲੀ ਜਲਾਲਪੁਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਹੋਰ ਨੇਤਾ ਵੀ ਸਨ। ਜਲਾਲਪੁਰ ਨੇ ਕਿਹਾ ਕਿ ਹਲਕਾ ਘਨੌਰ ਦੇ ਪਿੰਡ ਪਬਰੀ ਵਿਚ ਅਕਾਲੀ ਨੇਤਾ ਦਰਸ਼ਨ ਸਿੰਘ ਪਬਰੀ ਦੀ ਜ਼ਮੀਨ ਦੇ ਵੱਡੇ ਸਟੋਰ ਵਿਚ ਚਲਦੀ ਮਿੰਨੀ ਫ਼ੈਕਟਰੀ ਵਿਚੋਂ ਚਾਰ ਹਜ਼ਾਰ ਲੀਟਰ (ਵੀਹ ਡਰੰਮ) ਕੱਚੀ ਸ਼ਰਾਬ (ਅਲਕੋਹਲ) ਦੇ ਬਰਾਮਦ ਹੋਣ ਤੋਂ ਬਾਅਦ ਹੁਣ ਹੋਰ ਕੋਈ ਗੱਲ ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਉਨ੍ਹਾਂ ਕਿਹਾ ਕਿ ਦਰਸ਼ਨ ਸਿੰਘ ਅਕਾਲੀ ਦਲ ਦਾ ਜ਼ਿਲ੍ਹਾ ਪਟਿਆਲਾ ਦਾ ਸੀਨੀਅਰ ਮੀਤ ਪ੍ਰਧਾਨ ਹੈ ਤੇ 2013-2018 ਤਕ ਭਾਜਪਾ ਵਲੋਂ ਰਾਜਪੁਰਾ ਬਲਾਕ ਸੰਮਤੀ ਦਾ ਮੈਂਬਰ ਵੀ ਰਿਹਾ ਹੈ ਤੇ ਇਸ ਦੀਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਸਾਰੇ ਅਕਾਲੀ ਨੇਤਾਵਾਂ ਨਾਲ ਫ਼ੋਟੋਆਂ ਅਤੇ ਨੇੜਤਾ ਵੀ ਜੱਗ ਜਾਹਰ ਹਨ। ਇਸ ਤੋਂ ਵੱਧ ਹੋਰ ਸਬੂਤ ਦੀ ਕੀ ਲੋੜ ਰਹਿ ਜਾਂਦੀ ਹੈ।
ਉਨ੍ਹਾਂ ਕਿਹਾ ਅਕਾਲੀਆਂ ਨੂੰ ਇਸ ਮੁੱਦੇ ਤੇ ਗੱਲ ਕਰਦੇ ਹੋਏ ਵੀ ਸ਼ਰਮ ਆਉਣੀ ਚਾਹੀਦੀ ਹੈ, ਕਿਉਂਕਿ ਬੀਤੇ ਦਿਨੀਂ ਸ਼ੰਭੂ ਕੋਲੋਂ ਫੜੀ ਨਾਜਾਇਜ਼ ਸ਼ਰਾਬ ਦੀ ਫ਼ੈਕਟਰੀ ਵੀ ਅਕਾਲੀ-ਭਾਜਪਾ ਦੇ ਇਕ ਨੇਤਾ ਦੀ ਹੈ ਅਤੇ ਉਹੀ ਨਾਜਾਇਜ਼ ਸ਼ਰਾਬ ਵੇਚ ਰਹੇ ਹਨ ਅਤੇ ਉਲਟਾ ਕਾਂਗਰਸ ਨੂੰ ਦੋਸ਼ ਦੇ ਰਹੇ ਹਨ। ਵਿਧਾਇਕ ਜਲਾਲਪੁਰ ਨੇ ਕਿਹਾ ਕਿ ਮਾਈਨਿੰਗ ਦੇ ਮੁੱਦੇ ਉਤੇ ਅਕਾਲੀ ਬਿਲਕੁਲ ਗ਼ਲਤ ਬਿਆਨਬਾਜ਼ੀ ਕਰ ਹਨ, ਕਿਉਂਕਿ ਪੰਜਾਬ ਵਿੱਚ ਮਾਈਨਿੰਗ ਤਾਂ ਅਕਾਲੀ ਦਲ ਦੇ ਕਈ ਸੀਨੀਅਰ ਨੇਤਾ ਕਰਦੇ ਰਹੇ ਹਨ ਤੇ ਹੁਣ ਵੀ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸ ਨੂੰ ਚਿੱਟੇ ਦਾ ਵਪਾਰੀ ਕਿਹਾ ਜਾਂਦਾ ਹੈ। ਇਹ ਵੀ ਸਾਰੀ ਦੁਨੀਆਂ ਨੂੰ ਪਤਾ ਹੈ ਇਸ ਲਈ ਲੋਕਾਂ ਵੱਲੋਂ ਨਕਾਰੇ ਆਗੂਆਂ ਨੂੰ ਹੁਣ ਆਪਣੀ ਪੱਤ ਬਚਾਉਣ ਲਈ ਬੇਤੁਕੇ ਦੋਸ਼ ਨਹੀਂ ਲਗਾਉਣੇ ਚਾਹੀਦੇ।
