ਕੋਵਿਡ ਤੋਂ ਬਚਾਅ ਲਈ ਕਿਸਾਨ ਅੰਦੋਲਨ 'ਚ ਪ੍ਰਬੰਧ ਸਰਕਾਰ ਨਾਲੋਂ ਵਧੀਆ - ਬਲਬੀਰ ਰਾਜੇਵਾਲ 

ਏਜੰਸੀ

ਖ਼ਬਰਾਂ, ਪੰਜਾਬ

26 ਨੂੰ ਕਾਲੇ ਝੰਡੇ ਲਾ ਕਿ ਪੂਰੇ ਦੇਸ਼ ਵਿੱਚ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ

Balbir Singh Rajewal

ਚੰਡੀਗੜ੍ਹ : ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਦੇ ਦਿਸ਼ਾ-ਨਿਰਦੇਸ਼ ਹਨ ਕਿ ਕੋਵਿਡ ਕੇਸਾਂ 'ਚ ਪੋਸਟ ਮਾਰਟਮ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਸਰਕਾਰ ਵੱਲੋਂ ਡਬਲਿਊ. ਐਚ. ਓ. ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਕਿਸਾਨ ਅੰਦੋਲਨ 'ਚ ਬੈਠੇ ਹਨ, ਉਨ੍ਹਾਂ ਨੇ ਸਾਲਾਂ ਬੱਧੀ ਜੱਥੇਬੰਦੀਆਂ 'ਚ ਕੰਮ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੇ ਆਪਣੀ ਸਾਰੀ ਉਮਰ ਖੇਤੀ 'ਚ ਹੀ ਲਾ ਦਿੱਤੀ।

ਉਨ੍ਹਾਂ ਕਿਹਾ ਕਿ ਕੀ ਅਸੀਂ ਇਹ ਗੱਲ ਚਾਹੁੰਦੇ ਹਾਂ ਕਿ ਅਸੀਂ ਆਪਣੇ ਉਮਰਾਂ ਦੇ ਸਾਥੀਆਂ ਨੂੰ ਕੋਵਿਡ ਕਰਕੇ ਮਾਰ ਦਈਏ? ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੋਵਿਡ ਤੋਂ ਜਿਸ ਤਰ੍ਹਾਂ ਦਾ ਬਚਾਅ ਕਿਸਾਨ ਅੰਦੋਲਨ ਦੌਰਾਨ ਕੀਤਾ ਜਾ ਰਿਹਾ ਹੈ, ਉਸ ਤਰ੍ਹਾਂ ਦੇ ਪ੍ਰਬੰਧ ਪੂਰੇ ਦੇਸ਼ 'ਚ ਕਿਤੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਸਰਕਾਰ ਤੋਂ ਮਨਜ਼ੂਰੀ ਲੈ ਕੇ 10 ਆਕਸੀਜਨ ਸਿਲੰਡਰ ਰੱਖੇ ਹੋਏ ਹਨ। ਉਨ੍ਹਾਂ ਕਿਹਾ ਕਿ ਅਸੀਂ ਧੱਕੇ ਨਾਲ ਲੱਖਾਂ ਰੁਪਏ ਦਾ ਕਾੜ੍ਹਾ ਅੰਦੋਲਨਕਾਰੀ ਕਿਸਾਨਾਂ ਨੂੰ ਪਿਲਾ ਰਹੇ ਹਾਂ ਅਤੇ ਰੋਜ਼ਾਨਾ ਲੱਖਾਂ ਰੁਪਏ ਦੀਆਂ ਦਵਾਈਆਂ ਵੰਡੀਆਂ ਜਾ ਰਹੀਆਂ ਹਨ।

ਬਜ਼ੁਰਗਾਂ ਨੂੰ ਹਫ਼ਤਾਵਾਰ ਵਿਟਾਮਿਨ-ਸੀ ਦਿੱਤਾ ਜਾ ਰਿਹਾ ਹੈ ਅਤੇ ਸਭ ਦਾ ਖ਼ਿਆਲ ਰੱਖਿਆ ਜਾ ਰਿਹਾ ਹੈ। ਰਾਜੇਵਾਲ ਨੇ ਕਿਹਾ ਕਿ ਹਰ ਲੰਗਰ 'ਚ ਰੋਜ਼ਾਨਾ ਕਾੜ੍ਹਾ ਤਿਆਰ ਕਰਕੇ ਸਭ ਨੂੰ ਆਵਾਜ਼ਾਂ ਮਾਰ ਕੇ ਪਿਲਾਇਆ ਜਾਂਦਾ ਹੈ। ਇਸ ਦੇ ਉਲਟ ਲੋਕਾਂ ਦੇ ਬਚਾਅ ਦੇ ਸਾਧਨ ਸਰਕਾਰ ਵੱਲੋਂ ਕਿਤੇ ਵੀ ਮੁਹੱਈਆ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਕੋਵਿਡ ਦੇ ਨਾਂ 'ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਕੇ ਕਿਸਾਨਾਂ ਨੂੰ ਉੱਥੋਂ ਉਠਾ ਦਿੱਤਾ ਜਾਵੇਗਾ ਤਾਂ ਇਹ ਉਨ੍ਹਾਂ ਦੀ ਗਲਤਫ਼ਹਿਮੀ ਹੈ।

