ਫ਼ਿਰੋਜ਼ਪੁਰ, 20 ਮਈ (ਜਗਵੰਤ ਸਿੰਘ ਮੱਲ੍ਹੀ): ਐਸ.ਪੀ. ਡੀ. ਫ਼ਿਰੋਜ਼ਪੁਰ ਅਜੇਰਾਜ ਸਿੰਘ ਦੀ ਕਮਾਨ ਹੇਠ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ ਪਿੰਡ ਅਲੀਕੇ ਦੇ ਦਰਿਆ ਨਾਲ ਲੱਗਦੇ ਇਲਾਕੇ 'ਚ ਛਾਪਾਮਾਰੀ ਕਰਦਿਆਂ ਨਾਜਾਇਜ਼ ਸ਼ਰਾਬ ਦਾ ਵੱਡਾ ਜ਼ਖ਼ੀਰਾ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ।
ਉਨ੍ਹਾਂ ਆਖਿਆ ਕਿ ਘਰ ਦੀ ਕੱਢੀ 3000 ਲੀਟਰ ਦਾਰੂ ਜਿੱਥੇ ਬਰਾਮਦ ਹੋਈ ਹੈ। ਉਥੇ ਸਵਾ ਲੱਖ ਲੀਟਰ ਦੇ ਕਰੀਬ ਕੱਚੀ ਲਾਹਣ ਨੂੰ ਨਿਯਮਾਂ ਅਨੁਸਾਰ ਮੌਕੇ 'ਤੇ ਨਸ਼ਟ ਕਰ ਦਿਤਾ ਗਿਆ।
ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦਸਿਆ ਕਿ ਅੱਠ ਪਤੀਲੇ, ਇਕ ਡਰੰਮ, ਪਾਈਪਾਂ ਅਤੇ ਹੋਰ ਨਾਜਾਇਜ਼ ਸ਼ਰਾਬ ਕਸ਼ੀਦ ਕਰਨ ਵਾਲਾ ਸਮਾਨ ਵੀ ਵੱਡੀ ਮਾਤਰਾ 'ਚ ਪੁਲਿਸ ਦੇ ਹੱਥ ਲੱਗਾ।
ਇਸੇ ਦੌਰਾਨ ਥਾਣਾ ਸਦਰ ਫ਼ਿਰੋਜ਼ਪੁਰ ਦੇ ਹੌਲਦਾਰ ਰਮੇਸ਼ ਕੁਮਾਰ ਨੇ ਬਾਹੱਦ ਰਕਬਾ ਦੁਲਚੀ ਕੇ ਕੋਲ ਦਰਿਆ ਦੇ ਬੰਨ੍ਹ ਨੇੜੇ ਤੋਂ ਸਵਾ ਸੌ ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕਰ ਕੇ ਅਜੀਤ ਸਿੰਘ, ਦਿਵਾਨ ਸਿੰਘ, ਨਿੰਮਾ ਉਰਫ਼ ਨਿੰਮੀ ਵਾਸੀਆਨ ਝੁੱਗੇ ਨਿਹੰਗਾਂ ਵਾਲੇ ਨੂੰ ਮੁਕੱਦਮਾ ਨੰਬਰ 75 ਵਿਚ ਨਾਮਜ਼ਦ ਕੀਤਾ।
ਜਦਕਿ ਥਾਣਾ ਸਦਰ ਦੇ ਹੀ ਹੌਲਦਾਰ ਕੁਲਵੰਤ ਸਿੰਘ ਨੇ ਬਾਹੱਦ ਰਕਬਾ ਅਲੀਕੇ ਕੋਲੋਂ ਨਾਜਾਇਜ਼ ਸ਼ਰਾਬ ਵੇਚ ਰਹੇ ਸੁਰਜੀਤ ਸਿੰਘ ਉਰਫ਼ ਕੀਤੂ ਵਾਸੀ ਅਲੀਕੇ ਦੀ ਸਵਾ 90 ਬੋਤਲਾਂ ਘਰ ਦੀ ਕਸ਼ੀਦੀ ਸ਼ਰਾਬ ਬਰਾਮਦ ਕਰ ਕੇ ਪਰਚਾ ਦਰਜ ਕੀਤਾ ਪਰ ਕਥਿਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ।