ਕੀ ਇਹ ਯੋਜਨਾ ਸੀ? ਸੌਦਾ ਸਾਧ ਦੇ ਹੱਕ 'ਚ ਸਵੇਰੇ ਅਰਦਾਸ, ਸ਼ਾਮ ਨੂੰ ਜੇਲ ਵਿਚੋਂ ਰਿਹਾਈ
ਕੀ ਇਹ ਯੋਜਨਾ ਸੀ? ਸੌਦਾ ਸਾਧ ਦੇ ਹੱਕ 'ਚ ਸਵੇਰੇ ਅਰਦਾਸ, ਸ਼ਾਮ ਨੂੰ ਜੇਲ ਵਿਚੋਂ ਰਿਹਾਈ
ਭਾਜਪਾ ਪੰਜਾਬ ਨੂੰ ਫਿਰ ਤੋਂ ਅੱਗ 'ਚ ਝੋਕਣਾ ਚਾਹੁੰਦੀ ਹੈ : ਬਾਲਿਆਂਵਾਲੀ
ਬਠਿੰਡਾ, 21 ਮਈ (ਬਲਵਿੰਦਰ ਸ਼ਰਮਾ) : ਪਿੰਡ ਬੀੜ ਤਲਾਬ ਦੇ ਗੁਰਦੁਆਰਾ ਸਾਹਿਬ 'ਚ ਕਲ ਸਵੇਰੇ ਸੌਦਾ ਸਾਧ ਦੇ ਹੱਕ 'ਚ ਕੀਤੀ ਗਈ ਅਰਦਾਸ ਤੇ ਸ਼ਾਮ ਨੂੰ ਰਿਹਾਈ ਹੋਣ ਨੂੰ ਭਾਜਪਾ ਦੀ ਯੋਜਨਾਬੱਧ ਸਾਜਸ਼ ਕਰਾਰ ਦਿਤਾ ਜਾ ਰਿਹਾ ਹੈ | ਕਿਉਂਕਿ ਭਾਜਪਾ ਅਪਣੀ ਸਾਖ ਬਚਾਉਣ ਖ਼ਾਤਰ ਪੰਜਾਬ ਨੂੰ ਫਿਰ ਤੋਂ ਅੱਗ 'ਚ ਝੋਕਣਾ ਚਾਹੁੰਦੀ ਹੈ | ਇਹ ਪ੍ਰਗਟਾਵਾ ਪਰਮਿੰਦਰ ਸਿੰਘ ਬਾਲਿਆਂਵਾਲੀ ਜ਼ਿਲਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਮਾਨ ਵਲੋਂ ਕੀਤਾ ਗਿਆ |
ਅੱਜ ਸ਼ੋ੍ਰਮਣੀ ਅਕਾਲੀ ਦਲ ਮਾਨ ਦਾ ਇਕ ਵਫ਼ਦ ਐਸ.ਐਸ.ਪੀ. ਬਠਿੰਡਾ ਨੂੰ ਮਿਲਿਆ, ਜਿਸ ਦਾ ਦੋਸ਼ ਹੈ ਕਿ ਉਪਰੋਕਤ ਘਟਨਾ ਨੂੰ ਅੰਜਾਮ ਇਕੱਲੇ ਖ਼ਾਲਸਾ ਵਲੋਂ ਨਹੀਂ ਦਿਤਾ ਗਿਆ, ਸਗੋਂ ਇਸ ਵਿਚ ਹੋਰ ਵੀ ਕਈ ਵਿਅਕਤੀ ਸ਼ਾਮਲ ਹਨ | ਇਸ ਲਈ ਉਕਤ ਮਾਮਲੇ 'ਚ 295ਏ ਦੇ ਨਾਲ 126ਬੀ ਧਾਰਾ ਜੋੜ ਕੇ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇ | ਵਫ਼ਦ ਵਿਚ ਸ਼ੋ੍ਰਮਣੀ ਅਕਾਲੀ ਦਲ (ਮਾਨ) ਦੇ ਜਨਰਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ, ਪ੍ਰਧਾਨ ਕਿਸਾਨ ਵਿੰਗ ਜਸਕਰਨ ਸਿੰਘ ਕਾਹਣ ਸਿੰਘ ਵਾਲਾ, ਜ਼ਿਲਾ ਪ੍ਰਧਾਨ ਬਠਿੰਡਾ ਪਰਮਿੰਦਰ ਸਿੰਘ ਬਾਲਿਆਂਵਾਲੀ, ਗੁਰਦੀਪ ਸਿੰਘ ਢੱਡੀ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਆਦਿ ਸ਼ਾਮਲ ਸਨ |
