ਪੰਜਾਬ ’ਚ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਲ ਪਾਜ਼ੇਟਿਵ ਮਾਮਲੇ ਹੋਏ 2028 J ਠੀਕ ਹੋਣ ਵਾਲਿਆਂ ਦੀ ਗਿਣਤੀ ਪਹੁੰਚੀ 1819

file photo

ਚੰਡੀਗੜ੍ਹ, 21 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਜਿਥੇ ਵੱਡੀ ਗਿਣਤੀ ’ਚ ਕੋਰੋਨਾ ਪੀੜਤ ਠੀਕ ਹੋ ਕੇ ਘਰਾਂ ਨੂੰ ਪਰਤ ਰਹੇ ਹਨ, ਉਥੇ ਵੱਖ-ਵੱਖ ਜ਼ਿਲਿ੍ਹਆਂ ਵਿਚ ਨਵੇਂ ਪਾਜ਼ੇਟਿਵ ਕੇਸ ਵੀ ਲਗਾਤਾਰ ਸਾਹਮਣੇ ਆ ਰਹੇ ਹਨ। ਹਰ ਦਿਨ ਕੋਰੋਨਾ ਨਾਲ ਮੌਤ ਵੀ ਹੋ ਰਹੀ ਹੈ। ਅੱਜ ਅੰਮ੍ਰਿਤਸਰ ਵਿਚ ਇਕ ਕੋਰੋਨਾ ਪੀੜਤ ਬੱਚੀ ਦੀ ਮੌਤ ਦੀ ਖ਼ਬਰ ਹੈ। ਇਸ ਨਾਲ ਮੌਤਾਂ ਦਾ ਅੰਕੜਾ 40 ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 24 ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਪੀੜਤਾਂ ਦੀ ਗਿਣਤੀ 2028 ਹੋ ਗਈ ਹੈ।

ਦੇਰ ਰਾਤ ਤਕ ਅੰਕੜਾ ਕੁੱਠ ਹੋਰ ਵਧ ਸਕਦਾ ਹੈ। ਹੁਣ ਤਕ 1819 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਇਸ ਸਮੇਂ 170 ਪੀੜਤ ਹਸਪਤਾਲਾਂ ਵਿਚ ਇਲਾਜ ਅਧੀਨ ਹਨ। ਅੱਜ ਤਕ ਕੁੱਲ ਸੈਂਪਲ 59618 ਲਏ ਗੲੈ ਹਨ ਜਿਨ੍ਹਾਂ ’ਚੋਂ 53871 ਦੀਆਂ ਰੀਪੋਰਟਾਂ ਨੈਗੇਟਿਵ ਹਨ। 3719 ਸੈਂਪਲਾਂ ਦੀਆਂ ਰੀਪੋਰਟਾਂ ਹਾਲੇ ਆਉਣੀਆਂ ਬਾਕੀ ਹਨ। ਅੱਜ 50 ਹੋਰ ਮਰੀਜ਼ ਠੀਕ ਹੋਣ ਬਾਅਦ ਘਰਾਂ ਨੂੰ ਪਰਤੇ ਹਨ। ਜ਼ਿਕਰਯੋਗ ਹੈ ਕਿ ਅੱਜ ਜ਼ਿਲ੍ਹਾ ਮੋਹਾਲੀ 2 ਹੋਰ ਮਰੀਜ਼ਾ ਦੇ ਠੀਕ ਹੋਣ ਤੋਂ ਬਾਅਦ ਕੋਰੋਨਾ ਮੁਕਤ ਹੋ ਚੁੱਕਾ ਹੈ। ਇਥੇ ਸਾਰੇ 102 ਮਰੀਜ਼ ਠੀਕ ਹੋ ਕੇ ਘਰ ਪਰਤ ਚੁੱਕੇ ਹਨ।

ਪਠਾਨਕੋਟ ’ਚ ਫਿਰ ਦੋ ਮਰੀਜ਼ ਮਿਲੇ
ਪਠਾਨਕੋਟ, 21 ਮਈ (ਤੇਜਿੰਦਰ ਸਿੰਘ) : ਜ਼ਿਲ੍ਹਾ ਪਠਾਨਕੋਟ ਜਿਸ ਨੂੰ ਥੋੜ੍ਹੇ ਦਿਨ ਪਹਿਲਾਂ ਕੋਰੋਨਾ ਮੁਕਤ ਦਸਿਆ ਜਾ ਰਿਹਾ ਸੀ ਹੁਣ ਇਕ ਵਾਰ ਫਿਰ ਜ਼ਿਲ੍ਹੇ ਅੰਦਰ ਦੋ ਹੋਰ ਕੋਰੋਨਾ ਮਰੀਜ਼ ਪਾਏ ਗਏ ਹਨ। ਇਨ੍ਹਾਂ ’ਚ ਇਕ ਦੁਬਈ ਤੋਂ ਆਇਆ ਹੋਇਆ ਵਿਅਕਤੀ ਅਤੇ ਇਕ ਪਠਾਨਕੋਟ ਦਾ ਨਿਵਾਸੀ ਹੈ। ਇਸ ਸਬੰਧੀ ਪੁਸ਼ਟੀ ਪ੍ਰਸ਼ਾਸਨਕ ਅਧਿਕਾਰੀਆਂ ਨੇ ਕੀਤੀ ਹੈ।
ਅੰਮ੍ਰਿਤਸਰ ’ਚ ਕੋਰੋਨਾ ਨਾਲ ਸਵਾ 2 ਮਹੀਨੇ ਦੇ ਬੱਚੇ ਦੀ ਮੌਤ
ਅੰਮ੍ਰਿਤਸਰ, 21 ਮਈ (ਪਪ): ਗੁਰੂ ਨਾਨਕ ਦੇਵ ਹਸਪਤਾਲ ’ਚ ਦੇਰ ਰਾਤ ਸਵਾ 2 ਮਹੀਨੇ ਦੇ ਬੱਚੇ ਦਾ ਇਲਾਜ ਚੱਲ ਰਿਹਾ ਸੀ, ਜਿਸ ਦੀ ਅੱਜ ਸਵੇਰੇ ਮੌਤ ਹੋ ਗਈ। ਬੱਚਾ ਨਿਮੋਨੀਆ ਤੇ ਦਿਮਾਗ਼ੀ ਬੁਖ਼ਾਰ ਦੇ ਨਾਲ-ਨਾਲ ਕੋਰੋਨਾ ਦਾ ਵੀ ਸ਼ਿਕਾਰ ਸੀ। ਦਸਿਆ ਜਾ ਰਿਹਾ ਹੈ ਕਿ ਬੱਚੇ ਦੀ ਬੁੱਧਵਾਰ ਦੇਰ ਰਾਤ ਮੌਤ ਹੋ ਗਈ ਸੀ। ਅੱਜ ਸਵੇਰੇ ਇੰਫ਼ਲੁਨੇਸਕ ਲੈਬ ਤੋਂ ਕੋਵਿਡ-19 ਪਾਜ਼ੇਟਿਵ ਰਿਪੋਰਟ ਆਈ ਹੈ।
ਹੁਸ਼ਿਆਰਪੁਰ ’ਚ ਇਕੋ ਪਰਵਾਰ ਦੇ 5 ਮੈਂਬਰ ਪਾਜ਼ੇਟਿਵ
ਟਾਂਡਾ ਉੜਮੁੜ, 21 ਮਈ (ਬਾਜਵਾ) : ਟਾਂਡਾ ਦੇ ਪਿੰਡ ਨੰਗਲੀ ’ਚ ਮੌਤ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਨਿਕਲੇ ਮਰੀਜ਼ ਦੇ ਸੰਪਰਕ ਵਿਚ ਆਏ ਉਸ ਦੇ 5 ਪਰਵਾਰਕ ਮੈਂਬਰ ਕੋਰੋਨਾ ਪਾਜ਼ੇਟਿਵ ਨਿਕਲੇ ਹਨ। ਇਕੋ ਵੇਲੇ ਇਸ ਪਿੰਡ ਦੇ 5 ਮਰੀਜ਼ ਕੋਰੋਨਾ ਪਾਜ਼ੇਟਿਵ ਨਿਕਲਣ ਨਾਲ ਪਿੰਡ ਵਾਸੀਆਂ ਅਤੇ ਅਧਿਕਾਰੀਆਂ ’ਚ ਹੜਕੰਪ ਮੱਚ ਗਿਆ। ਪਿੰਡ ਨੂੰ ਸੀਲ ਕਰ ਕੇ ਸਿਹਤ ਅਧਿਕਾਰੀਆਂ ਨੇ ਨਮੂਨੇ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ।

ਚਾਰ ਗਰਭਵਤੀ ਔਰਤਾਂ ਕੋਰੋਨਾ ਪਾਜ਼ੇਟਿਵ , ਦੋ ਨੇ ਦਿਤਾ ਬੱਚਿਆਂ ਨੂੰ ਜਨਮ, ਬੱਚੇ ਸਿਹਤਮੰਦ
ਬਟਾਲਾ, 21 ਮਈ (    ਮੋਹਨ ਸਿੰਘ ਬਰਿਆਰ) : ਬੀਤੇ ਦਿਨੀਂ ਹਸਪਤਾਲ ਪਹੁੰਚੀਆਂ 4 ਗਰਭਵਤੀ ਔਰਤਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਇਨ੍ਹਾਂ ਔਰਤਾ ਵਿਚੋਂ ਦੋ ਨੇ ਬੱਚਿਆਂ ਨੂੰ ਜਨਮ ਦਿਤਾ ਹੈ। ਇਕ ਔਰਤ ਦਾ ਸਜੇਰੀਅਨ (ਮੇਜਰ) ਅਪ੍ਰੇਸ਼ਨ ਹੋਇਆ ਹੈ। ਡਾਕਟਰਾਂ ਮੁਤਾਬਕ ਇਹ ਬੱਚੇ ਬਿਲਕੁਲ ਸਿਹਤਮੰਦ ਹਨ ਪਰ ਉਨ੍ਹਾਂ ਦੇ ਵੀ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਸੰਜੀਵ ਭੱਲਾ ਨੇ ਦਿਤੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਔਰਤਾਂ ਦੇ ਪਰਵਾਰਕ ਮੈਂਬਰਾਂ ਨੂੰ ਹਸਪਤਾਲ ਲਿਆਂਦਾ ਜਾ ਚੁਕਾ ਹੈ ਅਤੇ ਟੈਸਟ ਹੋ ਰਹੇ ਹਨ। ਇਨ੍ਹਾਂ ਔਰਤਾਂ ਵਿਚ ਇਕ ਔਰਤ ਬਸੰਤ ਨਗਰ ਅਤੇ ਬਾਕੀ ਬਟਾਲਾ ਦੇ ਨੇੜਲੇ ਪਿੰਡਾਂ ਨਾਲ ਸਬੰਧਿਤ ਹਨ। ਐਸ.ਐਮ.ਓ ਨੇ ਦਸਿਆ ਕਿ ਫ਼ਿਲਹਾਲ ਜਿਥੇ ਸਿਵਲ ਹਸਪਤਾਲ ਦਾ ਆਪ੍ਰੇਸ਼ਨ ਥਿਏਟਰ ਬੰਦ ਕਰ ਦਿਤਾ ਗਿਆ ਹੈ, ਉਥੇ ਦੂਜੇ ਪਾਸੇ ਬਟਾਲਾ ਦੇ ਦੋ ਡਾਇਗਨੋਸਟਿਕ ਸੈਂਟਰ ਵੀ ਬੰਦ ਕਰਵਾ ਦਿਤੇ ਗਏ ਹਨ ਜਿਥੇ ਇਹ ਔਰਤਾਂ ਅਲਟਰਾ ਸਾਊਂਡ ਕਰਵਾਉਣ ਲਈ ਕੁੱਝ ਦਿਨ ਪਹਿਲਾਂ ਗਈਆਂ ਸਨ। ਉਨ੍ਹਾਂ ਦਸਿਆ ਕਿ ਇਨ੍ਹਾਂ ਗਰਭਵਤੀ ਕੋਰੋਨਾ ਪਾਜ਼ੇਟਿਵ ਔਰਤਾਂ ਨੂੰ ਫਿਲਹਾਲ ਕੁਆਰੰਟਾਈਨ ਕੀਤਾ ਗਿਆ ਹੈ।

