ਮੌੜ ਬੰਬ ਕਾਂਡ 'ਚ ਵੱਡੀ ਕਾਰਵਾਈ : ਤਤਕਾਲੀ SHO ਸ਼ਿਵ ਚੰਦ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

16 ਜੁਲਾਈ ਨੂੰ ਅਦਾਲਤ 'ਚ ਪੇਸ਼ ਹੋਣ ਦਾ ਦਿਤਾ ਹੁਕਮ 

maur incident

ਇਸ ਹਾਦਸੇ 'ਚ 5 ਬੱਚਿਆਂ ਸਮੇਤ ਹੋਈ ਸੀ 7 ਲੋਕਾਂ ਦੀ ਮੌਤ 
ਤਤਕਾਲੀ SHO ਸ਼ਿਵ ਚੰਦ ਹੁਣ DSP ਦੇ ਅਹੁਦੇ 'ਤੇ ਹਨ ਤੈਨਾਤ 
ਚਾਰ ਵਾਰ ਵਾਰੰਟ ਭੇਜੇ ਜਾਣ ਦੇ ਬਾਵਜੂਦ ਅਦਾਲਤ 'ਚ ਨਹੀਂ ਹੋਏ ਸਨ ਹਾਜ਼ਰ
ਚੰਡੀਗੜ੍ਹ :
2017 ਵਿੱਚ ਬਠਿੰਡਾ ਦੇ ਕਸਬਾ ਮੌੜ ਮੰਡੀ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਹੋਏ ਬੰਬ ਬਲਾਸਟ ਦੇ ਮਾਮਲੇ 'ਚ ਤਲਵੰਡੀ ਸਾਬੋ ਮਾਣਯੋਗ ਅਦਾਲਤ ਵੱਲੋਂ ਸਖ਼ਤ ਕਾਰਵਾਈ ਕਰਦੇ ਹੋਏ ਤਤਕਾਲੀ ਐਸਐਚਓ ਸ਼ਿਵ ਚੰਦ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇੱਥੇ ਦੱਸਣਯੋਗ ਹੈ ਕਿ ਤਤਕਾਲੀ ਐਸਐਚਓ ਹੁਣ ਤਰੱਕੀ ਲੈ ਕੇ ਡੀਐਸਪੀ ਬਣ ਚੁੱਕੇ ਹਨ।

ਉਸ ਸਮੇਂ ਸ਼ਿਵ ਚੰਦ ਥਾਣਾ ਮੌੜ ਦੇ  ਐੱਸ ਐੱਚ ਓ ਲੱਗੇ ਹੋਏ ਸਨ ਅਤੇ ਬਤੌਰ ਆਈ ਓ ਮਾਣਯੋਗ ਤਲਵੰਡੀ ਸਾਬੋ  ਅਦਾਲਤ ਵੱਲੋਂ ਉਨ੍ਹਾਂ ਨੂੰ ਚਾਰ ਵਾਰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ।  21 ਦਸੰਬਰ, 14 ਫਰਵਰੀ, 26 ਅਪ੍ਰੈਲ ਅਤੇ 13 ਮਈ ਨੂੰ ਆਈ ਓ ਸ਼ਿਵ ਚੰਦ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਵਾਰ-ਵਾਰ ਮਾਣਯੋਗ ਅਦਾਲਤ ਵੱਲੋਂ ਤਲਬ ਕੀਤੇ ਜਾਣ ਦੇ ਬਾਵਜੂਦ ਤਤਕਾਲੀ ਐੱਸਐੱਚਓ ਸ਼ਿਵ ਚੰਦ ਅਦਾਲਤ ਵਿਚ ਪੇਸ਼ ਨਹੀਂ ਹੋਏ। ਜਿਸ ਦੇ ਚੱਲਦੇ ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।

ਦੱਸਣਯੋਗ ਹੈ ਕਿ ਅਦਾਲਤ ਤਲਵੰਡੀ ਸਾਬੋ ਵੱਲੋਂ ਅਗਲੀ ਸੁਣਵਾਈ ਦੀ ਤਰੀਕ 16 ਜੁਲਾਈ ਦੀ ਦਿਤੀ ਗਈ ਹੈ। ਤਤਕਾਲੀ ਐੱਸਐੱਚਓ ਸ਼ਿਵ ਚੰਦ ਹੁਣ ਡੀਐੱਸਪੀ ਪ੍ਰਮੋਟ ਹੋ ਚੁੱਕੇ ਹਨ ਅਤੇ ਮੌੜ ਬੰਬ ਬਲਾਸਟ ਕਾਂਡ ਦੇ  ਇਨਵੈਸਟੀਗੇਸ਼ਨ ਅਫਸਰ ਵੀ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਸੀ। 

ਇੱਥੇ ਦੱਸਣਯੋਗ ਹੈ ਕਿ 2017 ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਚੋਣ ਜਲਸੇ ਦੌਰਾਨ ਮੌੜ ਮੰਡੀ ਵਿਖੇ ਬੰਬ ਬਲਾਸਟ ਹੋਇਆ ਸੀ।   ਇਸ ਬਲਾਸਟ ਦੌਰਾਨ ਪੰਜ ਬੱਚਿਆਂ ਸਣੇ ਸੱਤ ਲੋਕਾਂ ਦੀ ਮੌਤ ਹੋ ਗਈ ਸੀ ਪਰ ਪੁਲਿਸ ਦੁਆਰਾ ਇਸ ਮਾਮਲੇ ਵਿੱਚ ਹਾਲੇ ਤਕ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।   ਭਾਵੇਂ ਇਸ ਮਾਮਲੇ ਵਿੱਚ ਸਿੱਟ ਵੀ ਬਣਾਈ ਗਈ ਸੀ। ਹੁਣ ਮਾਣਯੋਗ ਤਲਵੰਡੀ ਸਾਬੋ  ਅਦਾਲਤ ਵੱਲੋਂ IO ਸ਼ਿਵਚੰਦ ਦੇ ਜਾਰੀ ਕੀਤੇ ਗ੍ਰਿਫ਼ਤਾਰ ਵਾਰੰਟ ਨਾਲ ਪੀੜਤਾਂ ਨੂੰ ਇੱਕ ਵਾਰ ਫਿਰ ਇਨਸਾਫ ਦੀ ਆਸ ਜਾਗੀ ਹੈ।