ਪਰਮਿੰਦਰ ਸਿੰਘ ਬਾਲਿਆਂਵਾਲੀ ਦਾ ਕਹਿਣਾ ਸੀ ਕਿ ਪੜਤਾਲ ਕਰਨ 'ਤੇ ਪਤਾ ਲੱਗਾ ਹੈ ਕਿ ਭਾਜਪਾ ਨੇ ਪਹਿਲਾਂ ਇਕ ਯੋਜਨਾ ਬਣਾਈ ਕਿ ਜਿਸ ਦਿਨ ਸੌਦਾ ਸਾਧ ਨੂੰ ਪੌਰੋਲ 'ਤੇ ਰਿਹਾਅ ਕਰਵਾਇਆ ਜਾਵੇ, ਉਸ ਦਿਨ ਅਰਦਾਸ ਦਾ ਰੌਲਾ ਵੀ ਪੁਆਇਆ ਜਾਵੇ | ਗੁਰਮੇਲ ਸਿੰਘ ਖ਼ਾਲਸਾ ਨੂੰ ਮੋਟੀ ਰਕਮ ਦੇ ਕੇ ਤਿਆਰ ਕੀਤਾ ਗਿਆ | ਇਕ ਦਿਨ ਪਹਿਲਾਂ ਗੁਰਮੇਲ ਸਿੰਘ ਨਵਾਂ ਟਰੈਕਟਰ ਲੈ ਕੇ ਆਇਆ | ਜਿਸ ਦਿਨ ਅਰਦਾਸ ਹੋਈ, ਉਸ ਦਿਨ ਇਕ ਪਜੈਰੋ ਗੱਡੀ ਗੁਰਮੇਲ ਸਿੰਘ ਕੋਲ ਆਈ, ਜਿਸ ਵਿਚ ਬਾਡੀਗਾਰਡਾਂ ਨਾਲ ਲੈੱਸ ਸਫ਼ੈਦਪੋਸ਼ ਵੀ ਸਨ | ਕੀ ਇਹ ਸਬੂਤ ਕਾਫ਼ੀ ਨਹੀਂ ਕਿ ਗੁਰਮੇਲ ਸਿੰਘ ਤੋਂ ਕਿਸੇ ਹੋਰ ਨੇ ਦੰਗੇ ਭੜਕਾਉਣ ਖ਼ਾਤਰ ਇਕ ਯੋਜਨਾ ਤਹਿਤ ਇਹ ਕਾਰਜ ਕਰਵਾਇਆ ਗਿਆ |
ਉਨ੍ਹਾਂ ਕਿਹਾ ਕਿ ਗੁਰੂ ਘਰਾਂ 'ਚ ਗ੍ਰੰਥ ਸਾਹਿਬ ਦਾ ਅਗਨਭੇਂਟ ਹੋਣਾ ਕੋਈ ਇਤਫਾਕ ਨਹੀਂ, ਸਗੋਂ ਭਾਜਪਾ ਦੀ ਇਸੇ ਯੋਜਨਾ ਦਾ ਹਿੱਸਾ ਹੈ | ਜਿਨ੍ਹਾਂ ਨੂੰ ਸ਼ਾਰਟ ਸਰਕਟ ਨਾਲ ਅੱਗ ਲੱਗਣਾ ਕਹਿ ਦਿਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕੇਂਦਰ ਸਰਕਾਰ ਤੋਂ ਐਨਾ ਡਰ ਚੁੱਕੀ ਹੈ, ਜਿਵੇਂ ਕਿਹਾ ਜਾਂਦਾ ਹੈ, ਉਵੇਂ ਹੀ ਕੀਤਾ ਜਾ ਰਿਹਾ ਹੈ | ਉਹ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੰਦੇ ਹਨ ਕਿ ਭਾਜਪਾ ਦੀ ਯੋਜਨਾ ਨੂੰ ਫ਼ੇਲ੍ਹ ਕਰਨ ਲਈ ਯੋਗ ਕਦਮ ਚੁੱਕੇ ਜਾਣ, ਨਹੀਂ ਫਿਰ ਸਿੱਖ ਆਪਣੇ ਰੀਤੀ ਰਿਵਾਜਾਂ ਅਨੁਸਾਰ ਦੋਸ਼ੀਆਂ ਦੇ ਸੋਧੇ ਲਗਾਉਣ ਲਈ ਮਜਬੂਰ ਹੋਣਗੇ | ਜਿਨ੍ਹਾਂ ਦੀ ਸਿੱਖ ਜਥੇਬੰਦੀਆਂ ਵਲੋਂ ਹਮਾਇਤ ਵੀ ਕੀਤੀ ਜਾਵੇਗੀ |
