ਫ਼ੋਨ ਹੈਕਰਾਂ ਤੋਂ ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
ਵਟਸਐਪ ’ਤੇ ਪ੍ਰਵਾਰਕ ਫ਼ੋਟੋਆਂ ਪਾ ਕੇ ਪੈਸੇ ਲੈਣ ਦੀਆਂ ਧਮਕੀਆਂ ਦਿੰਦੇ ਸਨ।
ਫ਼ਿਰੋਜ਼ਪੁਰ : ਮੁੱਦਕੀ ਕਸਬੇ ਦੇ ਇਕ ਵਿਅਕਤੀ ਵਲੋਂ ਮੋਬਾਈਲ ਫ਼ੋਨ ਹੈਕਰਾਂ ਤੋਂ ਤੰਗ ਪ੍ਰੇਸ਼ਾਨ ਹੋਣ ਕਾਰਨ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।
ਪ੍ਰਵਾਰਕ ਮੈਂਬਰਾਂ ਵਲੋਂ ਪੈੱ੍ਰਸ ਨੂੰ ਖ਼ੁਦਕੁਸ਼ੀ ਰੁੱਕੇ ਦੀ ਕਾਪੀ ਦਿਤੀ ਗਈ। 42 ਸਾਲਾ ਵਿਅਕਤੀ ਪ੍ਰਭਜੀਤ ਸਿੰਘ ਭੁੱਲਰ ਪੁੱਤਰ ਬਲਬੀਰ ਸਿੰਘ ਭੁੱਲਰ ਵਾਸੀ ਫ਼ਰੀਦਕੋਟ ਰੋਡ ਮੁੱਦਕੀ ਨੇ ਅਪਣੇ ਖ਼ੁਦਕੁਸ਼ੀ ਰੁੱਕੇ ਵਿਚ ਲਿਖਿਆ ਕਿ ਫ਼ੋਨ ਹੈਕਰਾਂ ਵਲੋਂ ਮੇਰਾ ਫ਼ੋਨ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਹੈਕ ਕੀਤਾ ਹੋਇਆ ਹੈ। ਉਨ੍ਹਾਂ ਕੋਲ ਮੇਰੇ ਫ਼ੋਨ ਦੇ ਸੰਪਰਕ ਨੰਬਰ, ਆਧਾਰ ਕਾਰਡ, ਪੈਨ ਕਾਰਡ ਅਤੇ ਪ੍ਰਵਾਰਕ ਤਸਵੀਰਾਂ ਤੇ ਹੋਰ ਪਰਸਨਲ ਡਾਟਾ ਵੀ ਹੈ। ਉਹ ਮੈਨੂੰ ਕਾਫ਼ੀ ਲੰਮੇ ਸਮੇਂ ਤੋਂ ਬਲੈਕਮੇਲ ਕਰ ਰਹੇ ਹਨ। ਉਹ ਮੈਨੂੰ ਵੱਖ-ਵੱਖ ਫੇਕ ਨੰਬਰਾਂ ਤੋਂ ਕਾਲਾਂ ਕਰਦੇ ਰਹੇ, ਜਿਨ੍ਹਾਂ ’ਤੇ ਬੈਂਕ ਕਾਲ ਕਦੇ ਨਹੀਂ ਸੀ ਲੱਗੀ। ਵਟਸਐਪ ’ਤੇ ਪ੍ਰਵਾਰਕ ਫ਼ੋਟੋਆਂ ਪਾ ਕੇ ਪੈਸੇ ਲੈਣ ਦੀਆਂ ਧਮਕੀਆਂ ਦਿੰਦੇ ਸਨ।
ਜੇਕਰ ਪੈਸੇ ਨਾ ਦਿਤੇ ਤਾਂ ਪ੍ਰਵਾਰ ਦੀਆਂ ਫ਼ੋਟੋਆਂ ਗਲਤ ਤਰੀਕੇ ਨਾਲ ਐਡਿਟ ਕਰ ਕੇ ਤੇਰੇ ਸਾਰੇ ਸੰਪਰਕ ਨੰਬਰਾਂ ’ਤੇ ਵਾਇਰਲ ਕਰ ਦਿਆਂਗੇ। ਉਨ੍ਹਾਂ ਮੈਨੂੰ ਇਹ ਵੀ ਧਮਕੀ ਦਿਤੀ ਕਿ ਜੇਕਰ ਤੂੰ ਫ਼ੋਨ ਬਦਲਿਆ ਤਾਂ ਇਸ ਦੇ ਨੁਕਸਾਨ ਦਾ ਜ਼ਿੰਮੇਵਾਰ ਤੂੰ ਖ਼ੁਦ ਹੋਵੇਗਾ। ਅਪਣੇ ਖ਼ੁਦਕੁਸ਼ੀ ਰੁੱਕੇ ਰਾਹੀਂ ਅਪਣੇ ਪ੍ਰਵਾਰ ਅਤੇ ਬੱਚਿਆਂ ਤੋਂ ਮੁਆਫ਼ੀ ਵੀ ਮੰਗੀ ਹੈ ਤੇ ਇਹ ਵੀ ਲਿਖਿਆ ਹੈ ਇਹ ਫ਼ੈਸਲਾ ਮੇਰਾ ਅਪਣਾ ਹੈ ਅਤੇ ਹੈਕਰਾਂ ਤੋਂ ਬਿਨਾਂ ਇਸ ਪਿੱਛੇ ਮੇਰੇ ਕਿਸੇ ਵੀ ਰਿਸ਼ਤੇਦਾਰ, ਸਕੇ ਸਬੰਧੀ ਦਾ ਕੋਈ ਰੋਲ ਨਹੀਂ ਹੈ। ਪ੍ਰਭਜੀਤ ਸਿੰਘ ਅਪਣੇ ਪਿੱਛੇ ਪਤਨੀ ਹਰਜੀਤ ਕੌਰ, ਬੇਟੀ ਅਨੁਰੀਤ ਕੌਰ ਅਤੇ ਅਪਣੇ ਪੁੱਤਰ ਗੁਰਮੀਤ ਸਿੰਘ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ।