ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਨੇ ਵੱਡੇ ਸੁਧਾਰਾਂ ਲਈ 10 ਸਹਿਯੋਗੀਆਂ ਦੀਆਂ ਸੇਵਾਵਾਂ ਲਈਆਂ
ਗਵਰਨਨੈੱਸ ਦੇ ਪ੍ਰਮੁੱਖ ਖੇਤਰਾਂ ਵਿਚ ਪਰਵਿਰਤਨਕਾਰੀ ਸੁਧਾਰਾਂ ਲਈ ਤਾਲਮੇਲ ਬਣਾਉਣ ਵਾਸਤੇ ਸੂਬੇ ਦੇ
ਚੰਡੀਗੜ੍ਹ, 21 ਮਈ (ਸਪੋਕਸਮੈਨ ਸਮਾਚਾਰ ਸੇਵਾ) : ਗਵਰਨਨੈੱਸ ਦੇ ਪ੍ਰਮੁੱਖ ਖੇਤਰਾਂ ਵਿਚ ਪਰਵਿਰਤਨਕਾਰੀ ਸੁਧਾਰਾਂ ਲਈ ਤਾਲਮੇਲ ਬਣਾਉਣ ਵਾਸਤੇ ਸੂਬੇ ਦੇ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਨੇ ਪੰਜਾਬ ਰਾਜ ਸਲਾਹਕਾਰੀ ਪਰਿਸ਼ਦ (ਪੀ.ਐਸ.ਏ.ਸੀ.) ਦੇ ਮਾਰਗਦਰਸ਼ਨ ਹੇਠ ਵੱਖ-ਵੱਖ ਵਿਭਾਗਾਂ ਵਿਚ ਗਵਰਨਨੈੱਸ ਦੇ ਮਾਮਲਿਆਂ ’ਤੇ ਇਕਸਾਰਤਾ ਨਾਲ ਕੰਮ ਕਰਨ ਲਈ 10 ਗਵਰਨਨੈੱਸ ਫ਼ੈਲੋਜ਼ (ਸਹਿਯੋਗੀ) ਅਤੇ ਇਕ ਲੀਡ ਗਵਰਨਨੈੱਸ ਦੀਆਂ ਸੇਵਾਵਾਂ ਲਈਆਂ ਹਨ।
ਵਿਭਾਗ ਨੇ ਹੁਣ ਗਵਰਨਨੈੱਸ ਨਾਲ ਸਬੰਧਤ ਮਾਮਲਿਆਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਲਈ ਅਸ਼ੋਕਾ ਯੂਨੀਵਰਸਟੀ ਨਾਲ ਭਾਈਵਾਲੀ ਜ਼ਰੀਏ 23 ਜ਼ਿਲ੍ਹਾ ਵਿਕਾਸ ਸਹਿਯਗੀਆਂ ਦੀ ਇਕ ਟੀਮ ਭਰਤੀ ਕਰਨ ਦੀ ਯੋਜਨਾ ਵੀ ਬਣਾਈ ਹੈ। ਇਸ ਸਬੰਧੀ ਵਧੀਕ ਮੁੱਖ ਸਕੱਤਰ (ਪ੍ਰਸ਼ਾਸਨਿਕ ਸੁਧਾਰ) ਵਿਨੀ ਮਹਾਜਨ ਨੇ ਕਿਹਾ ਕਿ ਸਿਖਿਆ ਅਤੇ ਤਜਰਬੇ ਦੇ ਵੱਖੋ-ਵਖਰੇ ਪਿਛੋਕੜ ਵਾਲੇ ਇਨ੍ਹਾਂ ਨੌਜਵਾਨ ਸਹਿਯੋਗੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਪਹਿਲਕਦਮੀ ਨੇ ਤਬਦੀਲੀ ਲਈ ਸਰਕਾਰ ਵਿੱਚ ਨਵੀਂ ਊਰਜਾ, ਪਰਿਪੇਖ ਅਤੇ ਸਮਰਪਣ ਨੂੰ ਭਰਿਆ ਹੈ।
ਮਹਾਜਨ ਨੇ ਕਿਹਾ ਕਿ ਛੇ ਮਹੀਨਿਆਂ ਦੇ ਥੋੜ੍ਹੇ ਸਮੇਂ ਵਿਚ ਇਹ ਸਹਿਯੋਗੀ ਹੁਣ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ, ਉਦਯੋਗਾਂ ਅਤੇ ਵਣਜ, ਮਾਲ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ, ਸਕੂਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ, ਪੀਣਯੋਗ ਪਾਣੀ ਅਤੇ ਸੈਨੀਟੇਸ਼ਨ, ਪੰਜਾਬ ਮੰਡੀ ਬੋਰਡ ਸਮੇਤ ਕਈ ਵਿਭਾਗਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਟੀਮ ਕੋਵਿਡ-19 ਸੰਕਟ ਦੌਰਾਨ ਵਿਭਾਗਾਂ ਦੀ ਸਹਾਇਤਾ ਲਈ ਨਿਰੰਤਰ ਅਤੇ ਅਣਥੱਕ ਕਾਰਜ ਕਰ ਰਹੀ ਹੈ। ਉਹ ਫੀਲਡ ਪੱਧਰ ’ਤੇ ਸਪੱਸ਼ਟ ਸੰਚਾਰ ਲਈ ਦਿਸ਼ਾ ਨਿਰਦੇਸ਼ਾਂ ਤੋਂ ਇਲਾਵਾ ਸਟੈਂਡਿੰਗ ਓਪਰੇਟਿੰਗ ਪ੍ਰੋਸੀਜ਼ਰ (ਐਸ.ਓ.ਪੀਜ਼.) ਅਤੇ ਐਡਵਾਈਜ਼ਰੀ ਦਾ ਖਰੜਾ ਤਿਆਰ ਕਰ ਰਹੇ ਹਨ।
ਮਹਾਜਨ ਨੇ ਦਸਿਆ ਕਿ ਇਹ ਵਿਸ਼ੇਸ਼ ਟੀਮ ਅੰਕੜੇ ਇਕੱਤਰ ਕਰਨ ਅਤੇ ਪ੍ਰਬੰਧਨ ਲਈ ਪ੍ਰੋਫ਼ਾਰਮਾ ਵੀ ਤਿਆਰ ਕਰ ਰਹੀ ਹੈ। ਇਕੱਤਰ ਕੀਤੇ ਅੰਕੜਿਆਂ ਨੂੰ ਸਮਝਣ ਅਤੇ ਗਹਿਰਾਈ ਨਾਲ ਵਿਸ਼ਲੇਸ਼ਣ, ਹੋਰ ਰਾਜਾਂ ਦੀਆਂ ਸਰਕਾਰਾਂ ਦੁਆਰਾ ਕੋਵਿਡ ਨਾਲ ਜੁੜੇ ਮਾਮਲਿਆਂ ਸਬੰਧੀ ਪ੍ਰਮਾਣਿਕ ਜਾਣਕਾਰੀ ਲੋਕਾਂ ਤਕ ਪਹੁੰਚਾਉਣ ਅਤੇ ਪ੍ਰਸਾਰ ਸਬੰਧੀ ਅਭਿਆਸਾਂ ਦੀ ਖੋਜ ਆਦਿ ਉਨ੍ਹਾਂ ਬਹੁਤ ਸਾਰੇ ਯਤਨਾਂ ਵਿਚ ਸ਼ਾਮਲ ਹਨ ਜਿਨ੍ਹਾਂ ’ਤੇ ਟੀਮ ਨੇ ਕੀਤਾ ਹੈ ਅਤੇ ਇਹ ਪ੍ਰਦਰਸ਼ਨ ਅੱਜ ਤਕ ਜਾਰੀ ਰਖਿਆ ਹੈ।