ਖੰਨਾ ’ਚ ਇਕ ਹੋਰ ਪਾਜ਼ੇਟਿਵ
ਖੰਨਾ, 21 ਮਈ (ਪਪ) : ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਸਿਆ ਕਿ ਲੁਧਿਆਣਾ ਨਾਲ ਸਬੰਧਤ ਇਕ ਹੋਰ ਮਰੀਜ਼ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਦਸਿਆ ਜਿਹੜੇ ਮਰੀਜ਼ ਵਿਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਉਹ ਇਸ ਵੇਲੇ ਪੀ.ਜੀ.ਆਈ. ਚੰਡੀਗੜ੍ਹ ਵਿਚ ਦਾਖ਼ਲ ਹੈ ਅਤੇ ਉਸ ਦਾ ਨਮੂਨਾ ਵੀ ਪੀ.ਜੀ.ਆਈ. ਵਲੋਂ ਲਿਆ ਗਿਆ ਹੈ। ਪੀੜਤ ਖੰਨਾ ਲਾਗੇ ਪਿੰਡ ਗੋਹ ਦਾ ਵਸਨੀਕ ਹੈ।

ਜਲੰਧਰ ’ਚ ਕੋਰੋਨਾ ਦਾ ਇਕ ਹੋਰ ਮਰੀਜ਼
ਜਲੰਧਰ, 21 ਮਈ (ਵਰਿੰਦਰ ਸ਼ਰਮਾ/ ਲਖਵਿੰਦਰ ਸਿੰਘ ਲੱਕੀ) : ਕੋਰੋਨਾ ਦਾ ਕਹਿਰ 2 ਮਹੀਨੇ ਬਾਅਦ ਵੀ ਨਹੀਂ ਰੁਕ ਰਿਹਾ। ਜਲੰਧਰ ’ਚ ਕੋਰੋਨਾ ਵਾਇਰਸ ਦਾ ਇਕ ਹੋਰ ਮਰੀਜ਼ ਦੇ ਮਿਲਣ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਜ਼ਿਲ੍ਹੇ ’ਚ ਕੋਰੋਨਾ ਪੀੜਤਾਂ ਦੀ ਗਿਣਤੀ 218 ਪਹੁੰਚ ਗਈ ਹੈ। ਪਾਜ਼ੇਟਿਵ ਆਇਆ ਮਰੀਜ਼ ਪਿੰਡ ਤਲਵਣ ਦਾ 55 ਸਾਲ ਦਾ ਵਿਅਕਤੀ ਹੈ, ਜੋ ਜਿਗਰ ਦੀ ਬਿਮਾਰੀ ਕਰ ਕੇ ਇਕ ਨਿਜੀ ਹਸਪਤਾਲ ’ਚ ਇਲਾਜ ਕਰਵਾ ਰਿਹਾ ਸੀ, ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰ ਲਿਆ ਗਿਆ ਹੈ।