ਲਹਿਰਾਗਾਗਾ ਵਿਚ ਵਾਪਰਿਆ ਵੱਡਾ ਹਾਦਸਾ, ਸਵਾਰੀਆਂ ਨਾਲ ਭਰੀ ਬੱਸ 10 ਫੁੱਟ ਡੂੰਘੇ ਪਾਣੀ ਵਿਚ ਡੁੱਬੀ
ਜਾਨੀ ਨੁਕਸਾਨ ਹੋਣ ਤੋਂ ਹੋਇਆ ਬਚਾਅ
ਸੰਗਰੂਰ( ਟੋਨੀ ਸ਼ਰਮਾ) ਲਹਿਰਾਗਾਗਾ ਸ਼ਹਿਰ ਵਿਚ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਲਹਿਰਾਗਾਗਾ ਸ਼ਹਿਰ ਵਿਚਕਾਰ ਬਣੇ ਰੇਲਵੇ ਅੰਡਰ ਬ੍ਰਿਜ ਵਿਚ ਸਵਾਰੀਆਂ ਨਾਲ ਭਰੀ ਬੱਸ 10 ਫੁੱਟ ਡੂੰਘੇ ਪਾਣੀ ਵਿਚ ਡੁੱਬ ਗਈ।
ਬ੍ਰਿਜ ਵਿਚ ਮੀਂਹ ਦਾ ਪਾਣੀ ਭਰਿਆ ਹੋਇਆ ਸੀ। ਬੱਸ ਡੁੱਬਣ ਨਾਲ ਸਵਾਰੀਆਂ ਵਿਚ ਵਿਚ ਹਫੜਾ ਦਫੜੀ ਅਤੇ ਚੀਕ ਚਿਹਾੜਾ ਮੱਚ ਗਿਆ। ਇਕੱਤਰ ਹੋਏ ਲੋਕਾਂ ਨੇ ਪੌੜੀਆਂ ਲਾ ਕੇ ਸਵਾਰੀਆਂ ਨੂੰ ਬਾਹਰ ਕੱਢਿਆ। ਜਿਸ ਕਾਰਨ ਲੋਕਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਜ਼ਿਕਰਯੋਗ ਹੈ ਕਿ ਥੋੜ੍ਹੀ ਜਿਹੀ ਬਾਰਸ਼ ਕਾਰਨ ਇਸ ਪੁਲ ਵਿੱਚ ਪਾਣੀ ਭਰ ਜਾਂਦਾ ਹੈ ਪ੍ਰੰਤੂ ਸਰਕਾਰ ਜਾਂ ਰੇਲਵੇ ਵਿਭਾਗ ਪਾਣੀ ਨੂੰ ਕੱਢਣ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਰਹੇ। ਪਾਣੀ ਭਰਨ ਤੋਂ ਬਾਅਦ ਜਦੋਂ ਆਵਾਜਾਈ ਬੰਦ ਹੋ ਜਾਂਦੀ ਹੈ ਉਦੋਂ ਹੀ ਆਰਜ਼ੀ ਪ੍ਰਬੰਧ ਕਰਦਿਆਂ ਮੋਟਰ ਜਾਂ ਇੰਜਣ ਰਾਹੀਂ ਪਾਣੀ ਕੱਢਿਆ ਜਾਂਦਾ ਹੈ।
ਆਉਣ ਜਾਣ ਵਾਲੇ ਨੂੰ ਪਤਾ ਨਾ ਹੋਣ ਕਾਰਨ ਇਸ ਪੁਲ ਤੋਂ ਵਾਪਸ ਮੁੜਨਾ ਪੈਂਦਾ ਹੈ। ਕਈ ਕਿਲੋਮੀਟਰ ਦਾ ਸਫਰ ਤੈਅ ਕਰਕੇ ਦੋ ਨੰਬਰ ਫਾਟਕ ਰਾਹੀਂ ਆਉਣਾ ਜਾਣਾ ਪੈ ਰਿਹਾ ਹੈ। ਸ਼ਹਿਰ ਨਿਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਦੀ ਮੰਗ ਹੈ, ਕਿ ਇਸ ਅੰਡਰਬ੍ਰਿਜ ਬ੍ਰਿਜ ਵਿਚ ਖਡ਼੍ਹਦੇ ਪਾਣੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਪਾਣੀ ਦੀ ਨਿਕਾਸੀ ਲਈ ਸਮਰਸੀਬਲ ਪੰਪ ਆਦਿ ਲਗਾਇਆ ਜਾਵੇ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਅਤੇ ਕੋਈ ਅਣਸੁਖਾਵੀਂ ਦੁਰਘਟਨਾ ਨਾ ਵਾਪਰੇ।