ਬਿਨਾਂ ਨੰਬਰ ਪਲੇਟ ਦੇ ਅਲਟੋ ਕਾਰ ਸਮੇਤ 2 ਕਾਬੂ, ਵੇਚਣ ਚੱਲੇ ਸੀ ਗੱਡੀ 

ਏਜੰਸੀ

ਖ਼ਬਰਾਂ, ਪੰਜਾਬ

ਸਖ਼ਤੀ ਨਾਲ ਪੁੱਛਣ 'ਤੇ ਦੱਸਿਆ ਕਿ ਇਹ ਕਾਰ ਉਹਨਾਂ ਨੇ ਮੋਹਾਲੀ ਦੇ ਏਰੀਆ ਵਿਚੋਂ ਚੋਰੀ ਕੀਤੀ ਹੈ

File Photo

ਚੰਡੀਗੜ੍ਹ -  ਸੀਨੀਅਰ ਕਪਤਾਨ ਪੁਲਿਸ, ਸੰਦੀਪ ਗਰਗ ਆਈ.ਪੀ.ਐੱਸ ਜ਼ਿਲ੍ਹਾ ਮੁਹਾਲੀ ਦੇ ਅਦੇਸ਼ਾਂ ਅਨੁਸਾਰ, ਅਕਾਸ਼ਦੀਪ ਸਿੰਘ ਔਲਖ ਪੀ.ਪੀ.ਐੱਸ ਅਤੇ ਉੱਪ ਕਪਤਾਨ ਪੁਲਿਸ ਸ਼ਹਿਰੀ-2, ਹਰਸਿਮਰਨ ਬੱਲ, ਪੀ.ਪੀ.ਐੱਸ ਜੀ ਦੀ ਅਗਵਾਈ ਹੇਠ ਪ੍ਰੀਆ ਖੇੜਾ ਡੀ.ਐੱਸ.ਪੀ (ਪ੍ਰੋਬੇਸ਼ਨਰ)/ਮੁੱਖ ਅਫ਼ਸਰ ਥਾਣਾ ਫੇਜ਼-11, ਮੋਹਾਲੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ, ਵਹੀਕਲ ਚੋਰਾਂ ਅਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।

ਮਿਤੀ 19-05-2023 ਨੂੰ ਜਸਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਸ਼ੱਕੀ ਵਿਅਕਤੀਆਂ ਦੇ ਸਬੰਧ ਵਿਚ ਬਾਵਾ ਵਾਈਟ ਹਾਊਸ ਲਾਇਟਾਂ, ਫੇਜ਼-11, ਮੋਹਾਲੀ ਵਿਖੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਇੱਕ ਅਲਟੋ ਕਾਰ ਜੋ ਕਿ ਬਿਨ੍ਹਾਂ ਨੰਬਰ ਪਲੇਟ ਦੇ ਸੀ ਉਸ ਨੂੰ ਰੋਕਿਆ ਗਿਆ। ਜਿਸ ਦੇ ਚਾਲਕ ਨੇ ਆਪਣਾ ਨਾਮ ਸੋਨੂੰ ਪੁੱਤਰ ਚੌਥੀ ਸਿੰਘ ਵਾਸੀ ਗੂਗਾ ਮਾੜੀ ਦੇ ਪਿਛਲੇ ਪਾਸੇ ਪਿੰਡ ਭਬਾਤ, ਜੀਰਕਪੁਰ, ਮੋਹਾਲੀ ਅਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਮ ਰੋਹਿਤ ਦੁੱਗਲ ਪੁੱਤਰ ਅਮਰਨਾਥ ਦੁੱਗਲ ਵਾਸੀ ਪਿੰਡ ਦਸਹੀਆਂ, ਥਾਣਾ ਸਦਰ ਰੋਹਤਕ, ਹਰਿਆਣਾ ਹਾਲ ਵਾਸੀ ਮਕਾਨ ਨੰਬਰ-466, ਅੰਬ ਸਾਹਿਬ ਕਲੋਨੀ, ਫੇਜ਼-11, ਮੋਹਾਲੀ ਦੱਸਿਆ।

ਜਿੰਨਾ ਨੂੰ ਸਖ਼ਤੀ ਨਾਲ ਪੁੱਛਣ 'ਤੇ ਦੱਸਿਆ ਕਿ ਇਹ ਕਾਰ ਉਹਨਾਂ ਨੇ ਮੋਹਾਲੀ ਦੇ ਏਰੀਆ ਵਿਚੋਂ ਚੋਰੀ ਕੀਤੀ ਹੈ। ਜਿਸ ਨੂੰ ਵੇਚਣ ਲਈ ਉਹ ਚੰਡੀਗੜ੍ਹ ਜਾ ਰਹੇ ਸੀ। ਜਿਸ 'ਤੇ ਦੋਸ਼ੀਆਂ ਖਿਲਾਫ਼ ਮੁਕੱਦਮਾ ਨੰਬਰ 58 ਮਿਤੀ 19-05-2023 ਅ/ਧ 379, 411 ਹਿੰ:ਦੰ: ਥਾਣਾ ਫੇਜ਼-11, ਮੋਹਾਲੀ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਉਕਤਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਦੋਸ਼ੀਆਂ ਉਕਤਾਨ ਨੂੰ ਮਿਤੀ 19-05-2023 ਨੂੰ ਪੇਸ਼ ਅਦਾਲਤ ਕਰਕੇ ਦੋਸ਼ੀਆਂ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਦੋਸ਼ੀ ਪੁਲਿਸ ਰਿਮਾਂਡ ਪਰ ਹਨ। ਦੋਸ਼ੀ ਚੋਰੀਆਂ ਕਰਨ ਅਤੇ ਨਸ਼ਾ ਵੇਚਣ ਦੇ ਆਦੀ ਹਨ। ਦੌਰਾਨੇ ਪੁਲਿਸ ਰਿਮਾਂਡ ਪੁੱਛਗਿਛ ਦੌਰਾਨ ਜੇਕਰ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸ ਖਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।