ਅਧਿਆਪਕਾਂ ਦੀ ਸ਼ਰਾਬ ਫ਼ੈਕਟਰੀਆਂ 'ਚ ਲੱਗੀ ਡਿਊਟੀ ਸਿੰਗਲਾ ਦੇ ਦਖ਼ਲ ਮਗਰੋਂ ਰੱਦ
ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਦਖ਼ਲ ਤੋਂ ਬਾਅਦ ਸ਼ਰਾਬ ਦੀਆਂ ਫ਼ੈਕਟਰੀਆਂ 'ਚ ਅਧਿਆਪਕਾਂ ਦੀਆਂ
ਚੰਡੀਗੜ੍ਹ, 21 ਮਈ (ਗੁਰਉਪਦੇਸ਼ ਭੁੱਲਰ): ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਦਖ਼ਲ ਤੋਂ ਬਾਅਦ ਸ਼ਰਾਬ ਦੀਆਂ ਫ਼ੈਕਟਰੀਆਂ 'ਚ ਅਧਿਆਪਕਾਂ ਦੀਆਂ ਲਾਈਆਂ ਡਿਊਟੀਆਂ ਰੱਦ ਕਰ ਦਿਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਹ ਮਾਮਲਾ ਜ਼ਿਲ੍ਹਾ ਗੁਰਦਾਸਪੁਰ 'ਚ ਸਾਹਮਣੇ ਆਇਆ ਸੀ ਜਿਸ ਦੇ ਵਿਰੋਧ 'ਚ ਅੱਜ ਸੂਬੇ ਭਰ 'ਚ ਅਧਿਆਪਕ ਸੜਕਾਂ 'ਤੇ ਉਤਰ ਆਏ ਸਨ। 20 ਮਈ ਨੂੰ ਅਧਿਆਪਕਾਂ ਦੀਆਂ ਡਿਊਟੀਆਂ ਸ਼ਰਾਬ ਫ਼ੈਕਟਰੀਆਂ 'ਚ ਅਲਕੋਹਲ ਦੀ ਨਿਗਰਾਨੀ ਕਰਨ ਅਤੇ ਬੋਤਲਾਂ ਗਿਣਨ ਲਈ ਲਾਈ ਸੀ।
ਇਸ ਵਿਰੁਧ ਅਧਿਆਪਕਾਂ 'ਚ ਪਨਪੇ ਸਖ਼ਤ ਰੋਸ ਦਾ ਸਿਖਿਆ ਮੰਤਰੀ ਸਿੰਗਲਾ ਨੇ ਸਖ਼ਤ ਨੋਟਿਸ ਲਿਆ ਅਤੇ ਉਨ੍ਹਾਂ ਦੇ ਦਖ਼ਲ ਤੋਂ ਬਾਅਦ ਗੁਰਦਾਸਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਅੱਜ ਹੁਕਮ ਜਾਰੀ ਕਰ ਕੇ ਅਧਿਆਪਕਾਂ ਦੀਆਂ ਸ਼ਰਾਬ ਫ਼ੈਕਟਰੀਆਂ 'ਚ ਲਾਈਆਂ ਡਿਊਟੀਆਂ ਦੇ ਹੁਕਮ ਰੱਦ ਕਰ ਦਿਤੇ। ਡੈਮੋਕਰੇਟਿਕ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਆਗੂ ਦਵਿੰਦਰ ਸਿੰਘ ਪੂਨੀਆ ਨੇ ਕਿਹਾ ਕਿ ਅਧਿਆਪਕ ਕੋਰੋਨਾ ਲੜਾਈ 'ਚ ਸਰਕਾਰ ਵਲੋਂ ਲਾਈਆਂ ਹੋਰ ਸੱਭ ਡਿਊਟੀਆਂ ਪੂਰੀ ਤਨਦੇਹੀ ਨਾਲ ਕਰ ਰਹੇ ਹਨ ਪਰ ਸ਼ਰਾਬ ਦੀ ਨਿਗਰਾਨੀ ਕਰਨਾ ਅਧਿਆਪਕ ਦੇ ਰੁਤਬੇ ਦੇ ਅਨੁਸਾਰ ਨਹੀਂ ਜਿਸ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਣ ਦੀ ਸਿਖਿਆ ਦੇਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ 'ਚ ਅਧਿਕਾਰੀਆਂ ਨੂੰ ਅਜਿਹੇ ਫ਼ੈਸਲੇ ਸੋਚ ਸਮਝ ਕੇ ਹੀ ਲੈਣੇ ਚਾਹੀਦੇ ਹਨ ਤਾਂ ਜੋ ਕੋਰੋਨਾ ਵਿਰੁਧ ਜੰਗ 'ਤੇ ਕੋਈ ਉਲਟਾ ਪ੍ਰਭਾਵ ਨਾ ਪਵੇ।
ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਜਬਰ-ਜਨਾਹ ਸਬੰਧੀ ਮਾਮਲਾ ਦਰਜ
ਚੰਡੀਗੜ੍ਹ, 21 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪੁਲਿਸ ਥਾਣਾ ਬਿਆਸ ਵਿਖੇ ਇਕ ਜਬਰ-ਜਨਾਹ ਦੇ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦਸਿਆ ਕਿ ਸ਼ੋਸ਼ਲ ਮੀਡੀਆ ਰਾਹੀਂ ਇਕ ਮਾਮਲਾ ਧਿਆਨ ਵਿਚ ਆਇਆ ਸੀ ਜਿਸ 'ਤੇ ਤੁਰਤ ਕਾਰਵਾਈ ਕਰਦਿਆਂ ਉਨ੍ਹਾਂ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਉਨ੍ਹਾਂ ਦਸਿਆ ਕਿ ਬਿਆਸ ਪੁਲਿਸ ਨੇ ਕਾਰਵਾਈ ਕਰਦਿਆਂ ਸੰਤੋਖ ਸਿੰਘ ਉਰਫ਼ ਸੁੱਖ ਪ੍ਰਧਾਨ ਨਾਂ ਦੇ ਵਿਅਕਤੀ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਗੁਲਾਟੀ ਨੇ ਕਿਹਾ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਸੂਬੇ ਦੀਆਂ ਮਹਿਲਾਵਾਂ ਦੇ ਹਿੱਤਾਂ ਦੀ ਰਖਿਆ ਲਈ ਸਦਾ ਵਚਨਬੱਧ ਰਹੇਗਾ।