ਰਾਜੇਵਾਲ ਨੇ ਕਿਹਾ ਕਿ ਕੋਵਿਡ ਬੀਮਾਰੀ ਤਾਂ ਹੈ ਅਤੇ ਕੁੱਝ ਦਿਨ ਪਹਿਲਾਂ ਸੋਨੀਪਤ ਪ੍ਰਸ਼ਾਸਨ ਨੇ ਮੀਟਿੰਗ ਬੁਲਾ ਕੇ ਕਿਸਾਨਾਂ ਦੀ ਵੈਕਸੀਨੇਸ਼ਨ ਕਰਨ ਸਬੰਧੀ ਗੱਲ ਕਹੀ ਸੀ ਅਤੇ ਪ੍ਰਸ਼ਾਸਨ ਨੂੰ ਅੰਦੋਲਨ 'ਚ ਟੀਮਾਂ ਭੇਜਣ ਦਾ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇੰਨੇ ਦਿਨ ਬੀਤ ਗਏ ਪਰ ਅੱਜ ਤੱਕ ਕੋਈ ਵੀ ਡਾਕਟਰ ਕਿਸੇ ਵੀ ਸਰਹੱਦ 'ਤੇ ਕਿਸਾਨਾਂ ਦੀ ਵੈਕਸੀਨ ਕਰਨ ਨਹੀਂ ਪੁੱਜਿਆ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਲੋਕਾਂ ਦੀ ਮਦਦ ਕਰਨ ਦਾ ਕੋਈ ਸਾਧਨ ਨਹੀਂ ਹੈ।

ਰਾਜੇਵਾਲ ਨੇ ਇਸ ਮੌਕੇ ਲੋਕਾਂ ਨੂੰ ਕਿਸਾਨ ਅੰਦੋਲਨ 'ਚ ਆਉਣ ਦੀ ਗੱਲ ਕਹੀ ਅਤੇ ਇਹ ਵੀ ਕਿਹਾ ਕਿ ਉੱਥੇ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਕੋਵਿਡ ਖ਼ਿਲਾਫ਼ ਲੜਨ ਲਈ ਸਰਕਾਰ ਨਾਲੋਂ ਹਜ਼ਾਰ ਗੁਣਾ ਜ਼ਿਆਦਾ ਪ੍ਰਬੰਧ ਹਨ। ਅਖ਼ੀਰ 'ਚ ਉਨ੍ਹਾਂ ਨੇ ਸਰਕਾਰ ਨੂੰ ਲੋਕਾਂ ਨੂੰ ਮੁਫ਼ਤ ਦਵਾਈਆਂ ਵੰਡਣ, ਵੈਕਸੀਨੇਸ਼ਨ ਮੁਫ਼ਤ ਕਰਨ ਅਤੇ ਹੋਰ ਸਹੂਲਤਾਂ ਦੇਣ ਦੀ ਗੱਲ ਕਹੀ ਹੈ।

ਇਸ ਦੇ ਨਾਲ ਹੀ ਰਾਜੇਵਾਲ ਨੇ ਕਿਹਾ ਕਿ 26 ਮਈ ਨੂੰ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋ ਜਾਣੇ ਹਨ ਅਤੇ 26 ਮਈ ਨੂੰ ਹੀ ਨਰਿੰਦਰ ਮੋਦੀ ਦੇ 7 ਸਾਲ ਹੋ ਜਾਣੇ ਹਨ।. ਇਸ ਦਿਨ ਪਿੰਡ ਅਤੇ ਸ਼ਹਿਰਾਂ ਵਿਚ ਕਿਸਾਨ ਮਜ਼ਦੂਰ ਅਣੇ ਘਰਾਂ ਤੇ ਕਾਲੇ ਝੰਡੰ ਲਗਾ ਕੇ ਕਾਲਾ ਦਿਵਸ ਮਨਾਉਣ।