ਸਰਕਾਰ ਵਲੋਂ ਕੰਨਟੇਨਮੈਂਟ ਤੇ ਰੈੱਡ ਜ਼ੋਨ 'ਚ ਪਸ਼ੂ ਮੇਲੇ ਨਾ ਲਗਾਉਣ ਦੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ-19 ਦੌਰਾਨ ਪਸ਼ੂ ਮੇਲੇ ਲਗਾਉਣ ਤੇ ਪ੍ਰਬੰਧਾਂ ਬਾਰੇ ਐਡਵਾਈਜ਼ਰੀ ਜਾਰੀ

File Photo

ਚੰਡੀਗੜ੍ਹ, 21 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਵਲੋਂ ਪਸ਼ੂ ਵਪਾਰੀਆਂ/ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪਸ਼ੂ ਮੇਲੇ ਲਗਾਉਣ ਅਤੇ ਪ੍ਰਬੰਧਾਂ ਸਬੰਧੀ ਵਿਸਥਾਰਤ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਕਰੋਨਾ ਵਾਇਰਸ (ਕੋਵਿਡ-19) ਇਕ ਸਿਸਟਮਿਕ ਬੀਮਾਰੀ ਹੈ ਜੋ ਜ਼ਿਆਦਾਤਰ ਮੌਕਿਆਂ 'ਤੇ ਛਿੱਕ ਤੇ ਖੰਘ ਸਮੇਂ ਥੁੱਕ ਦੇ ਛਿੱਟਿਆਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ, ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਅਤੇ ਸੰਕ੍ਰਮਿਤ ਚੀਜ਼ਾਂ/ਵਸਤੂਆਂ ਨੂੰ ਛੂਹਣ ਨਾਲ ਫ਼ੈਲਦੀ ਹੈ। ਹਾਲਾਂਕਿ ਇਹ ਵਾਇਰਸ ਵੱਖ-ਵੱਖ ਸਤ੍ਹਾ ਉਪਰ ਵੱਖ-ਵੱਖ ਸਮੇਂ ਤਕ ਜੀਵਤ ਰਹਿੰਦਾ ਹੈ ਪਰ ਕੈਮੀਕਲ ਡਿਸਇਨਫ਼ੈਕਟੈਂਟ ਨਾਲ ਇਹ ਆਸਾਨੀ ਨਾਲ ਖ਼ਤਮ ਹੋ ਜਾਂਦਾ ਹੈ।

ਇਸ ਲਈ ਜੇ ਸਹੀ ਅਤੇ ਸਮੇਂ ਸਿਰ ਜਾਣਕਾਰੀ ਹੋਵੇ ਤਾਂ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਸਮਾਜਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੰਦਿਆਂ ਬੁਲਾਰੇ ਨੇ ਕਿਹਾ ਕਿ ਪਸ਼ੂ ਵਪਾਰੀ/ਵਰਕਰ ਇਕ ਦੂਜੇ ਨਾਲ ਹੱਥ ਨਾ ਮਿਲਾਉਣ ਅਤੇ ਨਾ ਹੀ ਗਲੇ ਮਿਲਣ । ਪਸ਼ੂ ਵਪਾਰੀਆਂ/ਵਰਕਰਾਂ ਨੂੰ ਇਹ ਸਲਾਹ ਦਿਤੀ ਗਈ ਹੈ ਕਿ ਉਹ ਹਰ ਸਮੇਂ ਕੱਪੜੇ ਦਾ ਮਾਸਕ ਪਹਿਨ ਕੇ ਰੱਖਣ, ਘਰੋਂ ਨਿਕਲਣ ਤੋਂ ਪਹਿਲਾਂ ਕਪੜੇ ਦਾ ਮਾਸਕ ਪਹਿਨ ਲਿਆ ਜਾਵੇ ਅਤੇ ਘਰ ਵਾਪਸੀ ਤੱਕ ਇਸਨੂੰ ਪਹਿਨ ਕੇ ਰਖਿਆ ਜਾਵੇ। ਮਾਸਕ ਇਸ ਢੰਗ ਨਾਲ ਪਹਿਨਿਆ ਜਾਵੇ ਕਿ ਨੱਕ ਅਤੇ ਮੂੰਹ ਚੰਗੀ ਤਰ੍ਹਾਂ ਢਕਿਆ ਜਾਵੇ। ਕਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਅਤੇ ਪਾਣੀ ਨਾਲ ਧੋ ਕੇ ਵਰਤਿਆ ਜਾਵੇ।

ਸਾਰਿਆਂ ਨੂੰ ਸਲਾਹ ਦਿਤੀ ਗਈ ਹੈ ਕਿ ਹੱਥ ਸਾਫ਼ ਕਰਨ ਲਈ ਅਲਕੋਹਲ ਯੁਕਤ ਸੈਨੀਟਾਈਜ਼ਰ (ਘੱਟੋ-ਘੱਟ 70 ਪ੍ਰਤੀਸ਼ਤ ਇਥਾਈਲ ਅਲਕੋਹਲ) ਦੀ ਵਰਤੋਂ ਕੀਤੀ ਜਾਵੇ। ਘੱਟੋ-ਘੱਟ 3 ਐਮ.ਐਲ. ਸੈਨੀਟਾਈਜ਼ਰ (ਲਗਭਗ 2 ਵਾਰ ਦਬਾ ਕੇ ਕੱਢੋ) ਸੁੱਕੇ ਹੱਥਾਂ 'ਤੇ ਲਗਾਓ ਅਤੇ ਘੱਟੋ ਘੱਟ 30 ਸੈਕਿੰਡ ਤੱਕ ਮਲੋ। ਜੇਕਰ ਹੱਥ ਸਾਫ਼ ਦਿਖਾਈ ਦੇ ਰਹੇ ਹੋਣ ਫਿਰ ਵੀ ਹੱਥਾਂ ਨੂੰ ਧੋਵੋ ਜਾਂ ਸੈਨੇਟਾਈਜ਼ ਕਰੋ। ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਜਿਸ ਜ਼ਿਲ੍ਹੇ ਨੂੰ ਪ੍ਰਸ਼ਾਸਨ ਵਲੋਂ ਕੰਟੇਨਮੈਂਟ ਜ਼ੋਨ/ਰੈੱਡ ਜ਼ੋਨ/ ਹਾਟਸਪਾਟ ਐਲਾਨਿਆ ਗਿਆ ਹੈ,

ਉਥੇ ਕੋਈ ਵੀ ਪਸ਼ੂ ਮੇਲਾ ਨਾ ਲਗਾਇਆ ਜਾਵੇ। ਮੇਲੇ ਵਾਲੀ ਥਾਂ ਵਿਚ ਲਿਆਉਣ ਤੋਂ ਪਹਿਲਾਂ ਪਸ਼ੂ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕੀਤਾ ਜਾਵੇ। ਮੇਲੇ ਵਿਚ ਕੁੱਝ ਚੋਣਵੀਆਂ ਥਾਵਾਂ 'ਤੇ ਪੈਰਾਂ ਨਾਲ ਚੱਲਣ ਵਾਲੇ ਹੈਂਡ-ਵਾਸ਼ਿੰਗ ਸਟੇਸ਼ਨ ਲਗਾਏ ਜਾਣ। ਪਸ਼ੂ ਵਪਾਰੀਆਂ ਵਲੋਂ ਵਰਕਰਾਂ ਨੂੰ ਹੱਥ ਧੋਣ ਲਈ ਪ੍ਰੇਰਿਤ ਕੀਤਾ ਜਾਵੇ।
ਪਸ਼ੂ ਵਪਾਰੀਆਂ/ਵਰਕਰਾਂ ਵੱਲੋਂ ਬਿਨ•ਾਂ ਕਿਸੇ ਪੁਖ਼ਤਾ ਜਾਣਕਾਰੀ ਤੋਂ ਕੋਵਿਡ-19 ਬਾਰੇ ਗੱਲਾਂ/ਅਫ਼ਵਾਹਾਂ ਨਾ ਫੈਲਾਈਆਂ ਜਾਣ। ਮਾਲਕਾਂ ਵੱਲੋਂ ਮੁਲਾਜ਼ਮਾਂ ਨੂੰ ਸਹੀ ਤੇ ਪੁਖ਼ਤਾ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ 'ਕੋਵਾ ਐਪ' ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ ਜਾਵੇ।