ਪਟਿਆਲਾ ਦੇ ਗੁਰਦੁਆਰਾ ਸਾਹਿਬ 'ਚ ਵਾਪਰੀ ਮੰਦਭਾਗੀ ਘਟਨਾ, ਔਰਤ ਦੀ ਗਈ ਜਾਨ, ਪੁੱਤ ਦੀ ਹਾਲਤ ਗੰਭੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

Tragic incident at Gurdwara dukhniwaran Sahib, Patiala

ਪਟਿਆਲਾ : ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਇੱਕ ਕਮਰੇ ਵਿੱਚ ਬੀਤੀ ਰਾਤ ਇੱਕ ਸੁੱਤੀ ਹੋਈ ਔਰਤ ਅਤੇ ਉਸ ਦੇ ਪੁੱਤਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਦੋਵਾਂ ਨੇ ਨਾਲ ਲੱਗਦੇ ਕੁਆਰਟਰ ਵੱਲ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਉੱਥੇ ਵੀ ਪਹੁੰਚ ਗਏ।

ਦੋਹਾਂ ਨੂੰ ਰਾਤ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਔਰਤ ਸਤਿੰਦਰ ਕੌਰ (47) ਦੀ ਇਲਾਜ ਦੌਰਾਨ ਮੌਤ ਹੋ ਗਈ। ਪੁੱਤਰ ਮਨਪ੍ਰੀਤ ਸਿੰਘ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪਟਿਆਲਾ ਦੇ ਸ੍ਰੀ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਦੇ ਪਿੱਛੇ ਸੇਵਾਦਾਰਾਂ ਲਈ ਕੁਆਰਟਰ ਬਣਾਏ ਗਏ ਹਨ।

ਇਨ੍ਹਾਂ ਵਿੱਚੋਂ ਇੱਕ ਔਰਤ ਸਤਿੰਦਰ ਕੌਰ (47) ਆਪਣੇ ਲੜਕੇ ਮਨਪ੍ਰੀਤ ਸਿੰਘ (23) ਨਾਲ 70 ਨੰਬਰ ਕੁਆਰਟਰ ਵਿੱਚ ਰਹਿੰਦੀ ਸੀ। ਰਾਤ ਸਮੇਂ ਇਕ ਵਿਅਕਤੀ ਨੇ ਕੁਆਰਟਰ ਵਿਚ ਦਾਖਲ ਹੋ ਕੇ ਦੋਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਦੋਵੇਂ ਜ਼ਖਮੀ ਹਾਲਤ 'ਚ ਨੇੜਲੇ ਕੁਆਰਟਰਾਂ 'ਚ ਲੁਕ ਗਏ ਪਰ ਹਮਲਾਵਰ ਨੇ ਉਥੇ ਵੀ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਜਦੋਂ ਕੁਆਰਟਰ ਵਿੱਚ ਰਹਿੰਦੇ ਪਰਿਵਾਰ ਵਾਲੇ ਬਾਹਰ ਆਏ ਤਾਂ ਹਮਲਾਵਰ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ।

ਸਤਿੰਦਰ ਕੌਰ ਅਤੇ ਮਨਪ੍ਰੀਤ ਸਿੰਘ ਨੂੰ ਰਾਤ ਨੂੰ ਹੀ ਆਸ-ਪਾਸ ਦੇ ਲੋਕਾਂ ਨੇ ਹਸਪਤਾਲ ਦਾਖਲ ਕਰਵਾਇਆ। ਉਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ। ਮਨਪ੍ਰੀਤ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਮੁੱਢਲੀ ਜਾਣਕਾਰੀ ਅਨੁਸਾਰ ਹਮਲਾਵਰ ਔਰਤ ਨੂੰ ਜਾਣਦਾ ਸੀ। ਉਹ ਉਸ ਦੇ ਕੁਆਰਟਰਾਂ 'ਚ ਆਉਂਦਾ-ਜਾਂਦਾ ਰਹਿੰਦਾ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਔਰਤ ਅਤੇ ਉਕਤ ਹਮਲਾਵਰ ਵਿਚਾਲੇ ਤਕਰਾਰ ਚੱਲ ਰਹੀ ਸੀ। ਇਸ ਕਾਰਨ ਉਸ ਨੇ ਤੇਜ਼ਧਾਰ ਹਥਿਆਰ ਨਾਲ ਔਰਤ ਅਤੇ ਉਸ ਦੇ ਪੁੱਤਰ ਨੂੰ ਵੱਢ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਘਟਨਾ ਦੇ ਕਾਰਨਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪਟਿਆਲਾ ਤੋਂ DSP ਮੋਹਿਤ ਅਗਰਵਾਲ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਘਟਨਾ ਦੀ ਸੂਚਨਾ ਰਾਤ ਸਮੇਂ ਮਿਲੀ ਸੀ। ਥਾਣਾ ਅਨਾਜ ਮੰਡੀ ਤੋਂ ਪੁਲਿਸ ਟੀਮ ਇੱਥੇ ਪੁੱਜੀ ਸੀ ਅਤੇ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਨ। ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਦੇਰ ਰਾਤ ਉਨ੍ਹਾਂ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਸ 'ਚ ਸਤਿੰਦਰ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ।