ਪੰਜਾਬ ਸਰਕਾਰ ਨੇ 59 ਹੋਰ ਰੇਲਾਂ ਭੇਜਣ ਲਈ ਬਿਹਾਰ ਤੋਂ ਸਹਿਮਤੀ ਮੰਗੀ
ਲੁਧਿਆਣਾ, ਜਲੰਧਰ, ਮੋਹਾਲੀ, ਅੰਮ੍ਰਿਤਸਰ, ਸਰਹਿੰਦ ਅਤੇ ਪਟਿਆਲਾ ਤੋਂ ਰਵਾਨਾ ਹੋਣਗੀਆਂ ਰੇਲਾਂ
ਚੰਡੀਗੜ੍ਹ, 21 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ 59 ਹੋਰ ਵਿਸ਼ੇਸ਼ ਰੇਲਾਂ ਰਾਹੀਂ ਸੂਬੇ ਵਿਚ ਰਹਿ ਰਹੇ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਇੱਛਾਂ ਅਨੁਸਾਰ ਉਨ੍ਹਾਂ ਦੇ ਪਿੱਤਰੀ ਰਾਜ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ਵਿਚ ਪਹੁੰਚਾਉਣ ਲਈ ਬਿਹਾਰ ਸਰਕਾਰ ਤੋਂ ਸਹਿਮਤੀ ਮੰਗੀ ਹੈ। ਇਸ ਬਾਬਤ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਬਿਹਾਰ ਦੇ ਅਪਣੇ ਹਮ-ਰੁਤਬਾ ਦੀਪਕ ਕੁਮਾਰ ਨੂੰ ਪੱਤਰ ਲਿਖਿਆ ਗਿਆ ਹੈ। ਇਸ ਪੱਤਰ ਵਿਚ 12 ਰੇਲ ਗੱਡੀਆਂ ਰੋਜ਼ਾਨਾ ਚਲਾਉਣ ਦੀ ਸਹਿਮਤੀ ਮੰਗੀ ਗਈ ਹੈ ਅਤੇ 59 ਰੇਲਾਂ ਦੀ ਸੂਚੀ ਬਿਹਾਰ ਸਰਕਾਰ ਨੂੰ ਭੇਜੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਬਿਹਾਰ ਦੇ ਕਈ ਸ਼ਹਿਰਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਰੇਲਾਂ ਜਾ ਰਹੀਆਂ ਹਨ ਪਰ ਕਾਫ਼ੀ ਮਜ਼ਦੂਰਾਂ ਵਲੋਂ ਵਾਪਸ ਜਾਣ ਦੀ ਇੱਛਾ ਤਹਿਤ 59 ਹੋਰ ਰੇਲਾਂ ਚਲਾਉਣ ਦੀ ਪੰਜਾਬ ਸਰਕਾਰ ਨੇ ਬਿਹਾਰ ਤੋਂ ਸਹਿਮਤੀ ਮੰਗੀ ਹੈ।
ਇਸ ਸਬੰਧੀ ਇਕ ਬੁਲਾਰੇ ਨੇ ਦਸਿਆ ਕਿ ਇਹ ਰੇਲਾਂ ਪੰਜਾਬ ਦੇ ਲੁਧਿਆਣਾ, ਜਲੰਧਰ, ਮੋਹਾਲੀ, ਅੰਮ੍ਰਿਤਸਰ, ਸਰਹਿੰਦ ਅਤੇ ਪਟਿਆਲਾ ਸਟੇਸ਼ਨਾਂ ਤੋਂ ਰਵਾਨਾ ਹੋਣਗੀਆਂ। ਪੰਜਾਬ ਤੋਂ ਚੱਲ ਕੇ ਇਹ ਰੇਲਾਂ ਬਿਹਾਰ ਦੇ ਵੱਖ-ਵੱਖ ਸ਼ਹਿਰਾਂ ਜਿਨ੍ਹਾਂ ਵਿਚ ਬਕਸਰ, ਸੀਤਾਮੜ੍ਹੀ, ਪਟਨਾ, ਸਹਰਸਾ, ਭਾਗਲਪੁਰ, ਮੁਜ਼ੱਫਰਪੁਰ, ਛਪਰਾ, ਕਿਸ਼ਨਗੰਜ, ਹਾਜੀਪੁਰ, ਗਯਾ, ਬੇਤੀਆ, ਦਾਨਾਪੁਰ, ਸੀਵਾਨ ਅਤੇ ਕਟਿਹਾਰ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਹਿਰਾਂ ਤਕ ਲੋਕਾਂ ਨੂੰ ਪੁਜਦਾ ਕਰਨਗੀਆਂ। ਬੁਲਾਰੇ ਅਨੁਸਾਰ ਇਸ ਤੋਂ ਪਹਿਲਾਂ 220 ਤੋਂ ਵੀ ਜ਼ਿਆਦਾ ਰੇਲਾਂ ਰਾਹੀਂ ਢਾਈ ਲੱਖ ਤੋਂ ਵੀ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ ਵਿਚ ਭੇਜਿਆ ਜਾ ਚੁਕਾ ਹੈ ਅਤੇ ਹਾਲੇ ਵੀ ਇਹ ਪ੍ਰਕਿਰਿਆ ਜਾਰੀ ਹੈ। ਜ਼ਿਕਰਯੋਗ ਹੈ ਕਿ ਸੱਭ ਤੋਂ ਵੱਧ ਰੇਲ ਗੱਡੀਆਂ ਯੂ.ਪੀ. ਅਤੇ ਉਸ ਤੋਂ ਬਾਅਦ ਬਿਹਾਰ ਅਤੇ ਝਾਰਖੰਡ ਨੂੰ ਜਾ ਰਹੀਆਂ ਹਨ। ਪੰਜਾਬ ਸਰਕਾਰ ਛੱਤੀਸਗੜ੍ਹ, ਮਨੀਪੁਰ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਨੂੰ ਵੀ ਰੇਲਾਂ ਭੇਜ ਰਹੀ ਹੈ।