ਮਨਪ੍ਰੀਤ ਬਾਦਲ ਨੂੰ ਮਿਲਣ ਮਗਰੋਂ ਕੈਪਟਨ ਲੈਣਗੇ ਮੁੱਖ ਸਕੱਤਰ ਬਾਰੇ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕਾਂ ਰਾਜਾ ਵੜਿੰਗ, ਪ੍ਰਗਟ ਸਿੰਘ, ਸੰਗਤ ਸਿੰਘ

File Photo

ਚੰਡੀਗੜ੍ਹ, 21 ਮਈ (ਗੁਰਉਪਦੇਸ਼ ਭੁੱਲਰ): ਬੀਤੇ ਦਿਨੀਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕਾਂ ਰਾਜਾ ਵੜਿੰਗ, ਪ੍ਰਗਟ ਸਿੰਘ, ਸੰਗਤ ਸਿੰਘ ਗਿਲਜੀਆਂ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਲੰਚ ਮੀਟਿੰਗ ਤੋਂ ਬਾਅਦ ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਣ ਤੋਂ ਬਾਅਦ ਹੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਰੁਧ ਕਾਰਵਾਈ ਬਾਰੇ ਕੋਈ ਅੰਤਮ ਫ਼ੈਸਲਾ ਲੈਣਗੇ।

ਜ਼ਿਕਰਯੋਗ ਹੈ ਕਿ ਲੰਚ ਮੀਟਿੰਗ 'ਚ ਜਿੱਥੇ ਰੰਧਾਵਾ ਅਤੇ ਹੋਰ ਮੈਂਬਰਾਂ ਨੇ ਮੁੱਖ ਸਕੱਤਰ ਨੂੰ ਹਟਾਉਣ ਦੀ ਮੰਗ ਚੁੱਕੀ ਹੈ ਅਤੇ ਮੁੱਖ ਮੰਤਰੀ ਨੇ ਮਾਮਲੇ ਨੂੰ ਵੇਖਣ ਅਤੇ ਯੋਗ ਕਾਰਵਾਈ ਦੀ ਭਰੋਸਾ ਵੀ ਦਿਤਾ ਹੈ, ਪਰ ਅੰਤਮ ਫ਼ੈਸਲਾ ਮਨਪ੍ਰੀਤ ਸਿੰਘ ਨੂੰ ਸੁਣੇ ਬਗੈਰ ਸੰਭਵ ਨਹੀਂ। ਇਸ ਦਾ ਮੁੱਖ ਕਾਰਨ ਹੈ ਕਿ ਮਨਪ੍ਰੀਤ ਸਿੰਘ ਨੇ ਹੀ ਮੁੱਖ ਸਕੱਤਰ ਵਿਰੁਧ ਮੰਤਰੀਆਂ ਦੀ ਅਗਵਾਈ ਸੰਭਾਲੀ ਸੀ ਅਤੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ 'ਚ ਸਟੈਂਡ ਲਿਆ ਸੀ। ਮਿਲੀ ਜਾਣਕੀ ਮੁਤਾਬਕ ਮੁੱਖ ਮੰਤਰੀ ਬੀਤੇ ਦਿਨ ਹੀ ਮਨਪ੍ਰੀਤ ਸਿੰਘ ਬਾਦਲ ਨੂੰ ਮਿਲਣਾ ਚਾਹੁੰਦੇ ਸਨ ਪਰ ਹਾਲੇ ਪਿਤਾ ਦੀ ਮੌਤ ਦੇ ਸ਼ੋਕ ਕਾਰਨ ਗੱਲਬਾਤ ਸੰਭਵ ਨਹੀਂ ਹੋ ਸਕੀ। ਇਕ-ਦੋ ਦਿਨ 'ਚ ਇਹ ਗੱਲ ਹੋ ਸਕਦੀ ਹੈ।