ਜਲਾਲਪੁਰ ਨੇ ਕਿਹਾ ਕਿ ਜਿਸ ਕਾਂਗਰਸੀ ਸਰਪੰਚ ਉਤੇ ਅਕਾਲੀ ਦੋਸ਼ ਲਗਾ ਰਹੇ ਹਨ ਜੇਕਰ ਉਹ ਦੋਸ਼ ਸਾਬਤ ਹੁੰਦੇ ਹਨ ਤਾਂ ਉਹ ਰਾਜਨੀਤੀ ਛੱਡ ਦੇਣੇਗੇ ਕਿਉਂਕਿ ਕਾਂਗਰਸੀ ਸਰਪੰਚ ਦਾ ਇਸ ਨਜਾਇਜ਼ ਫੈਕਟਰੀ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਹੁਣ ਅਕਾਲੀਆਂ ਦਾ ਕੱਚਾ ਚਿੱਠਾ ਸੱਭ ਦੇ ਸਾਹਮਣੇ ਆ ਗਿਆ ਹੈ ਤਾਂ ਅਕਾਲੀ ਦਲ ਦੇ ਨੇਤਾਵਾਂ ਨੂੰ ਰਾਜਨੀਤੀ ਤੋਂ ਸੰਨਿਆਸ ਲੈ ਕੇ ਘਰ ਬੈਠ ਜਾਣਾ ਚਾਹੀਦਾ ਹੈ।
ਜਲਾਲਪੁਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਲਾਅ ਐਂਡ ਆਡਰ ਪੂਰੀ ਤਰਾ ਕਾਇਮ ਹੈ ਅਤੇ ਜਿਹੜੇ ਦੋਸ਼ੀਆਂ ਨੇ ਕਾਨੂੰਨ ਨੂੰ ਅਪਣੇ ਹੱਥ ਵਿਚ ਲੈ ਕੇ ਕਈ ਗਲਤ ਕੰਮ ਕੀਤੇ ਹਨ ਉਨਾਂ ਨੂੰ ਪਟਿਆਲਾ ਪੁਲਿਸ ਨੇ ਸਲਾਖਾਂ ਪਿੱਛੇ ਪਹੁੰਚਾ ਦਿਤਾ ਹੈ ਅਤੇ ਜੇਕਰ ਕੋਈ ਵੀ ਨਾਜਾਇਜ਼ ਕੰਮ ਕਰੇਗਾ ਪੁਲਿਸ ਉਸਨੂੰ ਨਹੀਂ ਬਖ਼ਸ਼ੇਗੀ। ਉਨ੍ਹਾਂ ਕਿਹਾ ਕਿ ਅਸੀਂ ਵਿਕਾਸ ਕੀਤਾ ਹੈ ਤੇ ਕਰਦੇ ਰਹਾਂਗੇ ਇਸੇ ਕਾਰਨ ਹੁਣ ਅਕਾਲੀ ਦਲ ਪੂਰੀ ਤਰਾਂ ਦੁਖੀ ਹੈ ਕਿਉਂਕਿ ਪੰਜਾਬ ਦੇ ਲੋਕ ਮੁੜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਦੁਬਾਰਾ ਬਨਾਉਣ ਲਈ ਉਤਾਵਲੇ ਹਨ।
ਜਲਾਲਪੁਰ ਨੇ ਕਿਹਾ ਕਿ ਪੰਜਾਬ ਦੇ ਲੋਕ ਵਿਧਾਨ ਸਭਾ ਚੋਣਾਂ ਤੋ ਬਾਅਦ ਲੋਕ ਸਭਾ ਸਮੇਤ ਸਾਰੀਆਂ ਚੋਣਾਂ ਵਿਚ ਅਕਾਲੀ ਦਲ ਤੇ ਭਾਜਪਾ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ, ਜਿਸ ਕਾਰਨ ਅਕਾਲੀ ਹੁਣ ਘਟੀਆ ਹੱਥਕੰਡਿਆਂ ਉਤੇ ਉਤਰ ਆਏ ਹਨ ਪਰ ਕਾਂਗਰਸ ਪੰਜਾਬ ਦੇ ਵਿਕਾਸ ਲਈ ਵਚੱਨਬੱਧ ਹੈ।