ਗੁਰਮੇਲ ਸਿੰਘ ਖ਼ਾਲਸਾ ਨੇ ਅੱਜ ਵੀ ਕਿਹਾ, ਸੰਤਾਂ ਨੂੰ ਗੁਰਦੁਆਰਾ ਸਾਹਿਬ 'ਚ ਲਿਆਂਦਾ ਜਾਵੇਗਾ
ਥਾਣਾ ਸਦਰ ਬਠਿੰਡਾ ਪੁਲਿਸ ਨੇ ਅੱਜ ਗੁਰਮੇਲ ਸਿੰਘ ਖ਼ਾਲਸਾ ਨੂੰ ਅਦਾਲਤ 'ਚ ਪੇਸ਼ ਕਰ ਕੇ ਹੋਰ ਪੁਛਗਿੱਛ ਲਈ 24 ਮਈ ਤੱਕ ਦਾ ਰਿਮਾਂਡ ਹਾਸਲ ਕੀਤਾ | ਅਦਾਲਤ 'ਚੋਂ ਬਾਹਰ ਆਉਂਦਿਆਂ ਹੀ ਉਸ ਨੇ ਸੌਦਾ ਸਾਧ ਦਾ ਗੁਣਗਾਣ ਸ਼ੁਰੂ ਕਰ ਦਿਤਾ | ਉਸ ਨੇ ਕਿਹਾ ਕਿ ਭਾਵੇਂ ਉਸ ਨੂੰ ਗੋਲੀ ਮਾਰ ਦਿਉ, ਪਰ ਉਹ ਅਪਣੀ ਗੱਲ 'ਤੇ ਖੜਾ ਹੈ | ਜਦੋਂ ਵੀ ਰਿਹਾਅ ਹੋਇਆ, ਉਦੋਂ ਹੀ ਬੜੇ ਸਤਿਕਾਰ ਨਾਲ ਸੌਦਾ ਸਾਧਾ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਲਿਆਵੇਗਾ |
ਭਾਜਪਾ ਖ਼ਾਲਸਾ ਦੇ ਹੱਕ 'ਚ ਸ਼ਰੇਆਮ ਨਿੱਤਰੀ
ਭਾਜਪਾ ਪੰਜਾਬ ਦੇ ਜਨਰਲ ਸਕੱਤਰ ਸੁਖਪਾਲ ਸਿੰਘ ਸਰਾਂ, ਜ਼ਿਲ੍ਹਾ ਪ੍ਰਧਾਨ ਵਿਨੋਦ ਬਿੰਟਾ, ਐਸ.ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਅਟਵਾਲ ਨੇ ਐਸ.ਐਸ.ਪੀ. ਭੁਪਿੰਦਰਜੀਤ ਸਿੰਘ ਵਿਰਕ ਨੂੰ ਮਿਲ ਕੇ ਮੰਗ ਕੀਤੀ ਹੈ ਕਿ ਖ਼ਾਲਸਾ ਵਿਰੁਧ ਦਰਜ ਮੁਕੱਦਮਾ ਰੱਦ ਕੀਤਾ ਜਾਵੇ | ਕਿਉਂਕਿ ਕਿਸੇ ਵੀ ਧਾਰਮਕ ਸਥਾਨ 'ਤੇ ਅਰਦਾਸ ਬੇਨਤੀ ਕਰਨਾ ਹਰੇਕ ਭਾਰਤੀ ਦਾ ਹੱਕ ਹੈ | ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਤੇ ਪੰਜਾਬ 'ਚ ਦਲਿਤ ਮੁੱਖ ਮੰਤਰੀ ਦੇ ਐਲਾਨ ਦਾ ਸਵਾਗਤ ਕੀਤਾ, ਇਹ ਗ਼ਲਤ ਨਹੀਂ ਹੈ | ਇਸ ਲਈ ਉਸ ਨੂੰ ਰਿਹਾਅ ਕੀਤਾ ਜਾਵੇ |
ਫੋਟੋ : 21ਬੀਟੀਡੀ1
ਐੱਸ.ਐੱਸ.ਪੀ. ਨੂੰ ਮਿਲ ਕੇ ਆਇਆ ਸ਼ੋ੍ਰਮਣੀ ਅਕਾਲੀ ਦਲ ਮਾਨ ਦਾ ਵਫਦ -ਇਕਬਾਲ
ਫੋਟੋ : 21ਬੀਟੀਡੀ2
ਅਦਾਲਤ ਦੇ ਬਾਹਰ ਪੁਲਸ ਹਿਰਾਸਤ ਵਿਚ ਗੁਰਮੇਲ ਸਿੰਘ ਖਾਲਸਾ -ਇਕਬਾਲ