ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਦਰਸਾਈ ਜੀਵਨ-ਜਾਚ ਅਪਨਾਉਣ ਦਾ ਸੱਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਜੀ ਦੀ ਲਾਸਾਨੀ ਸ਼ਹਾਦਤ, ਹੱਕ-ਸੱਚ ਦੇ ਮਾਰਗ ਦੇ ਪਾਂਧੀਆਂ ਲਈ ਹਮੇਸ਼ਾ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਪ੍ਰੇਰਣਾਸਰੋਤ ਬਣੀ ਰਹੇਗੀ

Speaker Sandhwan

 

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਲੋਕਾਂ ਨੂੰ ਮਾਨਵਤਾ, ਧਾਰਮਿਕ ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਲਈ ਆਪਣੀ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਅਤੇ ਸ਼ਾਂਤੀ ਦੇ ਪੁੰਜ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਦਰਸਾਈ ਗਈ ਜੀਵਨ-ਜਾਚ ਅਪਨਾਉਣ ਦਾ ਸੱਦਾ ਦਿਤਾ ਹੈ।

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੀ ਪੂਰਬਲੀ ਸ਼ਾਮ ਆਪਣੇ ਸੰਦੇਸ਼ ਵਿਚ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਚਮ ਪਾਤਿਸ਼ਾਹ ਨੇ ਧਰਮ ਅਤੇ ਸੱਚ ਦੀ ਰਾਖੀ ਲਈ ਲਾਸਾਨੀ ਸ਼ਹਾਦਤ ਦਿਤੀ ਅਤੇ ਇਸ ਅਜ਼ੀਮ ਸ਼ਹਾਦਤ ਨੇ ਹੀ ਮੁਲਕ ਵਿੱਚੋਂ ਜ਼ਾਲਮ ਮੁਗ਼ਲ ਹਕੂਮਤ ਦੇ ਖ਼ਾਤਮੇ ਦਾ ਮੱਢ ਬੰਨ੍ਹਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ, ਹੱਕ-ਸੱਚ ਦੇ ਮਾਰਗ ਦੇ ਪਾਂਧੀਆਂ ਲਈ ਹਮੇਸ਼ਾ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਪ੍ਰੇਰਣਾਸਰੋਤ ਬਣੀ ਰਹੇਗੀ।

ਉਨ੍ਹਾਂ ਕਿਹਾ ਕਿ ਬਾਣੀ ਦੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਜਾਗਦੀ ਜੋਤ ਜਗਤ ਗੁਰੂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’, ਪੂਰੇ ਸੰਸਾਰ ਦੇ ਲੋਕਾਂ ਨੂੰ ਅਜਿਹੀ ਅਦੁੱਤੀ ਅਤੇ ਵਿਲੱਖਣ ਦੇਣ ਹਨ, ਜਿਨ੍ਹਾਂ ਤੋਂ ਪੂਰੀ ਮਾਨਵਤਾ ਹਮੇਸ਼ਾ ਲਈ ਅਗਵਾਈ ਲੈਂਦੀ ਰਹੇਗੀ। ਉਨ੍ਹਾਂ ਕਿਹਾ ਕਿ ਮਹਾਨ ਗੁਰੂ ਜੀ ਦੇ ਉੱਚੇ-ਸੁੱਚੇ ਵਿਚਾਰਾਂ ਨੂੰ ਅਪਨਾਉਣਾ ਅਤੇ ਹੱਕ-ਸੱਚ ਦੀ ਰਾਖੀ ਕਰਨ ਲਈ ਅੱਗੇ ਆਉਣਾ ਹੀ ਉਨ੍ਹਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ।