ਮੋਹਾਲੀ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਲ 105 ਮਰੀਜ਼ਾਂ 'ਚੋਂ 102 ਨੂੰ ਮਿਲੀ ਛੁੱਟੀ, ਤਿੰਨ ਮੌਤਾਂ

ਸਿਵਲ ਸਰਜਨ ਡਾ. ਮਨਜੀਤ ਸਿੰਘ

ਐਸ.ਏ.ਐਸ ਨਗਰ, 21 ਮਈ (ਸੁਖਦੀਪ ਸਿੰਘ ਸੋਈਂ): ਜ਼ਿਲ੍ਹਾ ਮੋਹਾਲੀ ਲਈ ਰਾਹਤ ਅਤੇ ਖ਼ੁਸ਼ੀ ਭਰੀ ਖ਼ਬਰ ਹੈ ਕਿ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਹੁਣ ਕੋਈ ਮਰੀਜ਼ ਨਹੀਂ। ਰਹਿੰਦੇ ਦੋ ਮਰੀਜ਼ਾਂ ਨੂੰ ਅੱਜ ਪੀ.ਜੀ.ਆਈ. ਤੋਂ ਛੁੱਟੀ ਦੇ ਦਿਤੀ ਗਈ।

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਕੁਲ 105 ਮਾਮਲੇ ਸਨ ਜਿਨ੍ਹਾਂ ਵਿਚੋਂ 102 ਮਰੀਜ਼ਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਕੇ ਘਰ ਭੇਜ ਦਿਤਾ ਗਿਆ ਹੈ ਅਤੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ ਸੀ।

ਉਨ੍ਹਾਂ ਦਸਿਆ ਕਿ ਵੀਰਵਾਰ ਨੂੰ ਜਿਹੜੇ ਮਰੀਜ਼ਾਂ ਨੂੰ ਛੁੱਟੀ ਦਿਤੀ ਗਈ ਹੈ, ਉਨ੍ਹਾਂ ਵਿਚ 30 ਸਾਲਾ ਅੰਕਿਤ ਨਯਾਗਾਉਂ ਦਾ ਹੈ ਜਦਕਿ 24 ਸਾਲਾ ਸੁਮਨ ਮਿਲਖ ਪਿੰਡ ਦੀ ਵਸਨੀਕ ਹੈ।

ਡਾ. ਮਨਜੀਤ ਸਿੰਘ ਨੇ ਕਿਹਾ ਕਿ ਭਾਵੇਂ ਜ਼ਿਲ੍ਹੇ ਵਿਚ ਹੁਣ ਕੋਰੋਨਾ ਵਾਇਰਸ ਦੀ ਲਾਗ ਦਾ ਕੋਈ ਕੇਸ ਨਹੀਂ ਬਚਿਆ ਪਰ ਲੋਕਾਂ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਇਸ ਮਾਰੂ ਬੀਮਾਰੀ ਦਾ ਖ਼ਾਤਮਾ ਹੋ ਗਿਆ ਹੈ।

ਉਨ੍ਹਾਂ ਲੋਕਾਂ ਨੂੰ ਚੌਕਸ ਕਰਦਿਆਂ ਕਿਹਾ, 'ਕੋਰੋਨਾ ਵਾਇਰਸ ਦਾ ਖ਼ਤਰਾ ਹਾਲੇ ਵੀ ਪਹਿਲਾਂ ਵਾਂਗ ਹੀ ਬਰਕਰਾਰ ਹੈ। ਜ਼ਿਲ੍ਹੇ ਵਿਚ ਕਰਫ਼ਿਊ ਹਟਣ, ਢਿੱਲ ਦੇਣ ਜਾਂ ਬੀਮਾਰੀ ਦਾ ਇਕ ਵੀ ਕੇਸ ਨਾ ਹੋਣ ਦਾ ਮਤਲਬ ਇਹ ਨਾ ਸਮਝਿਆ ਜਾਵੇ ਕਿ ਜ਼ਿਲ੍ਹੇ ਵਿਚ ਇਹ ਬੀਮਾਰੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਜੇ ਅਸੀਂ ਲਾਪਰਵਾਹ ਜਾਂ ਅਵੇਸਲੇ ਹੋਏ ਤਾਂ ਇਹ ਬੀਮਾਰੀ ਮੁੜ ਸਾਡੇ 'ਤੇ ਹਮਲਾ ਕਰ ਸਕਦੀ ਹੈ।