ਔਰਤਾਂ ਦੀ ਲਗਾਤਾਰ ਵੱਡੀ ਸ਼ਮੂਲੀਅਤ ਨੇ ਮਜ਼ਬੂਤ ਕੀਤੇ ਕਿਸਾਨੀ-ਧਰਨੇ
ਪੰਜਾਬ ਵਿਚ ਵੀ ਜਾਰੀ ਹਨ 100 ਤੋਂ ਵੱਧ ਥਾਵਾਂ ’ਤੇ ਕਿਸਾਨੀ-ਧਰਨੇ
ਚੰਡੀਗੜ੍ਹ(ਭੁੱਲਰ): ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵਲੋਂ ਪੰਜਾਬ ’ਚ ਪੱਕੇ-ਧਰਨੇ 233ਵੇਂ ਦਿਨ ਵੀ ਵੱਡੀਆਂ ਗਿਣਤੀਆਂ ਨਾਲ ਜਾਰੀ ਰਹੇ। ਕਿਸਾਨ-ਔਰਤਾਂ ਦੀ ਵੱਡੀ ਗਿਣਤੀ ਵਿਚ ਹੋ ਰਹੀ ਲਗਾਤਾਰ ਸ਼ਮੂਲੀਅਤ ਨੇ ਧਰਨਿਆਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ।
ਸੂਬੇ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਆਗੂਆਂ ਦੇ ਘਰਾਂ ਅੱਗੇ, ਟੌਲ ਪਲਾਜ਼ਿਆਂ ’ਤੇ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਖੁਸ਼ਕ ਬੰਦਰਗਾਹ-ਰਾਏਪੁਰ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਇਲੋ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਧਰਨੇ ਚਲ ਰਹੇ ਹਨ।
ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਔਰਤਾਂ ਦੇ ਇਕੱਠਾਂ ਨੇ ਸਾਬਤ ਕਰ ਦਿਤਾ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਕ ਅਤੇ ਸਰੀਰਕ ਲੜਾਈਆਂ ਵਿਚ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿਚ ਸ਼ਾਮਲ ਹੁੰਦੀਆਂ ਹਨ। ਉਹ ਅਪਣੀ ਥਾਂ ਹਾਸਲ ਕਰਨ ਲਈ ਜਾਗਰੂਕ ਵੀ ਹਨ ਅਤੇ ਸਟੇਜਾਂ ਤੋਂ ਵਿਚਾਰਧਾਰਕ ਤੇ ਜਥੇਬੰਦਕ ਜਵਾਬ ਦੇਣ ਦੇ ਸਮਰੱਥ ਵੀ।
ਇਨ੍ਹਾਂ ਵੱਡੀਆਂ ਸਟੇਜਾਂ ਤੋਂ ਔਰਤਾਂ ਦੇ ਬੋਲਣ ਅਤੇ ਉਨ੍ਹਾਂ ਨੂੰ ਸੁਣਨ ਦੀ ਰਵਾਇਤ ਭਵਿੱਖ ਵਿਚ ਅੰਦੋਲਨਾਂ ਦੀ ਮਜ਼ਬੂਤੀ ਅਤੇ ਔਰਤਾਂ ਨੂੰ ਸੰਘਰਸ਼ਾਂ ਵਿਚ ਹੋਰ ਸਰਗਰਮ ਥਾਂ ਦੇਣ ਦਾ ਆਧਾਰ ਬਣੇਗੀ। ਔਰਤਾਂ ਨੇ ਅਪਣੇ ਨਾਲ ਹੋਣ ਵਾਲੇ ਸਮਾਜਕ ਵਿਤਕਰਿਆਂ ਨੂੰ ਵੀ ਉਭਾਰਿਆ ਹੈ ਅਤੇ ਅੰਦੋਲਨਾਂ ਰਾਹੀਂ ਹਰ ਤਰ੍ਹਾਂ ਦੀ ਬੇਇਨਸਾਫ਼ੀ ਵਿਰੁਧ ਲੜਨ ਦੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ।